ਪੰਜਾਬ ''ਚ SIR ਲਈ ਸਰਗਰਮੀਆਂ ਸ਼ੁਰੂ! ਸਿਆਸੀ ਪਾਰਟੀਆਂ ਨੂੰ BLA ਨਿਯੁਕਤ ਕਰਨ ਦੀ ਅਪੀਲ
Saturday, May 16, 2026 - 11:19 AM (IST)
ਚੰਡੀਗੜ੍ਹ (ਹਰੀਸ਼ਚੰਦਰ)- ਪੰਜਾਬ ਦੀ ਮੁੱਖ ਚੋਣ ਅਫ਼ਸਰ ਅਨਿੰਦਿਤਾ ਮਿੱਤਰਾ ਨੇ ਸਾਰੀਆਂ ਰਜਿਸਟਰਡ ਅਤੇ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਐੱਸ. ਆਈ. ਆਰ. ਸਬੰਧੀ ਬੂਥ ਲੈਵਲ ਏਜੰਟ (ਬੀ. ਐੱਲ. ਏ.) ਦੀਆਂ ਨਿਯੁਕਤੀਆਂ ਜਲਦ ਕਰ ਦੇਣ, ਤਾਂ ਜੋ ਇਨ੍ਹਾਂ ਬੀ. ਐੱਲ. ਏ. ਨੂੰ ਬੀ. ਐੱਲ. ਓ. ਦੇ ਨਾਲ ਸਮੇਂ ਸਿਰ ਸਿਖਲਾਈ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਬੀ. ਐੱਲ. ਏ. ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਅਤੇ ਐੱਸ. ਆਈ. ਆਰ. ਦੇ ਹਰੇਕ ਪੜਾਅ ਵਿਚ ਬੀ. ਐੱਲ. ਓਜ਼ ਵੱਲੋਂ ਬੀ. ਐੱਲ. ਏਜ਼ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇਗੀ, ਤਾਂ ਜੋ ਪੂਰੀ ਪ੍ਰਕਿਰਿਆ ਦੀ ਪਾਰਦਰਸ਼ਤਾ ਬਣੀ ਰਹੇ।
ਭਾਰਤੀ ਚੋਣ ਕਮਿਸ਼ਨ ਵੱਲੋਂ ਕਰਵਾਈ ਜਾ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ. ਆਈ. ਆਰ.) ਦੇ ਸਬੰਧ ਵਿਚ ਅੱਜ ਰਾਜ ਦੀਆਂ ਰਜਿਸਟਰਡ ਅਤੇ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਮਿੱਤਰਾ ਨੇ ਕਿਹਾ ਕਿ ਬੀ. ਐੱਲ. ਏ.-1 ਦੀ ਨਿਯੁਕਤੀ ਸਬੰਧੀ ਪ੍ਰਕਿਰਿਆ ਵੀ ਜਲਦ ਪੂਰੀ ਕਰ ਲਈ ਜਾਵੇ। ਐੱਸ. ਆਈ. ਆਰ. ਦੀ ਪੂਰੀ ਪ੍ਰਕਿਰਿਆ ਦੌਰਾਨ ਮੁੱਖ ਚੋਣ ਅਫ਼ਸਰ ਦਫ਼ਤਰ ਪੰਜਾਬ ਸਿਆਸੀ ਪਾਰਟੀਆਂ ਨਾਲ ਲਗਾਤਾਰ ਸੰਪਰਕ ਵਿਚ ਰਹੇਗਾ। ਇਸ ਮੌਕੇ ਉਨ੍ਹਾਂ ਨੇ ਵੋਟਰ ਸਬੰਧੀ ਅਧਿਕਾਰੀਆਂ ਬਾਰੇ ਵੀ ਸਿਆਸੀ ਪਾਰਟੀਆਂ ਨੂੰ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਐੱਸ. ਆਈ. ਆਰ. ਤਹਿਤ ਪੰਜਾਬ ਵਿਚ 25 ਜੂਨ ਤੋਂ 24 ਜੁਲਾਈ, 2026 ਤੱਕ ਬੀ. ਐੱਲ. ਓ. ਘਰ-ਘਰ ਜਾ ਕੇ ਵੋਟਰਾਂ ਦੇ ਫਾਰਮ ਭਰਵਾਉਣਗੇ। ਇਸ ਕੰਮ ਲਈ 24,453 ਬੀ. ਐੱਲ. ਓਜ਼, 2,476 ਸੁਪਰਵਾਈਜ਼ਰ, 117 ਈ. ਆਰ. ਓਜ਼ ਅਤੇ 234 ਏ. ਈ. ਆਰ. ਓਜ਼ ਸਮੇਤ ਪੂਰਾ ਚੋਣ ਅਮਲਾ ਲਗਾਇਆ ਗਿਆ ਹੈ। ਐੱਸ. ਆਈ. ਆਰ. ਸਬੰਧੀ ਬੀ. ਐੱਲ. ਓਜ਼ ਨੂੰ ਸਿਖਲਾਈ ਦੇਣ ਅਤੇ ਹੋਰ ਤਿਆਰੀਆਂ ਦਾ ਕੰਮ 15 ਜੂਨ ਤੋਂ 24 ਜੂਨ ਤੱਕ ਕੀਤਾ ਜਾਵੇਗਾ। ਰਾਜ ਦੇ ਪੇਂਡੂ ਖੇਤਰਾਂ ਵਿਚ 89.58 ਫੀਸਦੀ ਮੈਪਿੰਗ ਹੋ ਚੁੱਕੀ ਹੈ, ਜਦਕਿ ਸ਼ਹਿਰੀ ਖੇਤਰਾਂ ਵਿਚ 73 ਫੀਸਦੀ ਮੈਪਿੰਗ ਦਾ ਕੰਮ ਪੂਰਾ ਹੋ ਚੁੱਕਾ ਹੈ।
ਮੀਟਿੰਗ ਦੌਰਾਨ ਮਾਨਤਾ ਪ੍ਰਾਪਤ ਪਾਰਟੀਆਂ ਵਿਚੋਂ ‘ਆਪ’ ਤੋਂ ਫੈਰੀ ਸੋਫਤ, ਬਸਪਾ ਤੋਂ ਡਾ. ਅਵਤਾਰ ਸਿੰਘ ਕਰੀਮਪੁਰੀ, ਭਾਜਪਾ ਤੋਂ ਐੱਨ. ਕੇ. ਵਰਮਾ, ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਵਾਦੀ) ਤੋਂ ਆਰ. ਐੱਲ. ਮੌਦਗਿਲ ਅਤੇ ਰਣਜੀਤ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਡਾ. ਅਮਰ ਸਿੰਘ ਅਤੇ ਕੈਪਟਨ ਸੰਦੀਪ ਸੰਧੂ, ਸ਼੍ਰੋਮਣੀ ਅਕਾਲੀ ਦਲ ਤੋਂ ਡਾ. ਦਲਜੀਤ ਸਿੰਘ ਚੀਮਾ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਹਾਜ਼ਰ ਸਨ।
ਇਸੇ ਤਰ੍ਹਾਂ, ਰਜਿਸਟਰਡ ਅਤੇ ਗੈਰ-ਮਾਨਤਾ ਪ੍ਰਾਪਤ ਪਾਰਟੀਆਂ ਵਿਚੋਂ ਜੈ ਜਵਾਨ ਜੈ ਕਿਸਾਨ ਪਾਰਟੀ ਦੇ ਮੇਜਰ ਆਰ. ਪੀ. ਐੱਸ. ਮਲਹੋਤਰਾ, ਨੈਸ਼ਨਲਿਸਟ ਜਸਟਿਸ ਪਾਰਟੀ ਤੋਂ ਪੀ. ਕੁਮਾਰ, ਸੱਚੋ ਸੱਚ ਪਾਰਟੀ ਤੋਂ ਸੁੱਚਾ ਲਾਲ, ਸਾਡਾ ਪੰਜਾਬ ਸਾਂਝਾ ਪੰਜਾਬ ਪਾਰਟੀ ਤੋਂ ਸੁਖਦੇਵ ਸਿੰਘ, ਸਮਾਜਿਕ ਸੰਘਰਸ਼ ਪਾਰਟੀ ਤੋਂ ਜਸਵਿੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਮਾਨ ਦੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਕੁਸ਼ਲਪਾਲ ਸਿੰਘ ਮਾਨ ਹਾਜ਼ਰ ਸਨ।
