ਭਾਜਪਾ ਮਹਿਲਾ ਆਗੂਆਂ ਨੇ ਸਾੜਿਆ ਚਾਈਨੀਜ਼ ਸਾਮਾਨ
Friday, Aug 11, 2017 - 04:48 AM (IST)

ਅੰਮ੍ਰਿਤਸਰ, (ਵੜੈਚ)- ਰਾਸ਼ਟਰੀ ਸਵਦੇਸ਼ੀ ਸੁਰੱਖਿਆ ਅਭਿਆਨ ਤਹਿਤ ਵੀਰਵਾਰ ਨੂੰ ਭਾਜਪਾ ਮਹਿਲਾ ਆਗੂਆਂ ਵੱਲੋਂ ਹਾਥੀ ਗੇਟ 'ਤੇ ਚਾਈਨਾ ਦੇ ਸਾਮਾਨ ਦਾ ਬਾਈਕਾਟ ਕਰ ਕੇ ਉਸ ਨੂੰ ਸਾੜਿਆ ਗਿਆ। ਇਸ ਮੌਕੇ ਜੰਗਲਾਤ ਵਿਭਾਗ ਦੀ ਸਾਬਕਾ ਚੇਅਰਪਰਸਨ ਰੀਨਾ ਜੇਤਲੀ ਨੇ ਕਿਹਾ ਕਿ ਚਾਈਨਾ ਸਾਡੇ ਦੇਸ਼ ਤੋਂ ਹੀ ਕਮਾਉਂਦਾ ਹੈ ਅਤੇ ਸਾਨੂੰ ਹੀ ਅੱਖ ਦਿਖਾਉਂਦਾ ਹੈ, ਸਾਨੂੰ ਚਾਈਨੀਜ਼ ਸਾਮਾਨ ਦਾ ਬਾਈਕਾਟ ਤੇ ਭਾਰਤ ਵਿਚ ਇਸ ਨੂੰ ਵਿਕਣ ਤੋਂ ਬੰਦ ਕਰਨਾ ਚਾਹੀਦਾ ਹੈ।
ਇਸ ਮੌਕੇ ਸਾਮਾਨ ਸਾੜਦੇ ਹੋਏ ਪ੍ਰਦੇਸ਼ ਮਹਿਲਾ ਮੋਰਚਾ ਦੀ ਪ੍ਰਧਾਨ ਪ੍ਰੀਤੀ ਤਨੇਜਾ ਨੇ ਕਿਹਾ ਕਿ ਚਾਈਨਾ ਦੇ ਸਾਮਾਨ ਦਾ ਬਾਈਕਾਟ ਕਰ ਕੇ ਅਸੀਂ ਆਪਣੇ ਸ਼ਹੀਦ ਫੌਜੀ ਭਰਾਵਾਂ ਨੂੰ ਸੱਚੀ ਸ਼ਰਧਾਂਜਲੀ ਦੇਵਾਂਗੇ। ਚਾਈਨਾ ਦਾ ਸਾਮਾਨ ਭਾਵੇਂ ਸਸਤਾ ਹੈ ਪਰ ਇਸ ਨਾਲ ਭਾਰਤ ਦੀ ਅਰਥਵਿਵਸਥਾ ਨੂੰ ਖਤਰਾ ਹੈ। ਚੀਨ ਉਸ ਪੈਸੇ ਨੂੰ ਭਾਰਤ ਖਿਲਾਫ ਅੱਤਵਾਦ ਫੈਲਾਉਣ ਵਿਚ ਇਸਤੇਮਾਲ ਕਰ ਰਿਹਾ ਹੈ। ਚਾਈਨੀਜ਼ ਸਾਮਾਨ ਦੇ ਬਾਈਕਾਟ ਦਾ ਸੰਕਲਪ ਲੈਂਦੇ ਹੋਏ ਪ੍ਰਦੇਸ਼ ਭਾਜਪਾ ਸਕੱਤਰ ਜੈ ਸ਼੍ਰੀ ਗੁਲਾਟੀ ਨੇ ਕਿਹਾ ਕਿ ਭਾਵੇਂ ਚਾਈਨਾ ਦਾ ਸਾਮਾਨ ਭਾਰਤੀ ਸਾਮਾਨ ਤੋਂ ਸਸਤਾ ਹੈ ਪਰ ਜੇਕਰ ਅਸੀਂ ਭਾਰਤੀ ਸਾਮਾਨ ਖਰੀਦਦੇ ਹਾਂ ਤਾਂ ਸਾਡਾ ਦੇਸ਼ ਆਰਥਿਕ ਰੂਪ ਨਾਲ ਮਜ਼ਬੂਤ ਹੋਵੇਗਾ, ਉਹੀ ਪੈਸਾ ਸਾਡੇ ਨੌਜਵਾਨਾਂ ਲਈ ਰੁਜ਼ਗਾਰ ਵਿਚ ਕੰਮ ਆਵੇਗਾ।
ਇਸ ਮੌਕੇ ਰਮਾ ਮਹਾਜਨ, ਲਵਲੀਨ ਵੜੈਚ, ਸਤਨਾਮ ਕੌਰ, ਜੋਤੀ ਬਾਲਾ, ਏਕਤਾ ਵੋਹਰਾ, ਗੀਤਾ ਸ਼ਰਮਾ, ਅਲਕਾ ਸ਼ਰਮਾ, ਰਜਿੰਦਰ ਕੌਰ, ਰਮਾ ਸ਼ਰਮਾ, ਨਿਸ਼ਾ ਅਗਰਵਾਲ, ਕਿਰਨ ਖੰਨਾ, ਮਧੂ ਸ਼ਰਮਾ, ਪੁਸ਼ਪਾ, ਪਿੰਕੀ, ਬਬੀਤਾ ਸ਼ਰਮਾ, ਸੀਮਾ ਸ਼ਰਮਾ, ਬਬੀਤਾ ਜੈਸਵਾਲ, ਮਹਿੰਦਰ ਕੌਰ, ਸ਼ਾਰਦਾ, ਇੰਦਰਜੀਤ ਕੌਰ ਆਦਿ ਮੌਜੂਦ ਸਨ।