ਪੰਜਾਬ ’ਚ ਭਾਜਪਾ ਦਾ ਨਵਾਂ ਐਕਸਪੈਰੀਮੈਂਟ, ਕੰਮ ਕਰਨਗੇ ‘ਵਿਚਾਰੇ’ ਨੇਤਾ ਅਤੇ ਕ੍ਰੈਡਿਟ ਲੈਣਗੇ ਇੰਪੋਰਟਿਡ ਨੇਤਾ
Sunday, Oct 06, 2024 - 04:26 PM (IST)
ਜਲੰਧਰ (ਅਨਿਲ ਪਾਹਵਾ) – ਪੰਜਾਬ ਨੂੰ ਲੈ ਕੇ ਭਾਜਪਾ ਨੇ ਪਿਛਲੇ ਦਿਨੀਂ ਵੀ ਕਾਫੀ ਐਕਸਪੈਰੀਮੈਂਟ ਕੀਤੇ ਹਨ, ਜਿਨ੍ਹਾਂ ਦਾ ਨਤੀਜਾ ਹਾਂਪੱਖੀ ਨਜ਼ਰ ਨਹੀਂ ਆਇਆ। ਇਸ ਤੋਂ ਬਾਅਦ ਪਾਰਟੀ ਨੇ ਸ਼ਾਇਦ ਨਸੀਹਤ ਨਾ ਲੈਂਦੇ ਹੋਏ ਇਕ ਵਾਰ ਮੁੜ ਪੰਜਾਬ ਵਿਚ ਨਵਾਂ ਐਕਸਪੈਰੀਮੈਂਟ ਕਰਨ ਦੀ ਯੋਜਨਾ ਬਣਾਈ ਹੈ। ਐਕਸਪੈਰੀਮੈਂਟ-1 ਤੇ ਐਕਸਪੈਰੀਮੈਂਟ-2 ’ਚ ਬਸ ਇੰਨਾ ਹੀ ਫਰਕ ਹੈ ਕਿ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲੋਕਾਂ ਨੂੰ ਲੈ ਕੇ ਐਕਸਪੈਰੀਮੈਂਟ ਕੀਤੇ ਗਏ ਪਰ ਹੁਣ ਦੂਜੇ ਪੜਾਅ ’ਚ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੇ ਨਜ਼ਦੀਕੀ ਲੋਕਾਂ ਨਾਲ ਐਕਸਪੈਰੀਮੈਂਟ ਕਰਨ ਦੀ ਯੋਜਨਾ ਬਣਾਈ ਗਈ ਹੈ।
ਇਹ ਵੀ ਪੜ੍ਹੋ : E-Scooter ਦੀਆਂ ਕੀਮਤਾਂ 'ਚ ਵੱਡੀ ਕਟੌਤੀ, ਇੰਝ 50 ਹਜ਼ਾਰ ਰੁਪਏ ਤੋਂ ਵੀ ਮਿਲੇਗਾ ਸਸਤਾ
ਕਾਂਗਰਸ ਦੀ ਹੀ ਟੀਮ ਬੀ ਨਾਲ ਨਵਾਂ ਐਕਸਪੈਰੀਮੈਂਟ
ਪੰਜਾਬ ’ਚ ਕਿਸੇ ਵੇਲੇ ਕੈਪਟਨ ਦੇ ਨਜ਼ਦੀਕੀ ਰਹੇ ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਪੰਜਾਬ ਦੀ ਕਮਾਨ ਸੌਂਪੀ ਗਈ ਸੀ ਪਰ ਹੁਣ ਉਹ ਪ੍ਰਧਾਨ ਹਨ ਜਾਂ ਨਹੀਂ, ਇਹ ਕੋਈ ਸਪਸ਼ਟ ਨਹੀਂ ਕਰ ਰਿਹਾ ਪਰ ਇਹ ਗੱਲ ਜ਼ਰੂਰ ਹੈ ਕਿ ਹੁਣ ਪਾਰਟੀ ਜਾਖੜ ਨੂੰ ਛੱਡ ਕੇ ਰਵਨੀਤ ਬਿੱਟੂ ਦੇ ਨਾਲ ਨਵਾਂ ਐਕਸਪੈਰੀਮੈਂਟ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਐਕਸਪੈਰੀਮੈਂਟ ਦੇ ਤਹਿਤ ਹੀ ਰਵਨੀਤ ਬਿੱਟੂ ਨੂੰ ਰਾਜ ਸਭਾ ਮੈਂਬਰ ਵਜੋਂ ਕੇਂਦਰ ਵਿਚ ਲਿਜਾਇਆ ਗਿਆ, ਇਹ ਵੱਖਰੀ ਗੱਲ ਹੈ ਕਿ ਰਾਜ ਸਭਾ ਮੈਂਬਰ ਦਾ ਵਾਅਦਾ ਕਿਸੇ ਹੋਰ ਨਾਲ ਕੀਤਾ ਗਿਆ ਸੀ ਪਰ ਨਿਭਾਇਆ ਕਿਤੇ ਹੋਰ ਗਿਆ ਹੈ, ਜਿਸ ਕਾਰਨ ਜਿੱਥੇ ਵਾਅਦਾ ਨਹੀਂ ਨਿਭਿਆ, ਉੱਥੋਂ ਲਗਾਤਾਰ ਰੋਸ ਦੇ ਸੁਰ ਉੱਠ ਰਹੇ ਹਨ।
ਇਹ ਵੀ ਪੜ੍ਹੋ : AirIndia ਦੀ ਕੈਬਿਨ ਕਰੂ ਪਾਲਿਸੀ ’ਚ ਹੋਵੇਗਾ ਬਦਲਾਅ, ਕਮਰੇ ਕਰਨੇ ਪੈਣਗੇ ਸਾਂਝੇ
ਉਪ-ਚੋਣਾਂ ਲਈ ਤਿਆਰੀ ਵੀ ਇੰਚਾਰਜ ਲਾਉਣ ਤਕ ਹੀ ਸੀਮਿਤ
ਪੰਜਾਬ ’ਚ ਭਾਜਪਾ ਨੇ ਇਕ ਨਵੇਂ ਐਕਸਪੈਰੀਮੈਂਟ ਦੇ ਤੌਰ ’ਤੇ ਕੁਝ ਅਜਿਹੇ ਐਲਾਨ ਕੀਤੇ ਹਨ, ਜੋ ਸਿਆਸੀ ਹਲਕੇ ਦੇ ਨਾਲ-ਨਾਲ ਆਮ ਲੋਕਾਂ ਵਿਚ ਵੀ ਮਜ਼ਾਕ ਦਾ ਕਾਰਨ ਬਣ ਰਹੇ ਹਨ। ਭਾਜਪਾ ਹੈੱਡਕੁਆਰਟਰ ਵੱਲੋਂ ਸ਼ੁੱਕਰਵਾਰ ਨੂੰ ਇਕ ਸੂਚੀ ਜਾਰੀ ਕੀਤੀ ਗਈ ਸੀ, ਜਿਸ ਵਿਚ 4 ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਤੇ ਕੋ-ਇੰਚਾਰਜ ਲਾਏ ਗਏ ਸਨ ਜਿੱਥੇ ਹੁਣ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਵਿਚ ਗਿੱਦੜਬਾਹਾ, ਬਰਨਾਲਾ, ਚੱਬੇਵਾਲ ਤੇ ਡੇਰਾ ਬਾਬਾ ਨਾਨਕ ਸ਼ਾਮਲ ਹਨ। ਪਾਰਟੀ ਇਨ੍ਹਾਂ ਚੋਣਾਂ ਦੀ ਤਿਆਰੀ ਤਾਂ ਕਰ ਰਹੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਇਲਾਕਿਆਂ ਵਿਚ ਭਾਜਪਾ ਨੂੰ ਮਜ਼ਬੂਤ ਕਰਨ ਲਈ ਲੋਕ ਸਭਾ ਚੋਣਾਂ ਤੋਂ ਬਾਅਦ ਕੋਈ ਕੋਸ਼ਿਸ਼ ਨਹੀਂ ਕੀਤੀ ਗਈ।
2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਇਹ ਸਾਬਤ ਹੋ ਗਿਆ ਸੀ ਕਿ ਉਕਤ ਸੀਟਾਂ ’ਤੇ ਉਪ-ਚੋਣਾਂ ਹੋਣੀਆਂ ਹਨ ਪਰ ਪਾਰਟੀ ਦਾ ਕੋਈ ਵੱਡਾ ਨੇਤਾ ਇਨ੍ਹਾਂ ਇਲਾਕਿਆਂ ਵਿਚ ਇਹ ਵੇਖਣ ਵੀ ਨਹੀਂ ਗਿਆ ਕਿ ਪਾਰਟੀ ਦੀ ਉੱਥੇ ਸਥਿਤੀ ਕੀ ਹੈ। ਅਜਿਹੀ ਹਾਲਤ ’ਚ ਖਾਨਾਪੂਰਤੀ ਕਰਨ ਲਈ ਇੰਚਾਰਜ ਜਾਂ ਕੋ-ਇੰਚਾਰਜ ਲਾਉਣ ਦਾ ਕੀ ਮਤਲਬ ਹੋਇਆ।
ਇਹ ਵੀ ਪੜ੍ਹੋ : ਬੰਪਰ ਕਮਾਈ ਦਾ ਮੌਕਾ! ਜਲਦ ਆਉਣ ਵਾਲਾ ਹੈ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ IPO
ਜਵਾਨੀ ਤੋਂ ਬੁਢਾਪਾ ਲਗਾਉਣ ਵਾਲੇ ਸਾਰੇ ਭਾਜਪਾਈਆਂ ’ਤੇ ਰਹੇਗਾ ਬਾਹਰਲੇ ਨੇਤਾਵਾਂ ਦਾ ਕੰਟਰੋਲ
ਇਸ ਤੋਂ ਇਲਾਵਾ ਪਾਰਟੀ ਦੀ ਇਕ ਹੋਰ ਸੂਚੀ ਵੀ ਲੋਕਾਂ ਵਿਚ ਮਜ਼ਾਕ ਦਾ ਕਾਰਨ ਬਣ ਰਹੀ ਹੈ, ਜਿਸ ਦੇ ਤਹਿਤ ਪਾਰਟੀ ਨੇ ਡਵੀਜ਼ਨ ਲੈਵਲ ’ਤੇ ਕੁਝ ਨਿਯੁਕਤੀਆਂ ਕੀਤੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਜ਼ਿਆਦਾਤਰ ਅਜਿਹੀਆਂ ਡਵੀਜ਼ਨਾਂ ਹਨ, ਜਿਨ੍ਹਾਂ ਵਿਚ ਇੰਚਾਰਜ ਉਨ੍ਹਾਂ ਲੋਕਾਂ ਨੂੰ ਲਾਇਆ ਗਿਆ ਹੈ ਜੋ ਕਾਂਗਰਸ ਤੋਂ ਇੰਪੋਰਟ ਕਰ ਕੇ ਲਿਆਂਦੇ ਗਏ ਹਨ, ਜਦੋਂਕਿ ਇਨ੍ਹਾਂ ਦੇ ਨਾਲ ਕੋ-ਇੰਚਾਰਜ ਉਨ੍ਹਾਂ ਨੂੰ ਲਾਇਆ ਗਿਆ ਹੈ ਜਿਨ੍ਹਾਂ ਨੇ ਸ਼ਾਇਦ ਭਾਜਪਾ ਵਿਚ ਰਹਿੰਦੇ ਹੋਏ ਆਪਣੀ ਜਵਾਨੀ ਤੋਂ ਲੈ ਕੇ ਬੁਢਾਪਾ ਤਕ ਲਾ ਦਿੱਤਾ।
ਗਿੱਦੜਬਾਹਾ ’ਚ ਡਵੀਜ਼ਨ ਇੰਚਾਰਜ ਵਜੋਂ ਹਰਜੋਤ ਸਿੰਘ ਕਮਲ ਨੂੰ ਲਾਇਆ ਗਿਆ ਹੈ, ਜੋ ਕਾਂਗਰਸ ਦੇ ਸਾਬਕਾ ਵਿਧਾਇਕ ਹਨ, ਜਦੋਂਕਿ ਭਾਜਪਾ ਦੀ ਸੀਨੀਅਰ ਨੇਤਾ ਤੇ ਪਾਰਟੀ ਨਾਲ ਸਾਲਾਂ ਤੋਂ ਜੁੜੀ ਮੋਨਾ ਜਾਇਸਵਾਲ ਨੂੰ ਕੋ-ਕਨਵੀਨਰ ਲਾਇਆ ਗਿਆ ਹੈ। ਇਸੇ ਤਰ੍ਹਾਂ ਡੋਡਾ ਡਵੀਜ਼ਨ ’ਚ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ ਨੂੰ ਇੰਚਾਰਜ ਲਾ ਕੇ ਭਾਜਪਾ ਦੇ ਸੀਨੀਅਰ ਨੇਤਾ ਸ਼ਿਵਰਾਜ ਚੌਧਰੀ ਨੂੰ ਕੋ-ਕਨਵੀਨਰ ਲਾਇਆ ਗਿਆ ਹੈ।
ਅੰਗੁਰਾਲ ਤੇ ਰਿੰਕੂ ਨੂੰ ਰਿਪੋਰਟ ਕਰਨਗੇ ਵਾਘਾ ਤੇ ਸੱਚਰ ਵਰਗੇ ਵੱਡੇ ਨੇਤਾ
ਇਸ ਤੋਂ ਵੀ ਜ਼ਿਆਦਾ ਹੈਰਾਨੀ ਦੀ ਗੱਲ ਤਾਂ ਉਸ ਵੇਲੇ ਹੋਈ ਜਦੋਂ ਹੁਣੇ ਜਿਹੇ ਭਾਜਪਾ ਵਿਚ ਸ਼ਾਮਲ ਹੋਏ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੂੰ ਧਨੌਲਾ ’ਚ ਇੰਚਾਰਜ ਲਾ ਕੇ ਸਾਬਕਾ ਜਨਰਲ ਸਕੱਤਰ ਜੀਵਨ ਗੁਪਤਾ ਨੂੰ ਕੋ-ਕਨਵੀਨਰ, ਅਹਰੂ ਕਲਾਂ ਤੋਂ ਸ਼ੀਤਲ ਅੰਗੁਰਾਲ ਨੂੰ ਇੰਚਾਰਜ ਬਣਾ ਕੇ ਪਾਰਟੀ ਦੇ ਸੀਨੀਅਰ ਨੇਤਾ ਰਾਜੇਸ਼ ਵਾਘਾ ਨੂੰ ਕੋ-ਕਨਵੀਨਰ ਅਤੇ ਚੱਬੇਵਾਲ ਦੀ ਭਾਮ ਡਵੀਜ਼ਨ ’ਚ ਸੁਸ਼ੀਲ ਰਿੰਕੂ ਨੂੰ ਇੰਚਾਰਜ ਲਾ ਕੇ ਅਨਿਲ ਸੱਚਰ ਨੂੰ ਨਾਲ ਕੋ-ਕਨਵੀਨਰ ਲਾ ਦਿੱਤਾ ਗਿਆ।
ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ’ਚ ਅਸ਼ਵਨੀ ਸੇਖੜੀ ਜੋ ਕਾਂਗਰਸ ’ਚੋਂ ਆਏ ਹਨ, ਨੂੰ ਡਵੀਜ਼ਨ ਇੰਚਾਰਜ ਅਤੇ ਪਾਰਟੀ ਦੇ ਸੀਨੀਅਰ ਨੇਤਾ ਮਨਜੀਤ ਸਿੰਘ ਰਾਏ ਨੂੰ ਕੋ-ਕਨਵੀਨਰ ਲਾ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਪਾਰਟੀ ਨੂੰ ਚਾਹੀਦਾ ਸੀ ਕਿ ਬਾਹਰੋਂ ਆਏ ਲੋਕਾਂ ਨੂੰ ਆਪਣੇ ਰੰਗ ਵਿਚ ਰੰਗਣ ਲਈ ਉਨ੍ਹਾਂ ਨੂੰ ਟਰੇਨਿੰਗ ਦਿੰਦੇ ਤਾਂ ਜੋ ਉਹ ਭਾਜਪਾ ਬਾਰੇ ਸਿੱਖ ਸਕਦੇ ਪਰ ਇੱਥੇ ਤਾਂ ਸਭ ਉਲਟਾ ਹੋ ਗਿਆ ਅਤੇ ਬਾਹਰਲੇ ਲੋਕਾਂ ਨੂੰ ਆਪਣੇ ਉਨ੍ਹਾਂ ਨੇਤਾਵਾਂ ਦੇ ਉੱਪਰ ਬਿਠਾ ਦਿੱਤਾ ਗਿਆ, ਜਿਨ੍ਹਾਂ ਤੋਂ ਸ਼ਾਇਦ ਕਾਫੀ ਕੁਝ ਸਿੱਖਿਆ ਜਾ ਸਕਦਾ ਸੀ।
ਕੰਮ ਕਰਨਗੇ ‘ਵਿਚਾਰੇ’ ਨੇਤਾ ਅਤੇ ਕ੍ਰੈਡਿਟ ਲੈਣਗੇ ਇੰਪੋਰਟਿਡ ਨੇਤਾ
ਹੈਰਾਨੀ ਦੀ ਗੱਲ ਹੈ ਕਿ ਜਿੰਨੀਆਂ ਵੀ ਇਹ ਡਵੀਜ਼ਨਾਂ ਹਨ, ਇੱਥੇ ਇੰਚਾਰਜ ਕਾਂਗਰਸੀ ਜਾਂ ਬਾਹਰਲੀਆਂ ਪਾਰਟੀਆਂ ’ਚੋਂ ਆਏ ਨੇਤਾ ਹਨ ਅਤੇ ਉਨ੍ਹਾਂ ਦਾ ਸਹਿਯੋਗ ਕਰਨ ਵਾਲੇ ਭਾਜਪਾ ਦੇ ਨੇਤਾ ਹਨ। ਇਹ ਕੋਈ ਛੋਟੇ-ਮੋਟੇ ਨੇਤਾ ਨਹੀਂ, ਸਗੋਂ ਪਾਰਟੀ ’ਚ ਇਨ੍ਹਾਂ ਲੋਕਾਂ ਨੇ ਆਪਣੀ ਜ਼ਿੰਦਗੀ ਲਾਈ ਹੈ। ਹੁਣ ਇਸ ਮਾਮਲੇ ’ਚ 2 ਹੀ ਰਸਤੇ ਹਨ ਕਿ ਜਾਂ ਤਾਂ ਬਾਹਰਲੀਆਂ ਪਾਰਟੀਆਂ ’ਚੋਂ ਆਏ ਲੋਕ ਇਨ੍ਹਾਂ ਪਾਰਟੀ ਦੇ ‘ਵਿਚਾਰੇ’ ਨੇਤਾਵਾਂ ਨੂੰ ਕਮਾਂਡ ਕਰਨਗੇ ਜਾਂ ਪੂਰਾ ਕੰਮ ਇਹ ‘ਵਿਚਾਰੇ’ ਨੇਤਾ ਕਰਨਗੇ ਅਤੇ ਨੰਬਰ ਉਨ੍ਹਾਂ ਲੋਕਾਂ ਦੇ ਬਣਨਗੇ ਜਿਨ੍ਹਾਂ ਨੂੰ ਸ਼ਾਇਦ ਭਾਜਪਾ ਦੀ ਏ. ਬੀ. ਸੀ. ਤਕ ਨਹੀਂ ਪਤਾ। ਇਸ ਨੂੰ ਤ੍ਰਾਸਦੀ ਹੀ ਕਹਾਂਗੇ ਕਿ ਸਾਲਾਂ ਤਕ ਪਾਰਟੀ ਨੂੰ ਆਪਣੇ ਖੂਨ-ਪਸੀਨੇ ਨਾਲ ਸਿੰਜਣ ਵਾਲੇ ਇਹ ਲੋਕ ਹੁਣ ਉਨ੍ਹਾਂ ਲੋਕਾਂ ਦੇ ਅਧੀਨ ਕੰਮ ਕਰਨਗੇ ਜਿਨ੍ਹਾਂ ਖਿਲਾਫ ਕਦੇ ਇਹ ਸੜਕਾਂ ’ਤੇ ਧਰਨੇ-ਵਿਖਾਵੇ ਕਰਿਆ ਕਰਦੇ ਸਨ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਵਾਧਾ, ਦੀਵਾਲੀ-ਧਰਤੇਰਸ ਤੱਕ ਹੋਰ ਵਧਣ ਦੀ ਉਮੀਦ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8