ਭਾਜਪਾ ਦੀ ਰੈਲੀ ''ਚ 2 ਸੀਨੀਅਰ ਵਰਕਰਾਂ ਦੀ ਕੱਟੀ ਜੇਬ, ਲੱਗਾ 55 ਹਜ਼ਾਰ ਦਾ ਚੂਨਾ
Monday, May 06, 2019 - 01:43 PM (IST)

ਚੰਡੀਗੜ੍ਹ (ਸੰਦੀਪ) : ਮਨੀਮਾਜਰਾ 'ਚ ਬੀਤੇ ਦਿਨੀਂ ਹੋਈ ਭਾਜਪਾ ਰੈਲੀ 'ਚ ਪਹੁੰਚੇ 2 ਸੀਨੀਅਰ ਵਰਕਰਾਂ ਦੀ ਜੇਬ ਕੱਟੀ ਗਈ। ਜੇਬ ਕਤਰਿਆਂ ਨੇ ਦੋਵਾਂ ਵਰਕਰਾਂ ਦੇ ਪਰਸ 'ਚ ਰੱਖੇ ਉਨ੍ਹਾਂ ਦੇ ਏ. ਟੀ. ਐੱਮ. ਕਾਰਡਾਂ ਜ਼ਰੀਏ ਉਨ੍ਹਾਂ ਦੇ ਬੈਂਕ ਖਾਤੇ 'ਚੋਂ 55 ਹਜ਼ਾਰ ਰੁਪਏ ਕਢਵਾ ਲਏ ਹਨ। ਭਾਜਪਾ ਦੇ ਸੀਨੀਅਰ ਵਰਕਰ ਸੁਸ਼ੀਲ ਜੈਨ ਅਤੇ ਕ੍ਰਿਸ਼ਣ ਬੱਬਰ ਵਲੋਂ ਇਸ ਸਬੰਧੀ ਸ਼ਿਕਾਇਤ ਮਨੀਮਾਜਰਾ ਥਾਣਾ ਪੁਲਸ ਨੂੰ ਦਿੱਤੀ ਗਈ ਹੈ। ਥਾਣਾ ਪੁਲਸ ਨੇ ਜਾਂਚ ਕਰਦੇ ਹੋਏ ਉਨ੍ਹਾਂ ਦੀ ਸ਼ਿਕਾਇਤ 'ਤੇ ਅਣਪਛਾਤੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੁਲਅਸ ਰੈਲੀ ਦੇ ਆਸ-ਪਾਸ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਤੇ ਰੈਲੀ 'ਚ ਖਿੱਚੀਆਂ ਗਈਆਂ ਤਸਵੀਰਾਂ ਦੇ ਆਧਾਰ 'ਤੇ ਜੇਬ ਕਤਰਿਆਂ ਦੀ ਪਛਾਣ ਕਰਨ 'ਚ ਲੱਗ ਗਈ ਹੈ।
ਏ. ਟੀ. ਐੱਮ. ਕਾਰਡ ਅਤੇ ਪਾਸਵਰਡ ਰੱਖੇ ਸਨ ਪਰਸ 'ਚ
ਮਨੀਮਾਜਰਾ ਤੋਂ ਭਾਜਪਾ ਦੇ ਸੀਨੀਅਰ ਵਰਕਰ ਸੁਸ਼ੀਲ ਜੈਨ ਨੇ ਦੱਸਿਆ ਕਿ ਰੈਲੀ ਦੌਰਾਨ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀ ਕ੍ਰਿਸ਼ਣ ਬੱਬਰ ਦੀ ਜੇਬ 'ਚੋਂ ਕਿਸੇ ਨੇ ਪਰਸ ਕੱਢ ਲਏ। ਦੋਵਾਂ ਨੇ ਏ. ਟੀ. ਐੱਮ. ਕਾਰਡਾਂ ਦਾ ਪਾਸਵਰਡ ਵੀ ਪਰਸ 'ਚ ਹੀ ਰੱਖਿਆ ਹੋਇਆ ਸੀ। ਸੁਸ਼ੀਲ ਨੇ ਦੱਸਿਆ ਕਿ ਉਸਦੇ ਪਰਸ 'ਚ 1200 ਰੁਪਏ ਅਤੇ ਜ਼ਰੂਰੀ ਦਸਤਾਵੇਜ਼ ਸਨ। ਇਸ ਤੋਂ ਇਲਾਵਾ ਮੁਲਜ਼ਮ ਨੇ ਉਨ੍ਹਾਂ ਦੇ ਏ. ਟੀ. ਐੱਮ. ਕਾਰਡ ਰਾਹੀਂ ਬੀਤੇ ਸ਼ੁੱਕਰਵਾਰ ਸ਼ਾਮ ਤੋਂ ਲੈ ਕੇ ਸ਼ਨੀਵਾਰ ਸਵੇਰ ਤਕ 5 ਟਰਾਂਜੈਕਸ਼ਨਾਂ ਕਰ ਕੇ 35 ਹਜ਼ਾਰ ਰੁਪਏ ਕੱਢਵਾ ਲਏ। ਉਨ੍ਹਾਂ ਦੇ ਮੋਬਾਇਲ 'ਤੇ ਪੈਸੇ ਨਿਕਲਣ ਦੇ ਮੈਸੇਜ ਵੀ ਆਉਂਦੇ ਰਹੇ ਪਰ ਰੈਲੀ 'ਚ ਹੋਣ ਕਾਰਨ ਉਹ ਇਸ ਪਾਸੇ ਧਿਆਨ ਨਹੀਂ ਦੇ ਸਕੇ। ਸ਼ਨੀਵਾਰ ਸਵੇਰੇ ਜਦੋਂ ਉਨ੍ਹਾਂ ਖਾਤੇ 'ਚੋਂ 5 ਹਜ਼ਾਰ ਰੁਪਏ ਕੱਢਵਾਏ ਜਾਣ ਸਬੰਧੀ ਮੈਸੇਜ ਵੇਖਿਆ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਖਾਤੇ 'ਚੋਂ 35 ਹਜ਼ਾਰ ਰੁਪਏ ਕਢਵਾਏ ਜਾ ਚੁੱਕੇ ਹਨ। ਦੂਜੇ ਪਾਸੇ ਕ੍ਰਿਸ਼ਣ ਬੱਬਰ ਦੇ ਪਰਸ 'ਚ 10 ਹਜ਼ਾਰ ਰੁਪਏ ਦੀ ਨਕਦੀ ਸੀ। ਜੇਬ ਕਤਰੇ ਨੇ ਉਨ੍ਹਾਂ ਦੇ ਬੈਂਕ ਖਾਤੇ 'ਚੋਂ ਵੀ 2 ਵਾਰ ਟਰਾਂਜੈਕਸ਼ਨ ਕਰ ਕੇ 20 ਹਜ਼ਾਰ ਰੁਪਏ ਕਢਵਾ ਲਏ। ਇਸ ਗੱਲ ਦਾ ਪਤਾ ਲੱਗਣ 'ਤੇ ਦੋਵਾਂ ਨੇ ਸ਼ਨੀਵਾਰ ਸ਼ਾਮ ਨੂੰ ਇਸ ਗੱਲ ਦੀ ਸ਼ਿਕਾਇਤ ਮਨੀਮਾਜਰਾ ਥਾਣਾ ਪੁਲਸ ਨੂੰ ਦਿੱਤੀ। ਪੁਲਸ ਨੇ ਅਣਪਛਾਤੇ ਖਿਲਾਫ ਕੇਸ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਰੈਲੀ 'ਚ ਖਿੱਚੀਆਂ ਤਸਵੀਰਾ 'ਚ ਨਜ਼ਰ ਆਇਆ ਜੇਬ ਕਤਰਾ
ਰੈਲੀ ਦੌਰਾਨ ਖਿੱਚੀਆਂ ਗਈਆਂ ਤਸਵੀਰਾਂ 'ਚ ਦੋਵਾਂ ਵਰਕਰਾਂ ਦੀ ਜੇਬ ਕੱਟਦੇ ਹੋਏ 2 ਨੌਜਵਾਨ ਨਜ਼ਰ ਆ ਰਹੇ ਹਨ। ਪੁਲਸ ਤਸਵੀਰਾਂ ਦੇ ਆਧਾਰ 'ਤੇ ਦੋਵਾਂ ਦੀ ਪਛਾਣ ਕਰਨ 'ਚ ਲੱਗ ਗਈ ਹੈ, ਤਾਂ ਜੋ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ।