ਸੰਗਰੂਰ ਜ਼ਿਮਨੀ ਚੋਣ ਤੋਂ ਪਹਿਲਾਂ ਭਾਜਪਾ ਨੂੰ ਝਟਕਾ, ਸੂਬਾ ਅਤੇ ਜ਼ਿਲ੍ਹਾ ਪੱਧਰੀ ਆਗੂ 'ਆਪ' 'ਚ ਹੋਏ ਸ਼ਾਮਲ

06/21/2022 2:26:57 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ ) : ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਜ਼ਬਰਦਸਤ ਝਟਕਾ ਦਿੱਤਾ ਗਿਆ, ਜਦੋਂ ਭਾਜਪਾ ਦੇ ਸੂਬਾ ਅਤੇ ਜ਼ਿਲ੍ਹਾ ਪੱਧਰੀ ਅਹੁਦੇਦਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ 'ਆਪ' ਵਿਚ ਸ਼ਾਮਲ ਹੋ ਗਏ । ਮੁੱਖ ਮੰਤਰੀ ਮਾਨ ਨੇ ਭਾਜਪਾ ਅਤੇ ਕਾਰੋਬਾਰੀ ਜਥੇਬੰਦੀਆਂ ਦੇ ਆਗੂਆਂ ਨੂੰ  ਰਸਮੀ ਤੌਰ 'ਤੇ 'ਆਪ' ਵਿਚ ਸ਼ਾਮਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਾਰੇ ਇਮਾਨਦਾਰ ਅਤੇ ਦੇਸ਼ ਨੂੰ ਸਮਰਪਿਤ ਲੋਕਾਂ ਦੀ ਪਾਰਟੀ ਹੈ । ਪੰਜਾਬ ਅਤੇ ਦਿੱਲੀ ਵਿਚਲੀਆਂ 'ਆਪ' ਦੀਆਂ ਸਰਕਾਰਾਂ ਨੇ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਵਿਧਾਇਕ, ਸੰਸਦ ਮੈਂਬਰ, ਮੰਤਰੀ ਅਤੇ ਮੁੱਖ ਮੰਤਰੀ ਬਣਾਇਆ ਹੈ ਅਤੇ ਆਮ ਲੋਕਾਂ ਨੂੰ ਸਹੂਲਤਾਂ ਦੇਣ ਦੇ ਨਾਲ ਨਾਲ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੀ ਵਿਵਸਥਾ ਕੀਤੀ ਹੈ। ਇਸ ਲਈ ਸਮਾਜ ਦੇ ਹਰੇਕ ਵਰਗ ਦੇ ਲੋਕ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਰਹੇ ਹਨ । 

ਇਹ ਵੀ ਪੜ੍ਹੋ- ਸੰਗਰੂਰ ਜ਼ਿਮਨੀ ਚੋਣ ਦੇ ਪ੍ਰਚਾਰ ਦਾ ਅੱਜ ਆਖ਼ਰੀ ਦਿਨ, CM ਮਾਨ ਨੇ ਕੀਤਾ ਜਿੱਤ ਦਾ ਦਾਅਵਾ

ਅੱਜ ਭਾਜਪਾ ਦੇ ਪੰਜਾਬ ਵਪਾਰ ਸੈਲ ਦੇ ਸੂਬਾ ਕੋਆਰਡੀਨੇਟ ਅਤੇ ਵਪਾਰ ਮੰਡਲ ਧੂਰੀ ਦੇ ਪ੍ਰਧਾਨ ਵਿਕਾਸ ਜੈਨ, ਭਾਜਪਾ ਯੂਵਾ ਮੋਰਚਾ ਸੰਗਰੂਰ ਦੇ ਉਪ ਪ੍ਰਧਾਨ ਸੰਦੀਪ ਗਰਗ, ਵਪਾਰ ਮੰਡਲ ਧੂਰੀ ਦੇ ਉਪ ਪ੍ਰਧਾਨ ਸੁਮੀਤ ਗੋਇਲ, ਅਗਰਵਾਲ ਸਭਾ ਧੂਰੀ ਦੇ ਪ੍ਰਧਾਨ ਅਮਨ ਗਰਗ, ਹਾਰਡਵੇਅਰ ਅਤੇ ਪੇਂਟ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਸੰਦੀਪ ਗੋਇਲ ਅਤੇ ਹਨੂੰਮਾਨ ਮੰਦਰ ਧੂਰੀ ਦੇ ਉਪ ਪ੍ਰਧਾਨ ਰਜਨੀਸ਼ ਗਰਗ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਹਨ। ਜਿਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ 'ਤੇ ਪਾਰਟੀ 'ਚ ਸ਼ਾਮਲ ਕੀਤਾ ਅਤੇ ਸਨਮਾਨਿਤ ਵੀ ਕੀਤਾ । 

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਗ੍ਰਿਫ਼ਤਾਰ ਸ਼ੂਟਰਾਂ ਦੇ ਮਾਮਲੇ ’ਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

'ਆਪ' 'ਚ ਸ਼ਾਮਿਲ ਹੋਏ ਲੀਡਰਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਭਾਜਪਾ ਨੇ ਪਹਿਲਾਂ 20 ਸਾਲ ਉਨ੍ਹਾਂ ਨੂੰ ਗੋਡੇ ਘੁੱਟਣ ਲਈ ਮਜ਼ਬੂਰ ਕੀਤਾ ਹੈ ਅਤੇ ਹੁਣ ਭ੍ਰਿਸ਼ਟ ਕਾਂਗਰਸ ਆਗੂਆਂ ਨੂੰ ਪਾਰਟੀ 'ਚ ਸ਼ਾਮਿਲ ਕਰਾ ਕੇ ਵੱਡੇ ਅਹੁਦੇ ਦਿੱਤੇ ਜਾ ਰਹੇ ਹਨ। ਇਸ ਤਰ੍ਹਾਂ ਕਰਦਿਆਂ ਭਾਜਪਾ ਪੁਰਾਣੇ ਆਗੂਆਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਭਾਜਪਾ ਤੋਂ ਕਿਨਾਰਾ ਕਰ ਰਹੇ ਆਗੂਆਂ ਨੇ ਕਿਹਾ ਕਿ ਕੇਵਲ ਢਿੱਲੋਂ ਜੋ ਕਿ ਨਿੱਜੀ ਸਵਾਰਥਾਂ ਕਰਕੇ ਚਾਰ ਦਿਨ ਪਹਿਲਾਂ ਪਾਰਟੀ 'ਚ ਆਏ, ਨੂੰ ਭਾਜਪਾ ਵੱਲੋਂ ਸੰਗਰੂਰ ਲੋਕ ਸਭਾ ਲਈ ਉਮੀਦਵਾਰ ਚੁਣੇ ਜਾਣ ਕਾਰਨ ਵਰਕਰਾਂ ਵਿਚ ਭਾਰੀ ਨਿਰਾਸ਼ਾ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਮਾਨ ਵੱਲੋਂ ਸੂਬੇ 'ਚ ਕੀਤੇ ਵਿਕਾਸਮਈ ਕੰਮਾਂ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਤੋਂ ਪੰਜਾਬ ਭਰ ਦੇ ਲੋਕ ਪ੍ਰਭਾਵਿਤ ਹੋ ਰਹੇ ਹਨ । ਇਸੇ ਸੰਤਰਭ 'ਚ ਸੰਗਰੂਰ, ਧੂਰੀ ਅਤੇ ਸੁਨਾਮ ਦੇ ਕਾਰੋਬਾਰੀ ਅਤੇ ਉਦਯੋਗਪਤੀ ਭਾਜਪਾ ਨੂੰ ਛੱਡ ਕੇ 'ਆਪ' ਦੇ ਝੰਡੇ ਥੱਲੇ ਆ ਰਹੇ ਹਨ, ਜਿਸ ਕਾਰਨ ਸੰਗਰੂਰ ਜ਼ਿਮਨੀ ਚੋਣ 'ਚ 'ਆਪ' ਦੇ ਉਮੀਦਵਾਰ ਗੁਰਮੇਲ ਸਿੰਘ ਦੀ ਜਿੱਤ ਨੂੰ ਵੱਡਾ ਬੱਲ ਮਿਲ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Harnek Seechewal

Content Editor

Related News