ਪੰਜਾਬ ਦੇ ਮੁੱਦੇ ਗ਼ਾਇਬ ਕਰਨ ਲਈ ਸੁਰੱਖਿਆ ''ਚ ਕੁਤਾਹੀ ਦਾ ਸਵਾਂਗ ਰਚਾ ਰਹੀ ਹੈ ਭਾਜਪਾ: ਨਵਜੋਤ ਸਿੱਧੂ

Saturday, Jan 08, 2022 - 08:33 PM (IST)

ਪੰਜਾਬ ਦੇ ਮੁੱਦੇ ਗ਼ਾਇਬ ਕਰਨ ਲਈ ਸੁਰੱਖਿਆ ''ਚ ਕੁਤਾਹੀ ਦਾ ਸਵਾਂਗ ਰਚਾ ਰਹੀ ਹੈ ਭਾਜਪਾ: ਨਵਜੋਤ ਸਿੱਧੂ

ਚੰਡੀਗੜ੍ਹ (ਅਸ਼ਵਨੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਹੋਈ ਕੁਤਾਹੀ ਮਾਮਲੇ ਸਬੰਧੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ’ਚ ਕਿਸਾਨ ਵਿਰੋਧ ’ਚ ਖੜ੍ਹੇ ਹੋ ਸਕਦੇ ਹਨ ਪਰ ਸਿੱਧੂ ਇਹ ਨਹੀਂ ਮੰਨ ਸਕਦਾ ਕਿ ਇਨ੍ਹਾਂ ’ਚ ਹਿੰਸਾ ਹੈ। ਇਨ੍ਹਾਂ ਕਿਸਾਨਾਂ ’ਚੋਂ ਇਕ ਵੀ ਅਜਿਹਾ ਨਹੀਂ ਹੈ, ਜਿਸ ਤੋਂ ਪ੍ਰਧਾਨ ਮੰਤਰੀ ਨੂੰ ਜਾਨ ਦਾ ਖ਼ਤਰਾ ਹੋਵੇ। ਪੰਜਾਬੀ ਦੇਸ਼ ਪ੍ਰੇਮ ਤੇ ਪੰਜਾਬੀਅਤ ਨਾਲ ਬੱਝੇ ਹੋਏ ਹਨ। ਇਸ ਲਈ ਇਹ ਕਹਿ ਦੇਣਾ ਕਿ ਪੰਜਾਬ ’ਚ ਪ੍ਰਧਾਨ ਮੰਤਰੀ ਦੀ ਜਾਨ ਨੂੰ ਖ਼ਤਰਾ ਹੈ, ਇਹ ਪੰਜਾਬੀਆਂ ’ਤੇ ਕਾਲਿਖ ਪੋਤਣ ਦਾ ਯਤਨ ਹੈ ਪਰ ਇਹ ਯਤਨ ਕਦੇ ਸਫ਼ਲ ਨਹੀਂ ਹੋਵੇਗਾ। ਚੰਡੀਗੜ੍ਹ ’ਚ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਜਿੱਥੇ-ਜਿੱਥੇ ਭਾਜਪਾ ਸਵਾਂਗ ਰਚਾਉਂਦੀ ਹੈ, ਉਥੇ ਰਾਜਨੀਤਕ ਮੁੱਦਾ ਵਿਹੀਨ ਹੋ ਜਾਂਦਾ ਹੈ। ਹੁਣ ਸੁਰੱਖਿਆ ’ਚ ਕੁਤਾਹੀ ਦਾ ਮੁੱਦਾ ਗਰਮਾਉਣ ਨਾਲ ਪੰਜਾਬ ਦੇ ਮੁੱਦੇ ਗ਼ਾਇਬ ਹੋ ਗਏ। ਗੱਲਬਾਤ ਦੌਰਾਨ ਸਿੱਧੂ ਨੇ ਕਈ ਸਵਾਲਾਂ ਦਾ ਬੇਬਾਕੀ ਨਾਲ ਜਵਾਬ ਦਿੱਤਾ ਪਰ ਕਈ ਸਵਾਲਾਂ ਨੂੰ ਗੋਲ-ਮੋਲ ਕਰ ਗਏ।

ਸਵਾਲ : ਦੋਸ਼ ਲਗਾਇਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਹੋਈ ਕੁਤਾਹੀ ਇਕ ਸਾਜ਼ਿਸ਼ ਤਹਿਤ ਕੀਤੀ ਗਈ?
ਜਵਾਬ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਗੁਜਰਾਤ ਗਏ ਸਨ ਤਾਂ ਉਨ੍ਹਾਂ ਨੂੰ ਜੁੱਤੀ ਸੁੱਟੀ ਗਈ ਸੀ, ਉਨ੍ਹਾਂ ਨੇ ਤਾਂ ਕਦੇ ਨਹੀਂ ਕਿਹਾ, ਇਹ ਸਾਜ਼ਿਸ਼ ਹੈ। ਦਿੱਲੀ ’ਚ ਕਾਲੇ ਝੰਡੇ ਦਿਖਾਏ ਗਏ, ਉਦੋਂ ਵੀ ਨਹੀਂ ਕਿਹਾ ਕਿ ਸਾਜ਼ਿਸ਼ ਹੈ। ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸੰਸਦ ’ਚ ਗਏ ਸਨ ਤਾਂ ਇਕ ਔਰਤ ਨੇ ਉਨ੍ਹਾਂ ਦਾ ਗਿਰੇਬਾਂ ਫੜ ਲਿਆ ਅਤੇ ਪੁੱਛਿਆ ਦੇਸ਼ ਆਜ਼ਾਦ ਹੋ ਗਿਆ ਹੈ, ਇਹ ਕਿਵੇਂ ਮੰਨੀਏ? ਤਾਂ ਉਹ ਬੋਲੇ ਸਨ, ਆਜ਼ਾਦੀ ਆ ਚੁੱਕੀ ਹੈ ਕਿਉਂਕਿ ਇਕ ਔਰਤ ਪ੍ਰਧਾਨ ਮੰਤਰੀ ਦਾ ਗਿਰੇਬਾਂ ਫੜ ਸਕਦੀ ਹੈ। ਪੰਜਾਬ ’ਚ ਤਾਂ ਪ੍ਰਧਾਨ ਮੰਤਰੀ ਨੂੰ ਝਰੀਟ ਤੱਕ ਨਹੀਂ ਆਈ ਅਤੇ ਦੋਸ਼ ਸਾਜ਼ਿਸ਼ ਦੇ ਲਗਾਏ ਜਾ ਰਹੇ ਹਨ।

ਇਹ ਵੀ ਪੜ੍ਹੋ : ਸਿਹਤ ਮੰਤਰੀ ਸੋਨੀ ਦਾ ਵੱਡਾ ਬਿਆਨ, ਕੋਰੋਨਾ ਕੇਸ ਵਧੇ ਤਾਂ ਚੋਣ ਰੈਲੀਆਂ ਸਮੇਤ ਸਭ ਕੁਝ ਹੋਵੇਗਾ ਬੈਨ

ਸਵਾਲ : ਪ੍ਰਧਾਨ ਮੰਤਰੀ ਦੇ ਸੜਕੀ ਮਾਰਗਾਂ ਨਾਲ ਜਾਣ ਅਤੇ ਬਦਲਵੇਂ ਰਸਤੇ ਦੀ ਵਿਵਸਥਾ ਕਰਨ ਦਾ ਹੁਕਮ ਤਾਂ ਪੰਜਾਬ ਪੁਲਸ ਨੇ ਪਹਿਲਾਂ ਹੀ ਜਾਰੀ ਕੀਤਾ ਹੋਇਆ ਸੀ ਤਾਂ ਪੰਜਾਬ ਸਰਕਾਰ ਕਿਵੇਂ ਦਾਅਵਾ ਕਰ ਰਹੀ ਹੈ ਕਿ ਪ੍ਰਧਾਨ ਮੰਤਰੀ ਦਾ ਸੜਕੀ ਰਸਤੇ ਤੋਂ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ।
ਜਵਾਬ : ਸੜਕੀ ਰਸਤੇ ਤੋਂ ਨਾ ਜਾਣ ਦੀ ਗੱਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਨ ਰਿਕਾਰਡ ਕਹੀ ਹੈ। ਫਿਰ ਵੀ ਬਠਿੰਡਾ ਕੋਰਟ ਜਾਂਚ ਕਰੇਗੀ ਤਾਂ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ।

ਇਹ ਵੀ ਪੜ੍ਹੋ : PM ਮੋਦੀ ਦੀ ਸੁਰੱਖਿਆ 'ਚ ਕੁਤਾਹੀ, ਵੱਡੇ ਅਤੇ ਸਖ਼ਤ ਫ਼ੈਸਲੇ ਲੈਣ ਦੇ ਰੌਂਅ 'ਚ ਕੇਂਦਰ ਸਰਕਾਰ

ਸਵਾਲ : ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਹੋਈ ਕੁਤਾਹੀ ’ਤੇ ਚਿੰਤਾ ਪ੍ਰਗਟਾਈ ਗਈ ਹੈ, ਤੁਹਾਡਾ ਕੀ ਕਹਿਣਾ ਹੈ?
ਜਵਾਬ : ਇਸ ਚਿੰਤਾ ਦਾ ਜਵਾਬ ਤਾਂ ਮਨੀਸ਼ ਤਿਵਾੜੀ ਅਤੇ ਸੁਨੀਲ ਜਾਖੜ ਹੀ ਦੇ ਸਕਦੇ ਹਨ।

ਸਵਾਲ : ਸੁਰੱਖਿਆ ’ਚ ਅਜਿਹੀ ਹੀ ਕੁਤਾਹੀ ਕਾਰਨ ਦੇਸ਼ ਨੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਗੁਆ ਦਿੱਤਾ, ਇਸ ’ਤੇ ਕੀ ਕਹੋਗੇ?
ਜਵਾਬ : ਪਹਿਲਾਂ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸ. ਪੀ. ਜੀ.) ਨਹੀਂ ਸੀ। ਹੁਣ ਐੱਸ. ਪੀ. ਜੀ. ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਤਾਂ 10 ਹਜ਼ਾਰ ਸੁਰੱਖਿਆ ਕਰਮੀ ਸਨ ਅਤੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਪੂਰਾ ਜਿੰਮਾ ਕੇਂਦਰੀ ਏਜੰਸੀਆਂ ਦਾ ਹੈ ਤਾਂ ਸੁਰੱਖਿਆ ’ਚ ਹੋਈ ਕੁਤਾਹੀ ’ਤੇ ਗ੍ਰਹਿ ਮੰਤਰਾਲੇ ਨੂੰ ਜਵਾਬ ਦੇਣਾ ਚਾਹੀਦਾ ਹੈ। ਗ੍ਰਹਿ ਮੰਤਰਾਲਾ ਆਪਣੀ ਜ਼ਿੰਮੇਵਾਰੀ ਤੋਂ ਕਿਵੇਂ ਭੱਜ ਸਕਦਾ ਹੈ। ਬਾਰਡਰ ਸਿਕਿਓਰਿਟੀ ਫੋਰਸ ਨੂੰ ਤਾਂ ਗ੍ਰਹਿ ਮੰਤਰਾਲੇ ਨੇ 50 ਕਿਲੋਮੀਟਰ ਦੇ ਦਾਇਰੇ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ।

ਇਹ ਵੀ ਪੜ੍ਹੋ : ਬਲਬੀਰ ਰਾਜੇਵਾਲ ਦੇ ਬਿਆਨ ਨਾਲ 'ਆਪ' 'ਚ ਮਚੀ ਹਲਚਲ

ਸਵਾਲ : ਜੇਕਰ ਮਾਮਲਾ ਰਾਜਨੀਤੀ ਤੋਂ ਪ੍ਰੇਰਿਤ ਹੈ ਤਾਂ ਫਿਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਚਿੰਤਾ ਪ੍ਰਗਟਾਉਂਦਿਆਂ ਇਸ ਮਾਮਲੇ ਦੀ ਰਿਪੋਰਟ ਕਿਉਂ ਤਲਬ ਕੀਤੀ ਹੈ?
ਜਵਾਬ : ਸਿੱਧੂ ਨੇ ਜਵਾਬ ਟਾਲਦਿਆਂ ਕਿਹਾ, 70 ਹਜ਼ਾਰ ਕੁਰਸੀਆਂ ’ਤੇ 500 ਵਿਅਕਤੀ ਬੈਠੇ ਸਨ ਤਾਂ ਕੀ ਇਹ ਕਾਂਗਰਸ ਦੀ ਸਿਆਸਤ ਸੀ।

ਸਵਾਲ : ਪੰਜਾਬ ਪੁਲਸ ਨੇ ਸੁਰੱਖਿਆ ’ਚ ਕੁਤਾਹੀ ਮਾਮਲੇ ਸਬੰਧੀ 150 ਲੋਕਾਂ ’ਤੇ ਐੱਫ਼. ਆਈ. ਆਰ. ਦਰਜ ਕੀਤੀ ਹੈ। ਅੰਦੋਲਨਕਾਰੀਆਂ ਦਾ ਦਾਅਵਾ ਕਿ ਪ੍ਰਧਾਨ ਮੰਤਰੀ ਦੇ ਰੂਟ ਦੀ ਜਾਣਕਾਰੀ ਪੰਜਾਬ ਪੁਲਸ ਨੇ ਦਿੱਤੀ।
ਜਵਾਬ : ਇਹ ਤਾਂ ਜਾਂਚ ਦਾ ਵਿਸ਼ਾ ਹੈ। ਜਾਂਚ ’ਚ ਸਭ ਸਾਹਮਣੇ ਆ ਜਾਵੇਗਾ।

ਨੋਟ :ਕੀ ਤੁਸੀਂ ਨਵਜੋਤ ਸਿੱਧੂ ਦੇ ਬਿਆਨ ਨਾਲ ਸਹਿਮਤ ਹੋ ਜਾਂ ਨਹੀਂ ? ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News