ਸਿੱਧੂ ਵਾਲੀ ਸਥਿਤੀ ''ਚ ਪਹੁੰਚੀ ਹਰਸਿਮਰਤ, ਭਾਜਪਾ ਤੋਂ ਰੁੱਸੀ (ਵੀਡੀਓ)
Tuesday, Aug 06, 2019 - 06:49 PM (IST)
ਜਲੰਧਰ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੱਧੂ ਵਾਲੀ ਸਥਿਤੀ 'ਚ ਪਹੁੰਚੇ ਜਾਪ ਰਹੇ ਹਨ। ਬੀਬਾ ਬਾਦਲ ਆਪਣੀ ਭਾਈਵਾਲ ਪਾਰਟੀ ਭਾਜਪਾ ਪਾਰਟੀ ਤੋਂ ਇੰਨ੍ਹੀ ਦਿਨੀਂ ਨਰਾਜ਼ ਹਨ ਕਿਉਂਕਿ 17ਵੀਂ ਲੋਕ ਸਭਾ 'ਚ ਉਨ੍ਹਾਂ ਦੀ ਸੀਟ ਪਿੱਛੇ ਕਰ ਦਿੱਤੀ ਗਈ ਹੈ। ਪਿਛਲੀ ਲੋਕ ਸਭਾ 'ਚ ਉਹ ਪਹਿਲੀ ਲਾਈਨ 'ਚ ਬੈਠਦੇ ਸਨ ਪਰ ਇਸ ਵਾਰ ਉਨ੍ਹਾਂ ਦੀ ਸੀਟ ਦੂਸਰੀ ਲਾਈਨ 'ਚ ਕਰ ਦਿੱਤੀ ਗਈ ਹੈ। ਨਵਜੋਤ ਸਿੱਧੂ ਵਾਲੀ ਸਥਿਤੀ ਇਸ ਲਈ ਕਿਉਂਕਿ ਪੰਜਾਬ ਕੈਬਨਿਟ 'ਚੋਂ ਅਸਤੀਫਾ ਦੇਣ ਤੋਂ ਬਾਅਦ ਸਿੱਧੂ ਨੂੰ ਪੰਜਾਬ ਵਿਧਾਨ ਸਭਾ 'ਚ ਦੂਸਰੀ ਕਤਾਰ ਦੇ ਅੰਤ 'ਚ ਬੈਠਣ ਲਈ ਸੀਟ ਅਲਾਟ ਕੀਤੀ ਗਈ ਹੈ। ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਦੀ ਸੀਨੀਅਰਤਾ ਕਾਂਗਰਸ ਦੇ ਛੇ ਵਾਰ ਵਿਧਾਇਕ ਰਹੇ ਰਾਕੇਸ਼ ਪਾਂਡੇ ਤੋਂ ਬਾਅਦ ਬਣ ਗਈ ਹੈ।
ਦੂਜੇ ਪਾਸੇ ਹਰਸਿਮਰਤ ਨੇ ਮੁਹਰਲੀ ਸੀਟ ਨਾ ਮਿਲਣ 'ਤੇ ਇਸਦੀ ਸ਼ਿਕਾਇਤ ਸੰਸਦੀ ਕਾਰਜਕਾਰੀ ਪ੍ਰਹਲਾਦ ਜੋਸ਼ੀ ਕੋਲ ਵੀ ਕੀਤੀ। ਜਿਸ 'ਤੇ ਉਨ੍ਹਾਂ ਕਿਹਾ ਕਿ ਜੇ. ਡੀ. ਯੂ. ਦੇ ਅਕਾਲੀ ਦਲ ਨਾਲੋਂ ਜ਼ਿਆਦਾ ਸਾਂਸਦ ਹਨ ਅਤੇ ਇਸੇ ਦੇ ਚਲਦਿਆਂ ਉਨ੍ਹਾਂ ਦੀ ਸੀਟ ਪਹਿਲੀ ਲਾਈਨ ਤੋਂ ਦੂਸਰੀ ਲਾਈਨ 'ਚ ਕੀਤੀ ਗਈ ਹੈ। ਇਸ ਤੋਂ ਨਾਰਾਜ਼ ਹਰਸਿਮਰਤ ਕੌਰ ਨੇ ਕਿਹਾ ਕਿ ਉਹ ਅਮਿਤ ਸ਼ਾਹ ਨੂੰ ਮਿਲਣਗੇ ਪਰ ਸ਼ਾਹ ਨੇ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ।
ਦੱਸ ਦੇਈਏ ਕਿ ਇਸ ਵਾਰ ਦੀਆਂ ਚੋਣਾਂ 'ਚ ਅਕਾਲੀ ਦਲ ਨੂੰ ਸਿਰਫ 2 ਸੀਟਾਂ ਮਿਲੀਆਂ ਹਨ। ਹਰਸਿਮਰਤ ਤੇ ਉਨ੍ਹਾਂ ਦੇ ਪਤੀ ਸੁਖਬੀਰ ਬਾਦਲ ਹੀ ਚੋਣ ਜਿੱਤ ਕੇ ਪਾਰਲੀਮੈਂਟ ਪਹੁੰਚੇ ਹਨ। 2 ਸਾਂਸਦਾਂ ਵਾਲੀ ਪਾਰਟੀ ਹੋਣ ਦੇ ਬਾਵਜੂਦ ਸੁਖਬੀਰ ਬਾਦਲ ਨੂੰ ਵੀ ਦੂਸਰੀ ਲਾਈਨ 'ਚ ਬੈਠਣ ਦੀ ਜਗਾਹ ਮਿਲੀ। ਭਾਜਪਾ ਦੇ ਸਾਂਸਦ ਪ੍ਰਬੰਧਕਾਂ ਦਾ ਕਹਿਣਾ ਕਿ ਅਕਾਲੀ ਦਲ ਲਈ ਇਸ ਤੋਂ ਜ਼ਿਆਦਾ ਨਹੀਂ ਕੀਤਾ ਜਾ ਸਕਦਾ, ਉਨ੍ਹਾਂ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ 2 ਸਾਂਸਦਾਂ ਦੇ ਬਾਵਜੂਦ ਅਕਾਲੀ ਦਲ ਨੂੰ ਦੂਸਰੀ ਲਾਈਨ 'ਚ ਬੈਠਣ ਨੂੰ ਜਗਾਹ ਮਿਲੀ ਹੈ। ਬਹਿਰਹਾਲ ਇਸ ਵਾਰ ਬਿਹਾਰ ਤੋਂ ਭਾਜਪਾ ਦੀ ਸਹਿਯੋਗੀ ਪਾਰਟੀ ਜਨਤਾ ਦਲ ਯੂ ਨੂੰ ਅਗਲੀ ਲਾਈਨ 'ਚ ਜਗ੍ਹਾ ਮਿਲੀ ਹੈ। ਬਾਕੀ ਸਹਿਯੋਗੀ ਤੇ ਵਿਰੋਧੀ ਪਾਰਟੀਆਂ ਦੇ ਸਾਂਸਦਾਂ ਦੀ ਬੈਠਣ ਦੀ ਵਿਵਸਥਾ ਲਗਭਗ ਪਿਛਲੀ ਵਾਰ ਵਾਂਗ ਹੀ ਹੈ। ਭਾਜਪਾ ਦੇ ਮੰਤਰੀਆਂ ਸਾਹਮਣੇ ਬੈਠਣ ਦੀ ਵਿਵਸਥਾ ਜ਼ਰੂਰ ਥੋੜੀ ਬਦਲੀ ਹੈ।