ਭਾਜਪਾ ਲਈ ਸੌਖੀ ਨਹੀਂ ਹੋਵੇਗੀ 2022 ਦੀ ‘ਡਗਰ’, ਕਿਸਾਨ ਅੰਦੋਲਨ ਬਣਿਆ ਆਲੋਚਨਾ ਦਾ ਮੁੱਖ ਕੇਂਦਰ

Monday, Mar 22, 2021 - 08:44 AM (IST)

ਭਾਜਪਾ ਲਈ ਸੌਖੀ ਨਹੀਂ ਹੋਵੇਗੀ 2022 ਦੀ ‘ਡਗਰ’, ਕਿਸਾਨ ਅੰਦੋਲਨ ਬਣਿਆ ਆਲੋਚਨਾ ਦਾ ਮੁੱਖ ਕੇਂਦਰ

ਗੁਰਦਾਸਪੁਰ (ਹਰਮਨ) - ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ’ਚ ਆਪਣੇ ਦਮ ’ਤੇ ਸਰਕਾਰ ਬਣਾਉਣ ਦਾ ਸੁਫ਼ਨਾ ਦੇਖ ਰਹੀ ਭਾਰਤੀ ਜਨਤਾ ਪਾਰਟੀ ਲਈ ਹੁਣ ਅਗਲੇ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੀ ‘ਡਗਰ’ ਸੌਖੀ ਨਹੀਂ ਪ੍ਰਤੀਤ ਹੋ ਰਹੀ। ਇਸ ਮੌਕੇ ਇਸ ਪਾਰਟੀ ਦੇ ਹਮਾਇਤੀਆਂ ਦੇ ਦਾਅਵੇ ਭਾਵੇਂ ਕੁਝ ਹੋਣ ਪਰ ਹਾਲਾਤ ਇਹ ਬਣ ਚੁੱਕੇ ਹਨ ਕਿ ਪਹਿਲਾਂ ਹੀ ਪਿੰਡਾਂ ’ਚ ਮਜ਼ਬੂਤ ਆਧਾਰ ਤੋਂ ਸੱਖਣੀ ਇਹ ਪਾਰਟੀ ਹੁਣ ਕਿਸਾਨਾਂ ਸਮੇਤ ਹੋਰ ਕਈ ਵਰਗਾਂ ਦੀ ਆਲੋਚਨਾ ਦਾ ਕੇਂਦਰ ਬਣ ਚੁੱਕੀ ਹੈ।

ਵੱਡੀ ਤਰਾਸਦੀ ਇਹ ਦਿਖਾਈ ਦੇ ਰਹੀ ਹੈ ਕਿ ਪਿਛਲੇ ਸਮੇ ਦੌਰਾਨ ਹੋਰ ਪਾਰਟੀਆਂ ਛੱਡ ਇਸ ਪਾਰਟੀ ’ਚ ਆਉਣ ਦਾ ਮਨ ਬਣਾ ਚੁੱਕੇ ਕਈ ਆਗੂਆਂ ਨੇ ਵੀ ਹਾਲ ਦੀ ਘੜੀ ਇਸ ਪਾਰਟੀ ਤੋਂ ਮੂੰਹ ਮੁੜਿਆ ਹੋਇਆ ਹੈ। ਪਾਰਟੀ ਦੇ ਸ਼ੁਭਚਿੰਤਕਾ ਲਈ ਇਹ ਗੱਲ ਵੀ ਕਿਸੇ ਵੱਡੀ ਪ੍ਰੇਸ਼ਾਨੀ ਤੋਂ ਘੱਟ ਨਹੀਂ ਕਿ ਪਾਰਟੀ ਦੇ ਅੰਦਰ ਦੇ ਵੀ ਹਾਲਾਤ ਜ਼ਿਆਦਾ ਸਾਜ਼ਗਾਰ ਨਹੀਂ ਹਨ।

ਢੰਗ ਟਪਾ ਰਹੇ ਹਨ ਕਈ ਆਗੂ
ਭਾਰਤੀ ਜਨਤਾ ਪਾਰਟੀ ਨੂੰ ਪੇਂਡੂ ਖੇਤਰ ’ਚ ਬੂਥ ਪੱਧਰ ’ਤੇ ਲਿਜਾਣ ਦੇ ਸਮਰੱਥ ਜ਼ਿਆਦਾਤਰ ਭਾਜਪਾ ਆਗੂਆਂ ਦਾ ਪਿਛੋਕੜ ਕਿਸਾਨੀ ਨਾਲ ਜੁੜਿਆ ਹੋਇਆ ਹੈ ਪਰ ਕਿਸਾਨ ਅੰਦੋਲਨ ਕਾਰਮ ਅਜਿਹੇ ਆਗੂ ਚੁੱਪ ਧਾਰੀ ਬੈਠੇ ਹਨ। ਖ਼ਾਸ ਤੌਰ ’ਤੇ ਪਾਰਟੀ ਕੋਲ ਜਿਹੜੇ ਸਿੱਖ ਚਿਹਰੇ ਹਨ, ਉਨ੍ਹਾਂ ’ਚੋਂ ਜ਼ਿਆਦਾਤਰ ਆਗੂ ਹਾਲ ਦੀ ਘੜੀ ਸਮਾਂ ਟਪਾਉਣ ਵਾਲੀ ਨੀਤੀ ’ਤੇ ਚੱਲ ਰਹੇ ਹਨ। ਇਹ ਗੱਲ ਕਿਸੇ ਤੋਂ ਛੁਪੀ ਹੋਈ ਨਹੀਂ ਕਿ ਪਿਛਲੇ ਕਈ ਦਹਾਕਿਆਂ ਤੋਂ ਅਨੇਕਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪੇਂਡੂ ਖੇਤਰ ’ਚ ਆਪਣਾ ਆਧਾਰ ਮਜ਼ਬੂਤ ਨਹੀਂ ਕਰ ਸਕੀ।

ਪਾਰਟੀ ਨੇ ਬੇਸ਼ੱਕ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰ ਕੇ ਸਰਕਾਰ ਹੰਡਾਈ ਸੀ ਪਰ ਫਿਰ ਵੀ ਪਾਰਟੀ ਦਾ ਜ਼ਿਆਦਾਤਰ ਆਧਾਰ ਸ਼ਹਿਰਾਂ ਤੱਕ ਹੀ ਸੀਮਤ ਰਿਹਾ ਹੈ। ਹੁਣ ਜਦੋਂ ਮੁੜ ਚੋਣਾਂ ਸਿਰ ’ਤੇ ਆ ਰਹੀਆਂ ਹਨ ਤਾਂ ਕਿਸਾਨ ਅੰਦੋਲਨ ਸਮੇਤ ਕਈ ਕਾਰਣ ਦੇ ਚਲਦਿਆਂ ਅਕਾਲੀ ਦਲ ਨਾਲੋਂ ਭਾਜਪਾ ਦੇ ਹੋਏ ਤੋੜ ਵਿਛੋੜੇ ਕਾਰਣ ਪਾਰਟੀ ਦਾ ਸਾਰਾ ਦਾਰੋਮਦਾਰ ਸ਼ਹਿਰਾਂ ਤੱਕ ਸਿਮਟਦਾ ਜਾ ਰਿਹਾ ਹੈ। ਇਥੋਂ ਤੱਕ ਕਿ ਸ਼ਹਿਰਾਂ ਅੰਦਰ ਹਾਲ ਵਿਚ ਹੋਈਆਂ ਨਗਰ ਕੌਂਸਲ ਚੋਣਾਂ ਦੌਰਾਨ ਵੀ ਪਾਰਟੀ ਦੇ ਚੋਣ ਨਤੀਜੇ ਇਸ ਕੌਮੀ ਪਾਰਟੀ ਦੇ ਸ਼ੁਭਚਿੰਤਕਾਂ ਨੂੰ ਨਿਰਾਸ਼ ਕਰਨ ਵਾਲੇ ਹਨ।

ਨੇੜਲੇ ਭਵਿੱਖ ’ਚ ਸੌਖਾ ਨਹੀਂ ਹੋਵੇਗਾ ਖੁੱਸਿਆ ਹੋਇਆ ਆਧਾਰ ਬਚਾਉਣਾ
ਅਜਿਹੀ ਸਥਿਤੀ ’ਚ ਹੁਣ ਜਿਸ ਢੰਗ ਨਾਲ ਪੰਜਾਬ ਦੇ ਕਿਸਾਨਾਂ ਅਤੇ ਹੋਰ ਵਰਗਾਂ ਦੇ ਲੋਕਾਂ ਦੇ ਮਨਾਂ ’ਚ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਵਿਰੁੱਧ ਗੁੱਸਾ ਚਰਮ ਸੀਮਾ ’ਤੇ ਹੈ। ਉਸ ਅਨੁਸਾਰ ਨਿਕਟ ਭਵਿੱਖ ’ਚ ਅਜਿਹਾ ਕਹਿਣਾ ਜਾਂ ਸਮਝਣਾ ਤਰਕਸੰਗਤ ਨਹੀਂ ਹੋਵੇਗਾ ਕਿ ਇਹ ਪਾਰਟੀ ਪੰਜਾਬ ਦੇ ਪੇਂਡੂ ਖੇਤਰ ’ਚ ਆਪਣੇ ਖੁੱਸੇ ਹੋਏ ਆਧਾਰ ਨੂੰ ਜਲਦੀ ਪ੍ਰਾਪਤ ਕਰ ਕੇ ਸੂਬੇ ’ਚ ਇਕੱਲੇ ਆਪਣੇ ਦਮ ’ਤੇ ਸਰਕਾਰ ਬਣਾਉਣ ਦਾ ਸੁਫ਼ਨਾ ਪੂਰਾ ਕਰ ਸਕੇਗੀ। ਪਾਰਟੀ ਦੇ ਸ਼ੁਭ ਚਿੰਤਕਾਂ ਲਈ ਸਭ ਤੋਂ ਵੱਡੀ ਨਿਰਾਸ਼ਾ ਵਾਲੀ ਗੱਲ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਪਾਰਟੀ ਦੇ ਕੁਝ ਆਗੂਆਂ ’ਤੇ ਸੰਗੀਨ ਦੋਸ਼ ਲੱਗੇ ਹਨ। 

ਦੁਚਿਤੀ ’ਚ ਹਨ ਕਈ ਆਗੂ
ਪਾਰਟੀ ਵੱਲੋਂ ਹੁਣ ਸਿੱਖ ਭਾਈਚਾਰੇ ਦੀ ਬਜਾਏ ਦਲਿਤ ਭਾਈਚਾਰੇ ਨੂੰ ਜ਼ਿਆਦਾ ਤਰਜੀਹ ਦੇਣ ਸਬੰਧੀ ਚਰਚਾਵਾਂ ਵੀ ਚਲ ਰਹੀਆਂ ਹਨ। ਇਸ ਨਾਲ ਪਾਰਟੀ ’ਚ ਹੀ ਚੰਗੇ ਅਹੁਦਿਆਂ ਤੋਂ ਸੱਖਣੇ ਆਗੂ ਆਪਣੇ ਆਪ ਨੂੰ ਦੁਚਿੱਤੀ ’ਚ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਦਾ ਆਉਣ ਵਾਲਾ ਭਵਿੱਖ ਇਸ ਪਾਰਟੀ ’ਚ ਕਿਹੋ ਜਿਹਾ ਹੋਵੇਗਾ?

ਇਕੱਲੇ ਮਾਝੇ ਖੇਤਰ ਦੀ ਘੋਖ ਕੀਤੀ ਜਾਵੇ ਤਾਂ ਇਸ ਖੇਤਰ ’ਚ ਪਾਰਟੀ ਦਾ ਕੋਈ ਵੀ ਅਜਿਹਾ ਵੱਡਾ ਸਿੱਖ ਚਿਹਰਾ ਨਹੀਂ ਹੈ, ਜੋ ਇਸ ਖੇਤਰ ਦੇ ਪਿੰਡਾਂ ’ਚ ਭਾਰਤੀ ਜਨਤਾ ਪਾਰਟੀ ਦਾ ਝੰਡਾ ਬੁਲੰਦ ਕਰ ਸਕੇ। ਅਜਿਹੇ ਹਾਲਾਤਾਂ ’ਚ ਪਾਰਟੀ ਦੇ ਕਈ ਆਗੂ ਇਸ ਗੱਲ ਦੀ ਉਡੀਕ ’ਚ ਹਨ ਕਿ ਪੇਂਡੂ ਖੇਤਰ ’ਚ ਆਪਣਾ ਖੁੱਸਿਆ ਆਧਾਰ ਮਜ਼ਬੂਤ ਕਰਨ ਅਤੇ ਨਿਰਾਸ਼ਾ ਦਾ ਸਾਹਮਣਾ ਕਰ ਰਹੇ ਆਗੂਆਂ ਸਬੰਧੀ ਪਾਰਟੀ ਕਦੋਂ ਅਤੇ ਕਿੰਨੀ ਸੰਜੀਦਗੀ ਦਿਖਾਏਗੀ।


author

rajwinder kaur

Content Editor

Related News