ਜਨਮ ਦਿਹਾੜੇ ’ਤੇ ਵਿਸ਼ੇਸ਼ : ‘ਦ ਬਲੈਕ ਪ੍ਰਿੰਸ:ਮਹਾਰਾਜਾ ਦਲੀਪ ਸਿੰਘ’

Sunday, Sep 06, 2020 - 01:49 PM (IST)

ਜਨਮ ਦਿਹਾੜੇ ’ਤੇ ਵਿਸ਼ੇਸ਼ : ‘ਦ ਬਲੈਕ ਪ੍ਰਿੰਸ:ਮਹਾਰਾਜਾ ਦਲੀਪ ਸਿੰਘ’

29 ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਅੱਖਾਂ ਮੀਟ ਜਾਣ ਉਪਰੰਤ ਲਾਹੌਰ ਦਰਬਾਰ ’ਚ ਬੁਰਛਾਗਰਦੀ ਸ਼ੁਰੂ ਹੋ ਗਈ। ਸ਼ੇਰੇ ਪੰਜਾਬ ਦਾ ਵੱਡਾ ਬੇਟਾ ਖੜਕ ਸਿੰਘ ਮਹਾਰਾਜਾ ਬਣਿਆਂ ਪਰ ਉਹ ਛੇਤੀ ਹੀ 5 ਨਵੰਬਰ 1840 ਨੂੰ ਚੜ੍ਹਾਈ ਕਰ ਗਏ। ਉਨ੍ਹਾਂ ਦੇ ਸੰਸਕਾਰ ਤੋਂ ਵਾਪਸ ਆਉਂਦਿਆਂ, ਗੱਦੀ ਦੇ ਅਗਲੇ ਦਾਅਵੇਦਾਰ ਮਹਾਰਾਜਾ ਖੜਕ ਸਿੰਘ ਦੇ ਬੇਟੇ ਕੰਵਰ ਨੌ ਨਿਹਾਲ ਸਿੰਘ ਨੂੰ, ਡੋਗਰਿਆਂ ਦਰਵਾਜ਼ੇ ਦੀ ਡਿਊੜੀ ਗਿਰਾ ਕੇ ਮਰਵਾ ਦਿੱਤਾ। ਕੰਵਰ ਨੌਨਿਹਾਲ, ਸ਼ਹੀਦ ਸ਼ਾਮ ਸਿੰਘ ਅਟਾਰੀ ਵਾਲਾ ਦੀ ਬੇਟੀ ਨਾਨਕੀ ਨੂੰ ਵਿਆਹਿਆ ਹੋਇਆ ਸੀ। ਨੌਨਿਹਾਲ ਦੀ ਮਾਤਾ ਮਹਾਰਾਣੀ ਚੰਦ ਕੌਰ ਨੇ ਖ਼ਬਰ ਆਮ ਕਰ ਦਿੱਤੀ ਕਿ, ਨੌਨਿਹਾਲ ਦੀ ਪਤਨੀ ਗਰਭਵਤੀ ਹੈ, ਸੋ ਉਹ ਆਉਣ ਵੇਲੇ ਛੋਟੇ ਕੰਵਰ ਦੇ ਨਾਂ ਪੁਰ ਆਪ ਮਹਾਰਾਣੀ ਬਣ ਗਈ। ਉਸ ਨੂੰ ਵੀ ਗੋਲੀਆਂ ਪਾਸੋਂ ਜ਼ਹਿਰ ਦਿਵਾ ਕੇ ਮਰਵਾ ਦਿੱਤਾ ਗਿਆ। ਉਪਰੰਤ ਮਹਾਰਾਜਾ ਰਣਜੀਤ ਸਿੰਘ ਦਾ ਅਗਲਾ ਪੁੱਤਰ ਸ਼ੇਰ ਸਿੰਘ ਰਾਜਾ ਬਣਿਆਂ। ਇਸ ਨੂੰ ਵੀ ਸੰਧਾਵਾਲੀਆ ਸਰਦਾਰਾਂ ਸ:ਲਹਿਣਾ ਸਿੰਘ ਤੇ ਸ:ਅਜੀਤ ਸਿੰਘ ਨੇ ਸਮੇਤ ਉਸ ਦੇ ਬੇਟੇ ਟਿੱਕਾ ਪਰਤਾਪ ਸਿੰਘ ਤੇ ਬੁਰਛਾਗਰਦੀ ਪਿੱਛੇ ਪੁਆੜੇ ਦੀ ਜੜ੍ਹ ਧਿਆਨ ਸਿੰਘ ਡੋਗਰਾ, 15 ਸਤੰਬਰ 1843 ਨੂੰ ਕਤਲ ਕਰ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਣੀ ਜ਼ਿੰਦਾ ਦੇ ਸੱਭ ਤੋਂ ਛੋਟੇ ਬੇਟੇ, 6 ਸਤੰਬਰ 1838 ਨੂੰ ਜਨਮੇ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ’ਤੇ ਬਿਠਾ ਦਿੱਤਾ। ਰਾਜ ਪਰਬੰਧ ਰਾਣੀ ਜ਼ਿੰਦਾ ਅਤੇ ਉਹਦੇ ਭਾਈ ਸ:ਜਵਾਹਰ ਸਿੰਘ ਔਲਖ ਦੇ ਹੱਥ ਰਿਹਾ। ਸ਼ਾਹ ਮੁਹੰਮਦ ਆਪਣੇ ਜੰਗਨਾਮੇ ਚ ਇੰਝ ਕੀਰਨੇ ਪਾਉਂਦਾ ਹੈ।-

'ਸਿਰ ਫੌਜ ਦੇ ਰਿਹਾ ਨਾ ਕੋਈ ਕੁੰਡਾ
ਫਿਰਦੇ ਸ਼ੁੱਤਰ ਜਿਓਂ ਬਾਝ ਮੁਹਾਰ ਮੀਆਂ
ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ
ਭੂਤ ਮੰਡਲੀ ਹੋਈ ਤਿਆਰ ਮੀਆਂ '

29 ਮਾਰਚ 1849 ਨੂੰ ਫਿਰੰਗੀ ਨੇ ਲਾਹੌਰ ਸੰਧੀ ਨੂੰ ਛਿੱਕੇ ਟੰਗ ਕੇ ਪੰਜਾਬ ’ਤੇ ਕਬਜ਼ਾ ਕਰ ਲਿਆ। ਡਲਹੌਜੀ ਦੀ ਇਸ ਭੈੜੀ ਚਾਲ ’ਤੇ ਇਕ ਈਮਾਨਦਾਰ ਗੋਰਾ ਮੇਜਰ ਐਡਵਰਡ ਟਿੱਪਣੀ ਕਰਦਾ ਹੈ, " ਅਣਜਾਣ ਲੋਕ ਸਾਨੂੰ ਬੇਕਸੂਰ ਮਨ ਲੈਣ ਪਰ ਰੱਬ ਅਤੇ ਸਾਡੀ ਜ਼ਮੀਰ ਕਦਾਚਿਤ ਨਹੀਂ ਮਨ ਸਕੇਗੀ।"- ਇਸ ਬਾਲ ਮਹਾਰਾਜਾ ਨੂੰ 50,000 ਪੌਂਡ ਸਾਲਾਨਾ ਪੈਨਸ਼ਨ ਮੁਕੱਰਰ ਕਰਕੇ ਮਹਾਰਾਜਾ ਸ਼ੇਰ ਸਿੰਘ ਦੇ ਸ਼ਹਿਜ਼ਾਦੇ ਸਹਿਦੇਵ ਸਿੰਘ ਸਮੇਤ, ਫਤਿਹਗੜ੍ਹ UP ’ਚ ਈਸਾਈ ਪ੍ਰਚਾਰਕ ਮਿਸਟਰ ਲੋਗਨ ਪਾਸ ਭੇਜ ਦਿੱਤਾ। ਜਿਸ ਨੇ ਕੇਵਲ 13 ਸਾਲ ਦੇ ਬਾਲ ਮਹਾਰਾਜਾ ਦੇ ਜਿਹਨ ’ਚ ਸਬਜ਼ ਬਾਗ਼ ਦਿਖਾ ਦਿਖਾ, ਈਸਾਈਅਤ ਨੂੰ ਕੁੱਟ-ਕੁੱਟ ਭਰ ਦਿੱਤਾ ਕਿ ਮਹਾਰਾਜਾ ਦਲੀਪ ਸਿੰਘ ਨੇ ਜਿੱਥੇ ਆਪਣੀ ਸਿੱਖ ਮੰਗੇਤਰ ਜੋ, ਹਜ਼ਾਰਾ ਦੇ ਗਵਰਨਰ ਸਰਦਾਰ ਚਤਰ ਸਿੰਘ ਦੀ ਬੇਟੀ ’ਤੇ ਸਰਦਾਰ ਸ਼ੇਰ ਸਿੰਘ ਅਟਾਰੀ ਵਾਲਾ ਦੀ ਭੈਣ ਸੀ ਨਾਲ ਸ਼ਾਦੀ ਰਚਾਉਣ ਤੋਂ ਨਾਂਹ ਕਰ ਦਿੱਤੀ ਉਥੇ ਲਾਹੌਰ ਖ਼ਾਲਸਾ ਦਰਬਾਰ /ਪੰਜਾਬ ਨੂੰ ਵੀ ਵਿਸਾਰ ਦਿੱਤਾ। ਅਗੇ ਜਾ ਕੇ 8 ਮਾਰਚ 1853 ਨੂੰ ਉਹ ਬਪਤਿਸਮਾ ਲੈ ਕੇ ਈਸਾਈ ਬਣ ਗਏ।ਇਸ ਦਾ ਖੁਲਾਸਾ ਮਿਸਟਰ ਲੋਗਨ, ਲੇਡੀ ਲੋਗਨ ਨੂੰ ਲਿਖੇ ਖ਼ਤਾਂ ’ਚ ਇੰਝ ਕਰਦਾ ਹੈ-

1-ਇਹ ਮੁੰਡਾ ਬਹੁਤ ਚੁਸਤ ਹੈ। ਪਰ ਮੈਂ ਬਾਰ ਲੋ ਅਤੇ ਟਾਮੀ ਸਕਾਟ ਨਾਲ ਮਿਲ ਕੇ ਇਸ ਨੂੰ ਛੇਤੀ ਆਪਣੇ ਰਾਹਾਂ ’ਤੇ ਤੋਰ ਲਵਾਂਗਾ।
2-ਮੇਰਾ ਵਿਚਾਰ ਹੈ ਕਿ ਮਹਾਰਾਜਾ ਹੁਣ ਆਪਣੀ ਮਾਂ ਨੂੰ ਮਿਲਣ ਦੀ ਇੱਛਾ ਨਹੀਂ ਰੱਖਦਾ। ਉਹ ਰਾਣੀ, ਸ਼ੇਰੇ ਪੰਜਾਬ ਤੇ ਪੰਜਾਬ ਦੀ ਗੱਲ ਕਰੀਏ ਤਾਂ ਖਿਝਦਾ ਹੈ।

PunjabKesari

ਇਸ ਘਟਨਾ ਕਰਮ ਦੇ ਪਿੱਛੋਂ ਮਹਾਰਾਜਾ ਨੂੰ 19 ਅਪ੍ਰੈਲ 1854 ਦੇ ਦਿਨ ਈਸਾਈ ਮੰਡਲੀ ਨਾਲ ਇੰਗਲੈਂਡ ਨੂੰ ਵਿਦਾ ਕਰਦਿਆਂ ਲਾਰਡ ਡਲਹੌਜ਼ੀ ਨੇ ਮਹਾਰਾਜਾ ਨੂੰ ਬਾਈਬਲ ਦੀ ਕਾਪੀ ਭੇਟ ਕਰਦਿਆਂ ਕਿਹਾ, " ਪਿਆਰੇ ਮਹਾਰਾਜ, ਇਹ ਕਾਪੀ ਮੈਂ ਤਾਂ ਭੇਟ ਕਰ ਰਿਹੈਂ ਤਾਂ ਜੋ ਤੂੰ ਮੈਨੂੰ ਜੀਵਨ ਭਰ ਯਾਦ ਰੱਖੇਂ।"

ਮਹਾਰਾਜਾ ਦਾ ਦਿਲ ਜਿੱਤਣ ਜਾਂ ਬਹਿਲਾਉਣ ਲਈ ਉਸ ਨੂੰ ਸ਼ਾਹੀ ਪਰਿਵਾਰ ਨਾਲ ਕੁਝ ਸਮਾ ਸ਼ਾਹੀ ਮਹੱਲ ਓਸਬੋਰਨ ਹਾਊਸ ਵਿੱਚ ਰੱਖਿਆ ਗਿਆ। ਉਪਰੰਤ 19 ਮਾਰਚ 1854 ਨੂੰ ਲੰਡਨ ਦੇ ਬਾਹਰੀ ਨਾਰਫੋਕ ਦੇ ਐਲਵੇਡਨ ਪਾਰਕ ਵਿੱਚ ਵਸਾ ਦਿੱਤਾ। ਬਾਅਦ ’ਚ ਉਹ ਸਕਾਟਲੈਂਡ ਦੇ ਕਸਬਾ ਪਰਥਸ਼ਾਇਰ ’ਚ ਰਹਿਣ ਲੱਗੇ। ਜਿਥੇ ਉਨ੍ਹਾਂ ਪਾਸ ਵੱਡਾ ਮਹਿਲ ਤੇ ਕਾਫੀ ਜਗੀਰ ਸੀ।ਉਹ ਉਥੇ The Black Prince of Perth shire ਨਾਲ ਮਸ਼ਾਹੂਰ ਹੋਏ। 1857 ਦੇ ਗ਼ਦਰ,ਸੰਧਾਵਾਲੀਆ ਸਰਦਾਰਾਂ ਦੇ ਮੁੜ ਮਿਲਾਪ ਅਤੇ ਫਿਰੰਗੀ ਦੀ ਬੇਰੁਖੀ ਨੇ ਮਹਾਰਾਜਾ ਦੇ ਦਿਲ ਚ ਮੁੜ 'ਸੋਜ਼-ਏ-ਵਤਨ' ਦੀ ਚਿਣਗ ਲਾਈ। ਉਸ ਨੂੰ ਆਪਣੀ ਮਾਂ ਅਤੇ ਲਾਹੌਰ ਦਰਬਾਰ ਦੀ ਤੜਫ ਸਤਾਉਣ ਲੱਗੀ।ਉਹ ਫਰਵਰੀ 1861 ਨੂੰ ਭਾਰਤ ਪਹੁੰਚਿਆ ਤਾਂ ਭਾਰਤੀਆਂ, 21 ਤੋਪਾਂ ਦੀ ਸਲਾਮੀ ਦਿੱਤੀ।

ਉਹਨੇ ਆਪਣੇ ਖੁੱਸੇ ਰਾਜ ਦੀ ਮੁੜ ਬਹਾਲੀ ਲਈ ਉਚ ਭਾਰਤੀਆਂ ਨਾਲ ਵੱਖ ਵੱਖ ਬੈਠਕਾਂ ਕੀਤੀਆਂ ਪਰ ਫਿਰੰਗੀ ਨੇ ਉਸ ਨੂੰ ਪੰਜਾਬ ਜਾਣ ਦੀ ਆਗਿਆ ਨਾ ਦਿੱਤੀ। ਲਾਰਡ ਕੈਨਿੰਗ ਨੂੰ ਖ਼ਬਰ ਹੋਈ ਤਾਂ ਉਹਨੇ ਰਾਣੀ ਜ਼ਿੰਦਾ ਅਤੇ ਮਹਾਰਾਜਾ ਨੂੰ ਮੁਲਾਕਾਤ ਦੇ ਸਥਾਨ ਰਾਣੀ ਗੰਜ ਤੋਂ ਛੇਤੀ ਤੋਂ ਛੇਤੀ ਮੁੜ ਵਲੈਤ ਭੇਜਣ ਦਾ ਆਦੇਸ਼ ਦਿੱਤਾ। ਵਲੈਤ ’ਚ ਹੀ 1863 ਦੀ ਅਗਸਤ ਨੂੰ ਰਾਣੀ ਜ਼ਿੰਦਾ, ਅਕਤੂਬਰ ਨੂੰ ਮਿਸਟਰ ਲੋਗਨ ਅਤੇ ਦਸੰਬਰ ਨੂੰ ਮਹਾਰਾਜਾ ਦੇ ਅੰਗਰੇਜ ਬੇਲੀ ਮਿਸਟਰ ਕਨਸੋਰਟ ਦੇ ਚਲਾਣਾ ਕਰ ਜਾਣ ’ਤੇ ਮਹਾਰਾਜਾ ਬਹੁਤ ਬੇਚੈਨ ਰਹਿਣ ਲੱਗਾ। ਉਹ ਰਾਣੀ ਜ਼ਿੰਦਾ ਦੇ ਫੁੱਲ ਅਤੇ ਰਾਖ ਲੈ ਕੇ ਬੰਬਈ ਆਣ ਉਤਰਿਆ ਤਾਂ ਫਿਰੰਗੀ ਹਕੂਮਤ ਨੇ ਉਹਨੂੰ ਹਰਦੁਆਰ/ਅੰਬਰਸਰ ਜਾਣ ਦੀ ਆਗਿਆ ਨਾ ਦਿੱਤੀ। ਮਜ਼ਬੂਰਨ ਮਹਾਰਾਜਾ ਰਾਣੀ ਦੇ ਫੁੱਲ/ਰਾਖ ਨਾਸਿਕ ਵਿਖੇ ਨਰਬਦਾ ਨਦੀ ਚ ਬਹਾ ਕੇ ਵਾਪਸ ਮੁੜ ਗਏ।

ਵਲੈਤ ਵਾਪਸ ਜਾਂਦਿਆਂ ਉਹਨਾ ਮਿਸਰ ਦੇ ਸ਼ਹਿਰ ਅਦਨ ਵਿਖੇ ਮਿਸਰੀ ਲੜਕੀ ਬੰਬਾ ਮੂਲਰ ਨਾਲ 7 ਜੂਨ 1864 ਨੂੰ ਸ਼ਾਦੀ ਰਚਾ ਲਈ। ਉਪਰੰਤ ਉਹਦੇ ਘਰ 3 ਧੀਆਂ ਤੇ 3 ਪੁੱਤਰ ਪੈਦਾ ਹੋਏ। ਹੁਣ ਮਹਾਰਾਜਾ ਦੀ ਪੈਂਨਸ਼ਨ ਤੇ ਹੋਰ ਸਹੂਲਤਾਂ ’ਚ ਹੋਰ ਵਧੇਰੇ ਕਟੌਤੀ ਕਰ ਦਿੱਤੀ ਗਈ। ਇਥੋਂ ਤੱਕ ਕਿ ਉਸ ਨੂੰ ਲਾਹੌਰ ਦਰਬਾਰ ਜਾਂ ਹੋਰ ਬਾਹਰੀ ਨਿੱਜੀ ਸੰਪਤੀ ’ਚੋਂ ਕੋਈ ਹਿੱਸਾ ਨਾ ਦਿੱਤਾ ਗਿਆ। ਗੋਰਾ ਸਰਕਾਰ ਤੇ ਮਹਾਰਾਜਾ ਵਿਚ ਪਾੜਾ ਇਸ ਕਦਰ ਵਧ ਗਿਆ ਕਿ ਇਕ ਦਿਨ ਮਹਾਰਾਜਾ ਨੇ ਭਾਰਤੀ ਵਤਨ ਪਰਸਤਾਂ ਦੇ ਨਾਮ ਪੁਰ ਖ਼ਤ ਲਿਖਿਆ -

" ਪਿਆਰੇ ਭਾਰਤ ਵਾਸੀਓ: ਮੇਰਾ ਇੰਗਲੈਂਡ ਛੱਡਣ ਦਾ ਕੋਈ ਵਿਚਾਰ ਨਹੀਂ ਸੀ। ਪਰ ਵਾਹਿਗੁਰੂ ਜੀ ਦੀ ਇੱਛਾ ਹੈ, ਮੈਂ ਆ ਰਿਹਾ ਹਾਂ। ਮੈਂ ਸਿੱਖ ਧਰਮ ਛੱਡ, ਈਸਾਈ ਹੋਣ ਦੀ ਸੱਚੇ ਦਿਲੋਂ ਮੁਆਫੀ ਮੰਗਦਾ ਹਾਂ। ਮੈਂ ਨਿਆਣਪੁਣੇ ’ਚ ਗਲਤੀ ਕੀਤੀ ਹੈ। ਮੈਂ ਭਾਰਤ ਆਉਣਾ ਚਾਹੁੰਦਾ ਹਾਂ ਪਰ ਮੇਰੇ ਰਸਤੇ ’ਚ ਰੁਕਾਵਟਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ ।" 

ਤੁਹਾਡਾ ਲਹੂ ਅਤੇ ਮਾਸ: ਦਲੀਪ ਸਿੰਘ ਇਹ ਚਿੱਠੀ 17 ਅਪ੍ਰੈਲ 1886 ਦੀ ਟ੍ਰਿਬਿਊਨ ਅਖ਼ਬਾਰ ’ਚ ਛਪੀ।

PunjabKesari

ਦਲੀਪ ਸਿੰਘ ਚੜ੍ਹਦੇ ਅਪ੍ਰੈਲ 1886 ’ਚ ਭਾਰਤ ਲਈ ਤੁਰਿਆ ਤਾਂ ਲਾਰਡ ਡਫਰਨ ਦੇ ਹੁਕਮ ਤੇ ਉਸ ਨੂੰ ਅਦਨ ਦੀ ਬੰਦਰਗਾਹ ਤੋਂ ਮੁੜ ਵਾਪਸ ਮੋੜ ਦਿੱਤਾ। ਇਥੇ ਮਹਾਰਾਜਾ ਨੇ ਅੰਮ੍ਰਿਤ ਵੀ ਛਕਿਆ। ਇੰਗਲੈਂਡ ਪੁੱਜਦਿਆਂ ਮਹਾਰਾਜਾ ਨੇ ਸਰਕਾਰੀ ਪੈਂਨਸ਼ਨ ਅਤੇ ਹੋਰ ਸਾਰੀਆਂ ਸਹੂਲਤਾਂ ਲੈਣੀਆਂ ਖ਼ੁਦ ਬੰਦ ਕਰ ਦਿੱਤੀਆਂ। ਉਪਰੰਤ ਉਨ੍ਹਾਂ ਫਰਾਂਸ ਅਤੇ ਪਾਂਡੀਚੇਰੀ ਪਹੁੰਚਣ ਦਾ ਯਤਨ ਕੀਤਾ ਪਰ ਅਸਫਲ ਰਹੇ। ਫਿਰ ਉਹ 1887 ’ਚ ਜਰਮਨ ਰਾਹੀਂ ਰੂਸ ਮਦਦ ਲਈ ਗਏ। ਉਸ ਨੇ ਭਾਰਤੀ ਖਾਸ ਕਰ ਪੰਜਾਬੀਆਂ ਦੇ ਨਾਮ ਅਖਬਾਰਾਂ ਰਾਹੀਂ ਬੇਨਤੀ ਕੀਤੀ ਕਿ ਹਰ ਭਾਰਤੀ ਇਕ ਪਾਈ ਤੇ ਹਰ ਪੰਜਾਬੀ ਇਕ ਆਨਾ ਰੋਜ਼ਾਨਾ ਮਦਦ ਕਰੇ ਤਾਂ ਕਿ ਉਹ ਫਿਰੰਗੀ ਪਾਸੋਂ ਰੂਸੀ ਸਹਿਯੋਗ ਨਾਲ ਖੁੱਸੇ ਪੰਜਾਬ ਨੂੰ ਮੁੜ ਪਰਾਪਤ ਕਰੇ ਸਕੇ।

ਅਫਸੋਸ ਕਿ ਨਾ ਤਾਂ ਉਸ ਨੂੰ ਰੂਸ ਤੇ ਨਾ ਹੀ ਵਤਨ ਪਰਸਤਾਂ ਤੋਂ ਉਸ ਨੂੰ ਕੋਈ ਹੁੰਗਾਰਾ ਮਿਲਿਆ। ਇਥੇ ਹੀ ਉਸ ਨੂੰ ਆਪਣੀ ਪਤਨੀ ਬੰਬਾ ਮੂਲਰ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਕਿ ਦੋਹਰੀ ਨਿਰਾਸ਼ਾ ’ਚ ਉਹ ਵਾਪਸ ਫਰਾਂਸ ਪਰਤ ਆਏ। ਜਿਥੇ ਉਸ ਨੇ ਪੈਰਿਸ ਦੀ ਇਕ ਮੇਮ ਐਡਾ ਡੌਗਲਸ ਨਾਲ ਸ਼ਾਦੀ ਰਚਾਈ। ਉਸ ਦੀ ਕੁੱਖ ਤੋਂ ਦੋ ਲੜਕੀਆਂ ਪੈਦਾ ਹੋਈਆਂ। ਅਖ਼ੀਰ  ਮਹਾਰਾਜਾ ਦਲੀਪ ਸਿੰਘ ਗ਼ੁਮਨਾਮੀ ਅਤੇ ਫਟੇ ਹਾਲ ਦੀ ਸਥਿਤੀ ’ਚ ਪੈਰਿਸ ਦੇ ਹੋਟਲ ਵਿੱਚ 23 ਅਕਤੂਬਰ 1893 ਨੂੰ ਅੱਖਾਂ ਮੀਟ ਗਿਆ । ਉਸ ਦੀ ਹੁਣ ਤੱਕ ਬਚੀ ਆਖ਼ਰੀ ਨਿਸ਼ਾਨੀ ਵੱਡੀ ਬੇਟੀ ਬੰਬਾ ਦਲੀਪ ਸਿੰਘ 104-A ਮਾਡਲ ਟਾਊਨ ਲਾਹੌਰ ਰਹਿੰਦਿਆਂ ਬੇ-ਔਲਾਦ 10 ਮਾਰਚ 1957 ਨੂੰ ਸਵਰਗਵਾਸ ਹੋ ਗਈ ।

ਮਹਾਰਾਜਾ ਦਲੀਪ ਸਿੰਘ ਦੀ ਬੇ-ਬਸੀ ’ਤੇ ਇਕ ਪੇਂਡੂ ਜਗਿਆਸੂ ਸਿੱਖ ਬਜ਼ੁਰਗ ਲੰਬੜਦਾਰ ਨੇ ਬਹੁਤ  ਨਿਰਾਸ਼ਾ ’ਚ ਇੰਝ ਟਿੱਪਣੀ ਕੀਤੀ-

"ਮਹਾਰਾਜਾ ਦਲੀਪ ਸਿੰਘ ਦੀ ਫਿਰੰਗੀ ਨੇ ਵਾਹ ਨਹੀਂ ਚੱਲਣ ਦਿੱਤੀ। ਉਸ ਵਕਤ ਸਹੂਲਤਾਂ ਅਤੇ ਪਰਚਾਰ ਹਿੱਤ ਮੀਡੀਆ ਦੀ ਵੀ ਵੱਡੀ ਘਾਟ ਸੀ। ਪੰਜਾਬ ’ਚ ਸਿਰ ਦੀ ਬਾਜੀ ਲਾਉਣ ਲਈ ਕੋਈ ਯੋਗ ਸਰਦਾਰ ਵੀ ਨਾ ਨਿੱਤਰਿਆ ਤਦੋਂ। ਪਰ ਇਦੇ ਨਾਲ ਹੀ ਵੱਡਾ ਝੋਰਾ ਹੋਰ ਵੀ ਏ। ਉਹ ਇਹ ਕਿ ਦਲੀਪ ਸਿਹੁੰ ਵਲੋਂ ਕਿਸੇ ਖਾਨਦਾਨੀ ਸਿੱਖ ਸਰਦਾਰ ਦੀ ਬੇਟੀ ਨਾਲ ਸ਼ਾਦੀ ਰਚਾਉਣ ਨਾਲੋਂ ਮੇਮਾ ਨਾਲ ਹੀ ਸ਼ਾਦੀਆਂ ਰਚਾਈਆਂ ਗਈਆਂ। ਜਿਸ ਦਾ ਅੰਜ਼ਾਮ ਇਹ ਹੋਇਆ ਕਿ ਜਿਥੇ ਮਹਾਰਾਜਾ ਖ਼ੁਦ ਆਪਣੀ ਅਮੀਰ ਵਿਰਾਸਤ ਤੋਂ ਟੁੱਟਾ ਰਿਹਾ ਉਥੇ ਉਸ ਦੀ ਸੰਤਾਨ ਵੀ ਮਹਾਰਾਜਾ ਦੇ ਅਮੀਰ ਪਿਛੋਕੜ ਨੂੰ ਪਛਾਣ ਨਾ ਸਕੀ। ਦਲੀਪ ਸਿਹੁੰ ਦੀ ਬੇਟੀ ,ਬੰਬਾ ਦਲੀਪ ਸਿੰਘ ਦਾ ਲਾਹੌਰ ਵਿਖੇ, ਏਡਵਰਡ ਮੈਡੀਕਲ ਕਾਲਜ ਦੇ ਗੋਰਾ (ਪ੍ਰਿੰਸੀਪਲ ਡਾ: ਡੇਵਿਡ ਵਾਟਰਜ ਸੁਦਰਲੈਂਡ) ਨਾਲ ਅਤੇ ਉਸ ਦੀ ਹੰਗਰੀ ਤੋਂ ਸਹਾਇਕ (ਮੈਰੀ ਐਂਟੋਨੀਨੈੱਟ) ਨਾਲ ਰਈਸ ਉਮਰਾਓ ਸਿੰਘ ਸ਼ੇਰਗਿੱਲ (ਮਸ਼ਹੂਰ ਆਰਟਿਸਟ ਅੰਮ੍ਰਿਤਾ ਸ਼ੇਰਗਿੱਲ ਦੇ ਪਿਤਾ) ਦਾ ਸ਼ਾਦੀ ਰਚਾਉਣਾ ਵੀ ਇਸੇ ਕੜੀ ਦਾ ਹਿੱਸਾ ਹੈ। ਅੱਜ ਵੀ ਵਿਦੇਸ਼ਾਂ ’ਚ ਸਿੱਖ ਜੁਆਨੀ ਵਲੋਂ ਗ਼ੈਰ ਪੰਜਾਬੀਆਂ ਨਾਲ ਵਿਆਹ ਕਰਵਾਉਣਾ ਆਪਣੀਆਂ ਨਸਲਾਂ ਨੂੰ ਜੜੋਂ ਉਖਾੜਣ ਅਤੇ ਅਮੀਰ ਵਿਰਾਸਤ ਦੇ ਚੀਰ ਹਰਨ ਤੁੱਲਬ ਦਸਤੂਰ ਜਾਰੀ ਹੈ। ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ।" 

ਲੇਖਕ : ਸਤਵੀਰ ਸਿੰਘ ਚਾਨੀਆਂ
92569-73526


author

rajwinder kaur

Content Editor

Related News