ਸੀ. ਏ. ਏ. ਦਾ ਵਿਰੋਧ ਕਰਨਾ ਜਨਤਾ ਨਾਲ ਵੱਡਾ ਸਿਆਸੀ ਫਰਾਡ : ਬੀਰਦਵਿੰਦਰ ਸਿੰਘ

01/25/2020 2:40:47 PM

ਫਤਿਹਗੜ੍ਹ ਸਾਹਿਬ (ਜੱਜੀ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨਾ ਲੋਕਾਂ ਨਾਲ ਵੱਡੀ ਸਿਆਸੀ ਠੱਗੀ ਹੈ, ਜੇਕਰ ਅਕਾਲੀ ਸੀ. ਏ. ਏ. ਦੇ ਹੱਕ 'ਚ ਨਹੀਂ ਹਨ ਤਾਂ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਕੇ ਹੀ ਹੁਣ ਪੰਜਾਬ ਮੁੜਨ। ਇਹ ਪ੍ਰਗਟਾਵਾ ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਅਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬੀਰਦਵਿੰਦਰ ਸਿੰਘ ਨੇ ਪਿੰਡ ਕੋਟਲਾ ਭਾਈਕਾ ਵਿਖੇ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਬੀਰਦਵਿੰਦਰ ਸਿੰਘ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾ ਕੇ ਰਾਜਨੀਤੀ ਕੀਤੀ ਹੈ ਪਰ ਸੀ. ਏ. ਏ. ਕਾਨੂੰਨ ਨੇ ਇਨ੍ਹਾਂ ਦਾ ਅਸਲੀ ਚਿਹਰਾ ਨੰਗਾ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਦੋਵਾਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ 'ਚ ਮੀਆਂ-ਬੀਵੀ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਸਮੇਤ ਅਤੇ ਅਕਾਲੀ ਮੈਂਬਰਾ ਨੇ ਸੀ. ਏ. ਏ. ਦੇ ਹੱਕ 'ਚ ਵੋਟ ਦਿੱਤੇ ਅਤੇ ਹੁਣ ਲੋਕਾਂ ਨੂੰ ਕਹਿ ਰਹੇ ਹਨ ਕਿ ਅਸੀਂ ਸੀ. ਏ. ਏ. ਦਾ ਸਿਧਾਂਤਕ ਤੌਰ 'ਤੇ ਵਿਰੋਧ ਕਰ ਰਹੇ ਹਾਂ ਇਸ ਲਈ ਦਿੱਲੀ 'ਚ ਚੋਣਾਂ ਲਈ ਭਾਜਪਾ ਨਾਲ ਗੱਲਬਾਤ ਟੁੱਟ ਗਈ ਪਰ ਪੰਜਾਬ ਦੇ ਲੋਕਾਂ ਨੂੰ ਬਾਦਲਾਂ ਦੀ ਇਹ ਸਿਆਸੀ ਠੱਗੀ ਹਜ਼ਮ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਚੋਣਾਂ ਦੀ ਅਸਲ ਸੱਚਾਈ ਤਾਂ ਇਹ ਹੈ ਕਿ ਦੇਸ਼ ਦੀਆਂ ਖੁਫੀਆ ਏਜੰਸੀਆਂ ਨੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਇਹ ਖੁਫੀਆਂ ਰਿਪੋਰਟ ਦਿੱਤੀ ਸੀ ਕਿ ਬਹਿਬਲ ਕਲਾਂ ਗੋਲੀ ਕਾਂਡ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੋਲਕਾਂ ਦੀ ਦੁਰਵਰਤੋਂ ਕਾਰਣ ਸਮੁੱਚੀ ਸਿੱਖ ਕੌਮ ਤੇ ਸੰਗਤ ਦੇ ਮਨਾਂ 'ਚ ਬਾਦਲਾਂ ਦੇ ਖਿਲਾਫ ਭਾਰੀ ਰੋਸ ਹੈ। ਇਸ ਲਈ ਦਿੱਲੀ ਚੋਣਾਂ 'ਚ ਭਾਜਪਾ ਨੂੰ ਅਕਾਲੀ ਦਲ ਨਾਲ ਗਠਜੋੜ ਕਰਨ ਦਾ ਨੁਕਸਾਨ ਹੋ ਸਕਦਾ ਹੈ।

ਬਾਦਲਾਂ ਦੀ ਪਤਲੀ ਹਾਲਤ ਨੂੰ ਦੇਖ ਕੇ ਭਾਜਪਾ ਨੇ ਦਿੱਲੀ 'ਚ ਬਾਦਲਾਂ ਨੂੰ ਠੁੱਠਾ ਦਿਖਾ ਦਿੱਤਾ ਹੈ। ਪੰਜਾਬ ਦੇ ਲੋਕ ਬਾਦਲਾਂ ਦੀਆਂ ਲੂੰਬੜ ਚਾਲਾਂ ਨੂੰ ਸਮਝ ਚੁੱਕੇ ਹਨ ਤੇ ਆਉਣ ਵਾਲੇ ਸਮੇਂ 'ਚ ਬਾਦਲਾਂ ਨੂੰ ਆਟੇ ਲੂਣ ਦਾ ਭਾਅ ਦੱਸ ਦੇਣਗੇ। ਉਨ੍ਹਾਂ ਕਿਹਾ ਕਿ ਪਹਿਲਾ ਹਰਿਆਣਾ ਤੇ ਹੁਣ ਦਿੱਲੀ 'ਚ ਭਾਜਪਾ ਨੇ ਬਾਦਲਾਂ ਨਾਲੋਂ ਗਠਜੋੜ ਕਰਨ ਤੋਂ ਕਿਨਾਰਾ ਕਰ ਲਿਆ, ਜਿਸ ਤੋਂ ਸਾਫ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ 'ਚੋਂ ਵੀ ਭਾਜਪਾ ਨਾਲੋਂ ਤਾਂ ਤੋੜ-ਵਿਛੋੜਾ ਹੋ ਜਾਵੇਗਾ ਤੇ ਪੰਜਾਬ ਦੇ ਲੋਕ ਬਾਦਲਾਂ ਦਾ ਵੀ ਬੋਰੀ ਬਿਸਤਰਾ ਗੋਲ ਕਰ ਦੇਣਗੇ। ਇਸ ਮੌਕੇ ਗੁਰਨਾਮ ਸਿੰਘ ਭੈਰੋਂਪੁਰ, ਜਸਵੀਰ ਸਿੰਘ ਬੰਟੀ, ਲਖਵੀਰ ਸਿੰਘ ਰਾਈਮਾਜਰਾ, ਹਰਚੰਦ ਸਿੰਘ ਅਨਾਇਤਪੁਰਾ ਅਤੇ ਹੋਰ ਹਾਜ਼ਰ ਸਨ।


Anuradha

Content Editor

Related News