ਮਜੀਠੀਆ-ਸੰਜੇ ਮਾਣਹਾਨੀ ਕੇਸ ਦੀ ਅਗਲੀ ਸੁਣਵਾਈ 24 ਅਪ੍ਰੈਲ ਨੂੰ
Thursday, Apr 11, 2019 - 11:42 AM (IST)
ਲੁਧਿਆਣਾ (ਮਹਿਰਾ) : ਪੰਜਾਬ ਦੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਐੱਮ. ਪੀ. ਸੰਜੇ ਸਿੰਘ ਖਿਲਾਫ ਦਾਇਰ ਮਾਣਹਾਨੀ ਕੇਸ 'ਚ ਬੀਤੇ ਦਿਨ ਕੋਈ ਗਵਾਹੀ ਨਾ ਹੋਣ ਕਾਰਨ ਅਦਾਲਤ ਨੇ ਇਸ ਦੀ ਸੁਣਵਾਈ 24 ਅਪ੍ਰੈਲ ਤੱਕ ਟਾਲ ਦਿੱਤੀ ਹੈ। ਅਦਾਲਤ ਨੇ ਬਿਕਰਮ ਸਿੰਘ ਮਜੀਠੀਆ ਦੀਆਂ ਹੋਰਨਾਂ ਗਵਾਹੀਆਂ ਨੂੰ ਲੈ ਕੇ ਇਸ ਨੂੰ ਰੱਦ ਕਰਦੇ ਹੋਏ ਬਾਕੀ ਗਵਾਹੀਆਂ ਕਰਾਉਣ ਲਈ ਕਿਹਾ ਸੀ ਪਰ ਕੋਈ ਗਵਾਹੀ ਨਾ ਹੋਣ ਕਾਰਨ ਕੇਸ ਨੂੰ ਟਾਲਣ 'ਤੇ ਜ਼ੋਰ ਦਿੱਤਾ ਗਿਆ। ਮਜੀਠੀਆ ਵਲੋਂ ਆਪਣੇ ਕੇਸ ਨੂੰ ਸਾਬਿਤ ਕਰਨ ਲਈ ਅਦਾਲਤ 'ਚ ਅਖਬਾਰਾਂ ਦੇ ਅਧਿਕਾਰੀ ਦੀ ਗਵਾਹੀ ਕਰਵਾਈ ਜਾ ਚੁੱਕੀ ਹੈ ਪਰ ਇਕ ਹੋਰ ਅਖਬਾਰ ਦੀ ਗਵਾਹੀ ਬਾਕੀ ਹੈ, ਨਾਲ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਅਤੇ ਮਜੀਠੀਆ ਅਦਾਲਤ 'ਚ ਪੇਸ਼ ਨਹੀਂ ਹੋਏ ਅਤੇ ਉਨ੍ਹਾਂ ਵਲੋਂ ਉਨ੍ਹਾਂ ਦੇ ਵਕੀਲਾਂ ਨੇ ਉਨ੍ਹਾਂ ਦੀ ਹਾਜ਼ਰੀ ਮੁਆਫ ਕਰਨ ਲਈ ਅਰਜ਼ੀ ਲਾਈ ਸੀ। ਅਦਾਲਤ ਨੇ ਹੋਰ ਗਵਾਹੀਆਂ ਨਾ ਹੋਣ ਕਾਰਨ ਕੇਸ ਦੀ ਅਗਲੀ ਸੁਣਵਾਈ 24 ਅਪ੍ਰੈਲ ਲਈ ਟਾਲਦੇ ਹੋਏ ਬਿਕਰਮ ਸਿੰਘ ਮਜੀਠੀਆ ਨੂੰ ਆਪਣੀਆਂ ਗਵਾਹੀਆਂ ਕਰਾਉਣ ਲਈ ਕਿਹਾ ਹੈ।