ਨਵਜੋਤ ਸਿੱਧੂ ਨਾਲ ਬਹਿਸ ਤੋਂ ਬਾਅਦ, ਮਜੀਠੀਆ ਨੇ ਚੁੱਕੇ ਵੱਡੇ ਸਵਾਲ
Monday, Feb 18, 2019 - 07:19 PM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵਲੋਂ ਪੇਸ਼ ਕੀਤੇ ਗਏ ਬਜਟ ਦੌਰਾਨ ਸਦਨ ਵਿਚ ਭਾਰੀ ਹੰਗਾਮਾ ਹੋਇਆ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵਿਚਾਲੇ ਹੋਈ ਤਿੱਖੀ ਨੋਕ-ਝੋਕ ਤੋਂ ਬਾਅਦ ਸਪੀਕਰ ਵਲੋਂ ਅਕਾਲੀ-ਭਾਜਪਾ ਵਿਧਾਇਕਾਂ ਨੂੰ ਸਦਨ 'ਚੋਂ ਬਾਹਰ ਕਰ ਦਿੱਤਾ ਗਿਆ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਬਿਕਰਮ ਸਿੰਘ ਮਜੀਠੀਆ ਨੇ ਵਿਧਾਨ ਸਭਾ ਸਪੀਕਰ 'ਤੇ ਪੱਖਪਾਤ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਵਿਧਾਨ ਸਭਾ ਵਿਚ ਨਿੰਦਾ ਪ੍ਰਸਤਾਅ ਲੈ ਕੇ ਆਉਣਾ ਚਾਹੁੰਦੇ ਸਨ, ਜਿਸ ਬਾਬਤ ਉਨ੍ਹਾਂ ਬਕਾਇਦਾ ਸਪੀਕਰ ਨੂੰ ਬੇਨਤੀ ਵੀ ਕੀਤੀ ਸੀ ਪਰ ਮਤਾ ਲਿਆਉਣ ਦੀ ਗੱਲ ਆਖਣ ਦੇ ਬਾਵਜੂਦ ਸਪੀਕਰ ਰਾਣਾ ਕੇ. ਪੀ. ਸਿੰਘ ਆਪਣੀ ਗੱਲ ਤੋਂ ਮੁਕਰ ਗਏ ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਵਿੱਤ ਮੰਤਰੀ ਦੇ ਭਾਸ਼ਣ ਦਾ ਵਿਰੋਧ ਕਰਨਾ ਪਿਆ।
ਅਕਾਲੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬਜਟ ਦੀ ਸ਼ੁਰੂਆਤ 'ਚ ਹੀ ਉਨ੍ਹਾਂ ਸਪੀਕਰ ਨੂੰ ਮਤਾ ਲਿਆਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਉਹ ਸਿਰਫ ਸਰਕਾਰ ਤੋਂ ਨਵਜੋਤ ਸਿੱਧੂ ਦੇ ਬਿਆਨ 'ਤੇ ਸਪੱਸ਼ੀਕਰਨ ਲੈਣਾ ਚਾਹੁੰਦੇ ਸੀ। ਮਜੀਠੀਆ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਪਰਮਿੰਦਰ ਪਿੰਕੀ ਨੂੰ ਜ਼ੀਰੋ ਆਵਰ 'ਚ ਮਤਾ ਲਿਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਅਤੇ ਉਨ੍ਹਾਂ ਦਾ ਮਤਾ ਪਾਸ ਵੀ ਹੋ ਗਿਆ ਪਰ ਜਦੋਂ ਉਨ੍ਹਾਂ ਨੇ ਮਤਾ ਲਿਆਉਣ ਦੀ ਮੰਗ ਕੀਤੀ ਤਾਂ ਸਪੀਕਰ ਨੇ ਉਨ੍ਹਾਂ ਨੂੰ ਇਨਕਾਰ ਕਰ ਦਿੱਤਾ।
ਜੇਕਰ ਕਾਂਗਰਸੀ ਵਿਧਾਇਕ ਜ਼ੀਰੋ ਆਵਰ 'ਚ ਮਤਾ ਲਿਆ ਸਕਦਾ ਹੈ ਫਿਰ ਅਕਾਲੀ ਵਿਧਾਇਕ ਕਿਉਂ ਨਹੀਂ। ਮਜੀਠੀਆ ਨੇ ਕਿਹਾ ਕਿ ਜੇਕਰ ਅਸੀਂ ਅਸੈਂਬਲੀ ਵਿਚ ਆਪਣੀ ਗੱਲ ਨਹੀਂ ਰੱਖ ਸਕਦੇ, ਫਿਰ ਕਿੱਥੇ ਰੱਖਾਂਗੇ। ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਤਾਨਾਸ਼ਾਹੀ ਅਤੇ ਸਪੀਕਰ ਦੇ ਪੱਖਪਾਤੀ ਰਵੱਈਏ ਕਾਰਨ ਹੀ ਬਜਟ ਸੈਸ਼ਨ 'ਚ ਹੰਗਾਮਾ ਹੋਇਆ ਹੈ।