ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ

05/13/2023 5:57:11 PM

ਜਲੰਧਰ : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਆਮ ਆਦਮੀ ਪਾਰਟੀ ਵਲੋਂ ਮੈਦਾਨ ਵਿਚ ਉਤਾਰੇ ਗਏ ਸੁਸ਼ੀਲ ਕੁਮਾਰ ਰਿੰਕੂ ਨੂੰ 302097 ਵੋਟਾਂ ਹਾਸਲ ਹੋਈਆਂ ਹਨ। ਇਸ ਤੋਂ ਇਲਾਵਾ ਕਾਂਗਰਸ ਦੀ ਕਰਮਜੀਤ ਕੌਰ ਚੌਧਰੀ 243450 ਵੋਟਾਂ ਨਾਲ ਦੂਜੇ ਨੰਬਰ ’ਤੇ ਰਹੇ ਹਨ। ਸੁਸ਼ੀਲ ਰਿੰਕੂ ਨੇ 58691 ਵੋਟਾਂ ਦੇ ਇਤਿਹਾਸਕ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਜਲੰਧਰ ਜ਼ਿਮਨੀ ਚੋਣ ਵਿਚ ਅਕਾਲੀ ਦਲ 158354 ਨਾਲ ਤੀਜੇ ਨੰਬਰ ’ਤੇ ਰਿਹਾ ਅਤੇ ਭਾਜਪਾ ਦੇ ਇੰਦਰਇਕਬਾਲ ਸਿੰਘ ਅਟਵਾਲ 134706 ਨਾਲ ਚੌਥੇ ਨੰਬਰ ’ਤੇ ਰਹੇ ਹਨ। ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਅਟਵਾਲ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ ਹਨ। 

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਦੇ ਨਤੀਜਿਆਂ ’ਤੇ ਭਾਜਪਾ ਦਾ ਪਹਿਲਾ ਬਿਆਨ ਆਇਆ ਸਾਹਮਣੇ

ਭਾਜਪਾ ਵਲੋਂ ਸਾਬਕਾ ਅਕਾਲੀ ਆਗੂ ਇੰਦਰਇਕਬਾਲ ਸਿੰਘ ਅਟਵਾਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ, ਜਦਕਿ ਅਕਾਲੀ ਦਲ ਵਲੋਂ ਡਾ. ਸੁਖਵਿੰਦਰ ਕੁਮਾਰ ਸੁੱਖੀ ਮੈਦਾਨ ਵਿਚ ਸਨ। ਭਾਜਪਾ ਆਗੂ ਅਟਵਾਲ ਨੂੰ ਕੁੱਲ 134706 ਵੋਟਾਂ ਪਈਆਂ ਅਤੇ ਡਾ. ਸੁੱਖੀ 158354 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੇ ਹਨ। ਪਿਛਲੀ ਚਾਰ ਵਾਰ ਕਾਂਗਰਸ ਇਸ ਸੀਟ ’ਤੇ ਜਿੱਤਦੀ ਰਹੀ ਹੈ। ਕਾਂਗਰਸ ਦੇ ਇਸ ਗੜ੍ਹ ਵਿਚ ਆਮ ਆਦਮੀ ਪਾਰਟੀ ਨੇ ਵੱਡੀ ਸੰਨ੍ਹ ਮਾਰੀ ਹੈ। ਸਵੇਰ ਤੋਂ ਹੀ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਵੱਡੀ ਲੀਡ ਨਾਲ ਅੱਗੇ ਚੱਲ ਰਹੇ ਸਨ ਅਤੇ ਉਨ੍ਹਾਂ ਦੇ ਘਰ ਸਮਰਥਕਾਂ ਦਾ ਵੱਡਾ ਜਮਾਵੜਾ ਹੋਣਾ ਸ਼ੁਰੂ ਹੋ ਗਿਆ। 

ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿਚ ਨੀਟੂ ਸ਼ਟਰਾਂਵਾਲੇ ਨੇ ਤੋੜੇ ਰਿਕਾਰਡ, ਪਈਆਂ ਰਿਕਾਰਡ ਵੋਟਾਂ

ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੰਭਾਲੀ ਸੀ ਚੋਣ ਪ੍ਰਚਾਰ ਕਮਾਨ 

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੀ ਕਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਸੰਭਾਲੀ ਹੋਈ ਸੀ। ਜਿਸ ਦੇ ਚੱਲਦੇ ਮੁੱਖ ਮੰਤਰੀ ਵਲੋਂ ਜਲੰਧਰ ਵਿਚ ਲਗਾਤਾਰ ਤਾਬੜ ਤੋੜ ਚੋਣ ਰੈਲੀਆਂ ਕੀਤੀਆਂ ਗਈਆਂ। ਮੁੱਖ ਮੰਤਰੀ ਖੁਦ ਜਲੰਧਰ ਵਿਚ ਰਹੇ ਅਤੇ ਜ਼ਮੀਨੀ ਪੱਧਰ ’ਤੇ ਵਰਕਰਾਂ ਨਾਲ ਵਿਚਰ ਕੇ ਕੁਦ ਮੀਟਿੰਗਾਂ ਕਰਦੇ ਰਹੇ। ਇਕ ਮੁੱਖ ਮੰਤਰੀ ਵਲੋਂ ਇਸ ਤਰ੍ਹਾਂ ਜ਼ਮੀਨੀਂ ਪੱਧਰ ’ਤੇ ਉੱਤਰ ਕੇ ਲੋਕਾਂ ਵਿਚ ਵਿਚਰਨਾ ਅਤੇ ਚੋਣ ਪ੍ਰਚਾਰ ਕਰਨਾ ਵੀ ਲੋਕਾਂ ਨੂੰ ਗਵਾਰਾ ਆਇਆ ਅਤੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਖੁੱਲ੍ਹ ਕੇ ਵੋਟ ਪਾਈ। ਦੂਜੇ ਪਾਸੇ ਹੁਣ ਇਹ ਵੀ ਸਾਬਤ ਹੋ ਗਿਆ ਹੈ ਕਿ ਸੂਬੇ ਦੇ ਲੋਕ ਹੁਣ ਇਲਜ਼ਾਮ ਬਾਜ਼ੀ ਵਾਲੀ ਸਿਆਸਤ ਵਿਚ ਨਹੀਂ ਸਗੋਂ ਤਰੱਕੀ ਅਤੇ ਕੰਮ ਕਰਨ ਵਾਲੀ ਸਿਆਸਤ ਵਿਚ ਵਿਸ਼ਵਾਸ ਰੱਖਣ ਲੱਗੇ ਹਨ। 

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ : ‘ਆਪ’ ਤੇ ਕਾਂਗਰਸ ’ਵਿਚਾਲੇ ਸਖ਼ਤ ਟੱਕਰ, ਅਕਾਲੀ ਦਲ ਨੇ ਭਾਜਪਾ ਨੂੰ ਪਛਾੜਿਆ

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News