ਫਰਜ਼ੀ NRI ਮੈਰਿਜ ਬਿਊਰੋ ਦੇ ਮਾਮਲੇ ''ਚ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਮੈਨੇਜਰ ਪੰਮਾ ਹਿਮਾਚਲ ਤੋਂ ਗ੍ਰਿਫ਼ਤਾਰ

Sunday, Oct 13, 2024 - 04:53 AM (IST)

ਜਲੰਧਰ (ਵਰੁਣ)– ਜੀ.ਟੀ.ਬੀ. ਨਗਰ ਤੋਂ ਚਲਾਏ ਜਾ ਰਹੇ ਫਰਜ਼ੀ ਐੱਨ.ਆਰ.ਆਈ. ਮੈਰਿਜ ਬਿਊਰੋ ਨੂੰ ਫੜੇ ਜਾਣ ਦੇ ਮਾਮਲੇ ਵਿਚ ਪੁਲਸ ਨੇ ਮੈਰਿਜ ਬਿਊਰੋ ਦੇ ਮੈਨੇਜਰ ਪਰਮਜੀਤ ਸਿੰਘ ਪੰਮਾ ਨੂੰ ਹਿਮਾਚਲ ਪ੍ਰਦੇਸ਼ ਦੇ ਪੀਰ ਨਿਗਾਹਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੂੰ 3 ਦਿਨ ਪਹਿਲਾਂ ਹੀ ਪੁਲਸ ਨੇ ਇਸ ਕੇਸ ਵਿਚ ਨਾਮਜ਼ਦ ਕੀਤਾ ਸੀ, ਜਿਸ ਦੇ ਨਾਲ-ਨਾਲ ਰਾਜਵਿੰਦਰ ਕੌਰ ਦਾ ਨਾਂ ਵੀ ਨਾਲ ਜੋੜਿਆ ਗਿਆ ਸੀ।

ਸੀ.ਆਈ.ਏ. ਸਟਾਫ ਦੇ ਇੰਚਾਰਜ ਸੁਰਿੰਦਰ ਕੁਮਾਰ ਕੰਬੋਜ ਨੇ ਦੱਸਿਆ ਕਿ ਪਰਮਜੀਤ ਸਿੰਘ ਉਰਫ ਪੰਮਾ ਅਤੇ ਰਾਜਵਿੰਦਰ ਕੌਰ ਨੂੰ ਨਾਮਜ਼ਦ ਕਰਨ ਤੋਂ ਬਾਅਦ ਉਹ ਦੋਵਾਂ ਦੀ ਗ੍ਰਿਫ਼ਤਾਰੀ ਲਈ ਤਕਨੀਕੀ ਢੰਗ ਨਾਲ ਅਤੇ ਮਨੁੱਖੀ ਵਸੀਲਿਆਂ ਜ਼ਰੀਏ ਉਨ੍ਹਾਂ ਦੀ ਭਾਲ ਕਰ ਰਹੇ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਰਮਜੀਤ ਸਿੰਘ ਪੰਮਾ ਇਸ ਸਮੇਂ ਪੀਰ ਨਿਗਾਹਾ ਵਿਚ ਹੈ, ਜਿਥੇ ਰੇਡ ਕਰ ਕੇ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਮੁਲਜ਼ਮ ਦੀ ਗ੍ਰਿਫ਼ਤਾਰੀ ਪਾਉਣ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਜ਼ਮਾਨਤ ਮਿਲ ਗਈ। ਪੁਲਸ ਦੀ ਮੰਨੀਏ ਤਾਂ ਪਰਮਜੀਤ ਸਿੰਘ ਪੰਮਾ ਇਕ ਛੋਟਾ ਜਿਹਾ ਪਿਆਦਾ ਹੈ। ਇਸ ਸਾਰੇ ਫਰਜ਼ੀ ਐੱਨ.ਆਰ.ਆਈ. ਮੈਰਿਜ ਬਿਊਰੋ ਦੀ ਕਮਾਨ ਖੁਦ ਕੈਨੇਡਾ ਬੈਠੇ ਪ੍ਰਦੀਪ ਬੈਂਸ ਦੇ ਹੱਥ ਵਿਚ ਹੈ। ਦੂਜੇ ਪਾਸੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਲੰਧਰ ਵਿਚ ਰੱਖਿਆ ਗਿਆ ਸਟਾਫ ਸਿਰਫ ਟ੍ਰੇਨਿੰਗ ਅਨੁਸਾਰ ਕਲਾਇੰਟਸ ਨੂੰ ਆਪਣੇ ਜਾਲ ਵਿਚ ਫਸਾਉਂਦਾ ਸੀ, ਜਿਸ ਤੋਂ ਬਾਅਦ ਆਪਣੀ ਐਪ ਵਿਚ ਫਰਜ਼ੀ ਪ੍ਰੋਫਾਈਲ ਬਣਾ ਕੇ ਪ੍ਰਤੀ ਕਲਾਇੰਟ 500 ਡਾਲਰ ਪ੍ਰਦੀਪ ਸਿੰਘ ਬੈਂਸ ਦੇ ਕੈਨੇਡਾ ਸਥਿਤ ਨਿੱਜੀ ਬੈਂਕ ਖਾਤੇ ਵਿਚ ਟਰਾਂਸਫਰ ਕਰਵਾਏ ਜਾਂਦੇ ਸਨ।

ਇਹ ਵੀ ਪੜ੍ਹੋ- ਬੱਚਿਆਂ ਨਾਲ ਦੁਸਹਿਰਾ ਦੇਖਣ ਜਾ ਰਹੇ ਈ-ਰਿਕਸ਼ਾ ਚਾਲਕ ਨੂੰ ਟਰੱਕ ਡਰਾਈਵਰ ਸਮਝ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ

2016 ਤੋਂ ਚੱਲ ਰਹੇ ਇਸ ਫਰਜ਼ੀ ਐੱਨ.ਆਰ.ਆਈ. ਮੈਰਿਜ ਬਿਊਰੋ ਵਿਚ ਹੋਰ ਕਈ ਲੋਕਾਂ ਦੇ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ਦੀ ਭੂਮਿਕਾ ਚੈੱਕ ਕੀਤੀ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿਚ ਇਸ ਮਾਮਲੇ ਵਿਚ ਹੋਰ ਵੀ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਹਾਲ ਹੀ ਵਿਚ ਨਾਮਜ਼ਦ ਕੀਤੀ ਰਾਜਿੰਦਰ ਕੌਰ ਅਜੇ ਫਰਾਰ ਹੈ, ਜਿਸ ਦੀ ਭਾਲ ਵਿਚ ਸੀ.ਆਈ.ਏ. ਸਟਾਫ ਦੀ ਟੀਮ ਲਗਾਤਾਰ ਛਾਪੇਮਾਰੀ ਕਰ ਰਹੀ ਹੈ।

ਦੱਸਣਯੋਗ ਹੈ ਕਿ ਸੀ.ਆਈ.ਏ. ਸਟਾਫ ਨੇ ਜੀ.ਟੀ.ਬੀ. ਨਗਰ ਵਿਚ ਰੇਡ ਕਰ ਕੇ ਫਰਜ਼ੀ ਐੱਨ.ਆਰ.ਆਈ. ਮੈਰਿਜ ਬਿਊਰੋ ਦਾ ਪਰਦਾਫਾਸ਼ ਕਰਦੇ ਹੋਏ ਮੌਕੇ ਤੋਂ 20 ਲੋਕਾਂ ਦਾ ਸਟਾਫ ਅਤੇ ਸਟਾਫ ਨੂੰ ਹੈਂਡਲ ਕਰ ਰਹੇ ਵਿਸ਼ਾਲ ਤੇ ਸੰਜੇ ਨਾਂ ਦੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਹਾਲਾਂਕਿ ਸਟਾਫ ਨੂੰ ਪੁਲਸ ਨੇ ਪੁੱਛਗਿੱਛ ਵਿਚ ਸਹਿਯੋਗ ਦੇਣ ਦਾ ਕਹਿ ਕੇ ਛੱਡ ਦਿੱਤਾ ਸੀ ਪਰ ਵਿਸ਼ਾਲ ਅਤੇ ਸੰਜੇ ਦੀ ਗ੍ਰਿਫ਼ਤਾਰੀ ਪਾ ਕੇ ਦੋਵਾਂ ਨੂੰ ਰਿਮਾਂਡ ’ਤੇ ਲਿਆ ਸੀ। ਪੁਲਸ ਨੇ ਫਰਜ਼ੀ ਐੱਨ.ਆਰ.ਆਈ. ਮੈਰਿਜ ਬਿਊਰੋ ਵਿਚੋਂ ਕੁਝ ਕੰਪਿਊਟਰ, ਪੈਨ ਡਰਾਈਵਜ਼ ਅਤੇ ਫੋਨ ਆਦਿ ਬਰਾਮਦ ਕੀਤੇ ਸਨ।

ਇਹ ਵੀ ਪੜ੍ਹੋ- ਦੁਸਹਿਰੇ ਵਾਲੇ ਦਿਨ ਹੋ ਗਿਆ ਅਨੋਖਾ 'ਕਾਂਡ', ਅੱਗ ਲੱਗਣ ਤੋਂ ਪਹਿਲਾਂ ਹੀ ਮੂਧੇ ਮੂੰਹ ਡਿੱਗਿਆ 'ਰਾਵਣ'

ਵਿਸ਼ਾਲ ਅਤੇ ਸੰਜੇ ਦੀ ਪੁੱਛਗਿੱਛ ਵਿਚ ਸਾਹਮਣੇ ਆਇਆ ਸੀ ਕਿ ਕੈਨੇਡਾ ਵਿਚ ਰਹਿੰਦਾ ਪ੍ਰਦੀਪ ਸਿੰਘ ਬੈਂਸ ਅਤੇ ਉਸਦੀ ਪਤਨੀ ਹੀ ਮਾਸਟਰ ਮਾਈਂਡ ਹਨ, ਜਿਹੜੇ 2016 ਤੋਂ ਇਸ ਮੈਰਿਜ ਬਿਊਰੋ ਨੂੰ ਹੈਂਡਲ ਕਰ ਰਹੇ ਸਨ। ਦੂਜੇ ਪਾਸੇ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਪ੍ਰਦੀਪ ਸਿੰਘ ਬੈਂਸ ਅਤੇ ਉਸਦੀ ਪਤਨੀ ਰੱਖੇ ਜਾਣ ਵਾਲੇ ਸਟਾਫ ਦੀ ਵੀਡੀਓ ਕਾਲਿੰਗ ਕਰ ਕੇ ਇੰਗਲਿਸ਼ ਵਿਚ ਇੰਟਰਵਿਊ ਲੈਂਦੇ ਸਨ ਅਤੇ ਜਿਸ ਨੌਜਵਾਨ ਜਾਂ ਲੜਕੀ ਦੀ ਇੰਗਲਿਸ਼ ਬੋਲਣ ਦੀ ਸਪੀਡ ਜ਼ਿਆਦਾ ਹੁੰਦੀ ਸੀ, ਉਸ ਨੂੰ ਉਹ ਕਰਮਚਾਰੀ ਵਜੋਂ ਨੌਕਰੀ ’ਤੇ ਰੱਖ ਲੈਂਦੇ ਸਨ।

ਮੁਲਜ਼ਮ ਇੰਨੇ ਚਲਾਕ ਸਨ ਕਿ ਉਨ੍ਹਾਂ ਆਪਣੇ ਸਟਾਫ ਨੂੰ ਵਿਦੇਸ਼ੀ ਨੰਬਰ ਦਿੱਤੇ ਹੋਏ ਸਨ। ਕੈਨੇਡਾ ਦੇ ਸਮੇਂ ਅਨੁਸਾਰ ਮੈਰਿਜ ਬਿਊਰੋ ਦਾ ਸਟਾਫ ਕਲਾਇੰਟ ਨਾਲ ਫੋਨ ’ਤੇ ਗੱਲਬਾਤ ਕਰਦਾ ਸੀ। ਇਨ੍ਹਾਂ ਲੋਕਾਂ ਨੇ ਕਈ ਪੰਜਾਬੀ ਐੱਨ.ਆਰ.ਆਈਜ਼ ਤੋਂ ਇਲਾਵਾ ਭਾਰਤ ਅਤੇ ਵਿਦੇਸ਼ ਵਿਚ ਰਹਿਣ ਵਾਲੇ ਲੋਕਾਂ ਨੂੰ ਵੀ ਠੱਗੀ ਦਾ ਸ਼ਿਕਾਰ ਬਣਾਇਆ ਹੈ। ਸੂਤਰਾਂ ਦਾ ਦਾਅਵਾ ਹੈ ਕਿ ਇਹ ਲੋਕ ਹੁਣ ਤਕ 120 ਤੋਂ 150 ਕਰੋੜ ਰੁਪਏ ਦੀ ਠੱਗੀ ਕਰ ਚੁੱਕੇ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News