ਸੋਸ਼ਲ ਮੀਡੀਆ ’ਤੇ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ
Monday, Jul 25, 2022 - 06:25 PM (IST)
ਮਾਨਸਾ (ਸੰਦੀਪ ਮਿੱਤਲ) : ਸੋਸ਼ਲ ਮੀਡੀਆ ’ਤੇ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਪਿਤਾ ਬਲਕੌਰ ਸਿੰਘ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਸਾਫ ਆਖਿਆ ਹੈ ਕਿ ਉਹ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਦਰਅਸਲ ਪਿੰਡ ਜਵਾਹਰਕੇ ਵਿਖੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਸੋਸ਼ਲ ਮੀਡੀਆ ਉਪਰ ਵਿਸ਼ਵਾਸ਼ ਨਾ ਕਰਿਓ ਕਿਉਂਕਿ ਉਨ੍ਹਾਂ ਦਾ ਪਰਿਵਾਰ ਕਦੇ ਵੀ ਆਪਣੀ ਹਵੇਲੀ ਛੱਡ ਕੇ ਬਾਹਰ ਨਹੀਂ ਜਾਵੇਗਾ ਅਤੇ ਨਾ ਹੀ ਕਿਸੇ ਗੈਂਗਸਟਰ ਜਾਂ ਕਿਸੇ ਹੋਰ ਵਿਅਕਤੀ ਦੀ ਧਮਕੀ ਤੋਂ ਡਰੇਗਾ। ਉਨ੍ਹਾਂ ਕਿਹਾ ਕਿ ਅੱਜ ਸੋਸ਼ਲ ਮੀਡੀਆ ਤਰ੍ਹਾਂ-ਤਰ੍ਹਾਂ ਦੀਆਂ ਗਲਤ ਅਫਵਾਹਾਂ ਫੈਲਾਅ ਰਿਹਾ ਹੈ ਪਰ ਸੋਸ਼ਲ ਮੀਡੀਆ ਉਨ੍ਹਾਂ ਦੇ ਪਰਿਵਾਰ ਬਾਰੇ ਗਲਤ ਅਫਵਾਹਾਂ ਫੈਲਾਉਣ ਤੋਂ ਬਾਜ਼ ਨਾ ਆਇਆ ਤਾਂ ਉਨ੍ਹਾਂ ਨੂੰ ਕੋਈ ਸਖ਼ਤ ਕਦਮ ਚੁੱਕਣਾ ਪਵੇਗਾ।
ਇਹ ਵੀ ਪੜ੍ਹੋ : ਸ਼ਾਰਪ ਸ਼ੂਟਰ ਮਨੂੰ ਕੁੱਸਾ ਤੇ ਜਗਰੂਪ ਰੂਪਾ ਦੇ ਐਨਕਾਊਂਟਰ ਤੋਂ ਬਾਅਦ ਗੋਲਡੀ ਬਰਾੜ ਨੇ ਪਾਈ ਪੋਸਟ
ਉਨ੍ਹਾਂ ਕਿਹਾ ਕਿ ਇਕ ਪਾਸੇ ਪਾਪੀਆਂ ਨੇ ਉਨ੍ਹਾਂ ਦੇ ਪੁੱਤ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ ਕੇ ਮਾਰ ਦਿੱਤਾ ਪਰ ਦੂਜੇ ਪਾਸੇ ਸਰਕਾਰਾਂ ਵਲੋਂ ਅਜਿਹੇ ਪਾਪੀਆਂ ਨੂੰ ਬੁਲੇਟ ਪਰੂਫ ਗੱਡੀਆਂ ਦੇ ਨਾਲ-ਨਾਲ ਹਾਈ ਸਕਿਓਰਿਟੀ ਦਿੱਤੀ ਜਾ ਰਹੀ ਹੈ ਜੋ ਤੁਰੰਤ ਵਾਪਸ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਜੇਲਾਂ ਵਿਚ ਬੰਦ ਪਾਪੀਆਂ ਦਾ ਨਾਸ਼ ਨਹੀਂ ਹੁੰਦਾ, ਲੋਕਾਂ ਦੇ ਸਹਿਯੋਗ ਨਾਲ ਜੰਗ ਲੜਦੇ ਰਹਿਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤ ਨੂੰ ਮਾਰਨ ਵਾਲੇ 2 ਸ਼ੂਟਰਾਂ ਨੂੰ ਗੋਲੀਆਂ ਨਾਲ ਭੁੰਨ ਕੇ ਪੁਲਸ ਨੇ ਜਿੱਥੇ ਬਹਾਦਰੀ ਦਾ ਕੰਮ ਕੀਤਾ ਹੈ, ਉਥੇ ਹੀ ਉਨ੍ਹਾਂ ਦੇ ਕਾਲਜੇ ਵਿਚ ਠੰਡ ਪਈ ਹੈ, ਜਦੋਂਕਿ ਇਸ ਮੁਕਾਬਲੇ ਵਿਚ ਜ਼ਖ਼ਮੀ 5 ਪੁਲਸ ਮੁਲਾਜ਼ਮਾਂ ਦੀ ਸਿਹਤਯਾਬੀ ਲਈ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਕਾਤਲ ਛੇਵੇਂ ਸ਼ਾਰਪ ਸ਼ੂਟਰ ਨੂੰ ਦਬੋਚਣ ਲਈ ਪੁਲਸ ਨੇ ਤਿਆਰ ਕੀਤਾ ਮਾਸਟਰ ਪਲਾਨ
ਉਨ੍ਹਾਂ ਕਿਹਾ ਕਿ ਭਾਵੇਂ ਸ਼ੁੱਭਦੀਪ ਛੋਟੀ ਉਮਰ ਵਿਚ ਚਲਾ ਗਿਆ ਪਰ ਉਹ ਆਪਣੇ ਪਿੱਛੇ ਵੱਡਾ ਕੇਡਰ ਛੱਡ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਗਾਏ ਗੀਤਾਂ ਨੂੰ ਲੋਕ ਲੰਬਾ ਸਮਾਂ ਯਾਦ ਰੱਖਣ, ਇਹੀ ਉਸਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਗ੍ਰੰਥੀ ਭਾਈ ਗੁਰਪ੍ਰਤਾਪ ਸਿੰਘ ਨੇ ਵੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਰਮੇਸ਼ ਸਿੰਘ, ਕਰਨੈਲ ਸਿੰਘ, ਗਗਨਦੀਪ ਸਿੰਘ, ਮਨਮੀਤ ਸਿੰਘ, ਜੱਗੀ ਸਿੰਘ, ਸੀਪ ਸਿੰਘ, ਗੁਰਦੀਪ ਸਿੰਘ ਅਤੇ ਨਬਦੀਪ ਸਿੰਘ ਹਾਜ਼ਰ ਸਨ।
ਇਹ ਵੀ ਪੜ੍ਹੋ : ਛੋਟੇ ਨੇ ਵੱਡੇ ਭਰਾ ਨੂੰ ਦਿੱਤੀ ਦਿਲ ਕੰਬਾਊ ਮੌਤ, ਵਾਰਦਾਤ ਤੋਂ ਬਾਅਦ ਸਾਹਮਣੇ ਆਏ ਸੱਚ ਨੇ ਪੁਲਸ ਦੇ ਉਡਾਏ ਹੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।