ਮੌਸਮ ਦਾ ਮਿਜਾਜ਼ ਬਦਲਣ ਨਾਲ ਸਿਸਟਮ ਓਵਰਲੋਡ ਤੋਂ ਮਿਲੀ ਰਾਹਤ, ਬਿਜਲੀ ਦੀ ਖ਼ਪਤ ''ਚ ਵੀ ਆਈ ਗਿਰਾਵਟ
Friday, Aug 30, 2024 - 05:09 AM (IST)
ਜਲੰਧਰ (ਪੁਨੀਤ)– ਮੌਸਮ ਵਿਚ ਬਦਲਾਅ ਨਾਲ ਬਿਜਲੀ ਦੀ ਖਪਤ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ, ਜਿਸ ਕਾਰਨ ਓਵਰਲੋਡ ਸਿਸਟਮ ਵਿਚ ਸੁਧਾਰ ਹੋਇਆ ਹੈ। ਉਥੇ ਹੀ, ਮੀਂਹ ਕਾਰਨ ਕਈ ਇਲਾਕਿਆਂ 'ਚ ਫਾਲਟ ਪੈਣ ਕਰ ਕੇ ਬਿਜਲੀ ਖਪਤਕਾਰਾਂ ਨੂੰ ਪ੍ਰੇਸ਼ਾਨੀਆਂ ਉਠਾਉਣੀਆਂ ਪਈਆਂ।
ਫੀਲਡ ਸਟਾਫ ਨੂੰ ਮੀਂਹ ਵਿਚਕਾਰ ਫਾਲਟ ਠੀਕ ਕਰਨ ਵਿਚ ਮੁਸ਼ਕਲਾਂ ਪੇਸ਼ ਆਈਆਂ, ਜਿਸ ਕਾਰਨ ਮੀਂਹ ਰੁਕਣ ਦੀ ਉਡੀਕ ਕਰਨੀ ਪਈ। ਸਵੇਰ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ 1200 ਤੋਂ ਵੱਧ ਫਾਲਟ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਰਾਤ ਤਕ ਮੀਂਹ ਕਾਰਨ ਵੱਖ-ਵੱਖ ਇਲਾਕਿਆਂ ਵਿਚ ਘੰਟਿਆਂਬੱਧੀ ਬਿਜਲੀ ਬੰਦ ਰਹੀ।
ਉਥੇ ਹੀ, ਵੱਖ-ਵੱਖ ਇਲਾਕਿਆਂ ਵਿਚ ਲੋਕਾਂ ਨੂੰ ਲੋਅ-ਵੋਲਟੇਜ ਦੀ ਸਮੱਸਿਆ ਦੇਖਣ ਨੂੰ ਮਿਲੀ। ਕਈਆਂ ਦੇ ਘਰਾਂ ਆਦਿ ਵਿਚ ਫੇਸ ਉੱਡ ਜਾਣ ਕਾਰਨ ਬਿਜਲੀ ਸਪਲਾਈ ਪੂਰੀ ਤਰ੍ਹਾਂ ਚਾਲੂ ਨਹੀਂ ਹੋ ਸਕੀ। ਮੀਂਹ ਕਾਰਨ ਪਏ ਫਾਲਟ ਕਰ ਕੇ ਐੱਸ. ਡੀ. ਓ. ਫੀਲਡ ਵਿਚ ਰਹੇ ਅਤੇ ਐਕਸੀਅਨ ਵੀ ਲਾਈਨਾਂ ਚਾਲੂ ਕਰਵਾਉਣ ਵਿਚ ਲੱਗੇ ਰਹੇ। ਅਧਿਕਾਰੀਆਂ ਦਾ ਕਹਿਣਾ ਸੀ ਕਿ ਵਧੇਰੇ ਸ਼ਿਕਾਇਤਾਂ ਦਾ ਸਮੇਂ ’ਤੇ ਹੱਲ ਕਰ ਦਿੱਤਾ ਗਿਆ ਸੀ। ਮੀਂਹ ਕਾਰਨ ਕੁਝ ਦੇਰੀ ਹੋਈ ਕਿਉਂਕਿ ਮੌਸਮ ’ਤੇ ਕਿਸੇ ਦਾ ਵੱਸ ਨਹੀਂ ਹੈ।
ਇਹ ਵੀ ਪੜ੍ਹੋ- ਬੱਚੇ ਦੀ ਕਸਟਡੀ ਦੇ ਮਾਮਲੇ 'ਚ HC ਦਾ ਫ਼ੈਸਲਾ- 'ਪਿਓ ਦਾ ਪਿਆਰ ਕਿਸੇ ਵੀ ਤਰ੍ਹਾਂ ਮਾਂ ਦੇ ਪਿਆਰ ਤੋਂ ਬਿਹਤਰ ਨਹੀਂ...'
ਉਥੇ ਹੀ, ਕਈ ਇਲਾਕਿਆਂ ਵਿਚ ਖਪਤਕਾਰਾਂ ਨੂੰ ਫਾਲਟ ਬਾਰੇ ਦੇਰੀ ਨਾਲ ਪਤਾ ਲੱਗਾ। ਖਪਤਕਾਰਾਂ ਨੇ ਦੱਸਿਆ ਕਿ ਸਵੇਰੇ 11 ਵਜੇ ਦੇ ਲੱਗਭਗ ਅਜਿਹਾ ਜਾਪਿਆ ਕਿ ਮੀਂਹ ਕਾਰਨ ਬਿਜਲੀ ਸਪਲਾਈ ਬੰਦ ਹੈ ਪਰ ਮੀਂਹ ਰੁਕਣ ਦੇ ਅੱਧੇ ਘੰਟੇ ਤਕ ਸਪਲਾਈ ਚਾਲੂ ਨਹੀਂ ਹੋ ਸਕੀ ਤਾਂ ਆਲੇ-ਦੁਆਲੇ ਦੇ ਇਲਾਕਿਆਂ ਵਿਚ ਫੋਨ ਕਰ ਕੇ ਬਿਜਲੀ ਦਾ ਸਟੇਟਸ ਪਤਾ ਕੀਤਾ ਤਾਂ ਫਾਲਟ ਬਾਰੇ ਪਤਾ ਲੱਗਾ।
ਸੋਢਲ ਇਲਾਕੇ ਦੇ ਖਪਤਕਾਰ ਦੀਪਕ ਕੁਮਾਰ ਨੇ ਦੱਸਿਆ ਕਿ ਫਾਲਟ ਠੀਕ ਕਰਨ ਲਈ ਆਉਣ ਵਾਲੇ ਸਟਾਫ ਕੋਲ ਤਾਰਾਂ ਵੀ ਨਹੀਂ ਸਨ, ਇਸ ਕਾਰਨ ਲੋਕਾਂ ਵਿਚ ਕਰਮਚਾਰੀਆਂ ਪ੍ਰਤੀ ਗੁੱਸਾ ਦੇਖਣ ਨੂੰ ਮਿਲ ਰਿਹਾ ਸੀ। ਖਪਤਕਾਰਾਂ ਨੇ ਸੀਨੀਅਰ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਫੀਲਡ ਸਟਾਫ ਕੋਲ ਜ਼ਰੂਰੀ ਸਾਮਾਨ ਮੁਹੱਈਆ ਹੋਵੇ।
ਇਹ ਵੀ ਪੜ੍ਹੋ- ਆਸਮਾਨੋਂ 'ਕਾਲ' ਬਣ ਵਰ੍ਹਿਆ ਮੀਂਹ, ਪਾਠ ਕਰ ਰਹੇ ਵਿਅਕਤੀ 'ਤੇ ਡਿੱਗ ਗਈ ਘਰ ਦੀ ਛੱਤ, ਹੋ ਗਈ ਮੌਤ
ਉਥੇ ਹੀ, ਇਹ ਪ੍ਰੇਸ਼ਾਨੀ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਵਧ ਸਕਦੀ ਹੈ। ਜੇਕਰ ਮੀਂਹ ਜਾਰੀ ਰਿਹਾ ਤਾਂ ਫਾਲਟਾਂ ਦੀ ਗਿਣਤੀ ਹੋਰ ਵਧੇਗੀ, ਜਿਸ ਨਾਲ ਅਧਿਕਾਰੀਆਂ ਨੂੰ ਲੋਕਾਂ ਦੇ ਫਾਲਟ ਦੂਰ ਕਰਵਾਉਣ ਲਈ ਸਖ਼ਤ ਮੁਸ਼ੱਕਤ ਕਰਨੀ ਪਵੇਗੀ। ਲੋਕਾਂ ਦਾ ਕਹਿਣਾ ਸੀ ਕਿ ਪਾਵਰਕਾਮ ਦਾ ਸ਼ਿਕਾਇਤ ਕੇਂਦਰ ਨੰਬਰ 1912 ਵਧੇਰੇ ਕਰ ਕੇ ਬਿਜ਼ੀ ਰਹਿੰਦਾ ਹੈ, ਜਿਸ ਕਾਰਨ ਉਹ ਨੇੜਲੇ ਸ਼ਿਕਾਇਤ ਕੇਂਦਰ ਜਾਂਦੇ ਹਨ ਪਰ ਉਥੇ ਵੀ ਤਾਲਾ ਲਟਕ ਰਿਹਾ ਹੁੰਦਾ ਹੈ, ਜਿਸ ਕਾਰਨ ਉਹ ਆਪਣੀ ਸ਼ਿਕਾਇਤ ਦਰਜ ਕਰਵਾਉਣ ਵਿਚ ਅਸਮਰੱਥ ਰਹਿੰਦੇ ਹਨ।
ਚਾਰੋਂ ਐਕਸੀਅਨ ਫੀਲਡ ਵਿਚ ਰਹੇ ਤਾਇਨਾਤ : ਇੰਜੀ. ਸੋਂਧੀ
ਪਾਵਰਕਾਮ ਦੇ ਸੁਪਰਿੰਟੈਂਡੈਂਟ ਇੰਜੀਨੀਅਰ ਅਤੇ ਸਰਕਲ ਹੈੱਡ ਇੰਜੀ. ਸੁਰਿੰਦਰਪਾਲ ਸੋਂਧੀ ਨੇ ਕਿਹਾ ਕਿ ਸ਼ਹਿਰ ਦੀਆਂ ਚਾਰਾਂ ਡਵੀਜ਼ਨਾਂ ਦੇ ਐਕਸੀਅਨ ਫੀਲਡ ਵਿਚ ਤਾਇਨਾਤ ਰਹੇ ਤਾਂ ਕਿ ਖਪਤਕਾਰਾਂ ਦੀਆਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾ ਸਕੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e