ਵੱਡੀ ਖ਼ਬਰ: ਪ੍ਰੀਖਿਆ ਦੌਰਾਨ PSEB ਦਾ ਵੱਡਾ ਫ਼ੈਸਲਾ, ਇਹ ਪੇਪਰ ਕੀਤਾ ਰੱਦ
Monday, Mar 03, 2025 - 06:08 PM (IST)

ਮੋਹਾਲੀ (ਨਿਆਮੀਆਂ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 19-02-2025 ਤੋਂ ਸ਼ੁਰੂ ਹੋ ਚੁੱਕੀਆਂ ਹਨ। ਇਨ੍ਹਾਂ ਪ੍ਰੀਖਿਆਵਾਂ ਨੂੰ ਸੁਚਾਰੂ ਢੰਗ ਨਾਲ ਆਯੋਜਿਤ ਕਰਨ ਲਈ ਪੰਜਾਬ ਭਰ ਵਿੱਚ 2300 ਤੋਂ ਵੱਧ ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ। ਪ੍ਰੀਖਿਆਵਾਂ ਨੂੰ ਨਕਲ ਰਹਿਤ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬ ਭਰ ਵਿੱਚ 278 ਫਲਾਇੰਗ ਸਕੁਐਡ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਸਟੇਟ ਪੱਧਰ, ਜ਼ਿਲ੍ਹਾ ਪੱਧਰ ਅਤੇ ਤਹਿਸੀਲ ਪੱਧਰ 'ਤੇ ਕੰਮ ਕਰ ਰਹੀਆਂ ਹਨ ਅਤੇ ਹੁਣ ਤੱਕ ਸੈਂਕੜੇ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਕਰ ਚੁੱਕੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਟੁੱਟਣ ਦੀ ਕਗਾਰ 'ਤੇ ਪਹੁੰਚਿਆ ਪੰਜਾਬ ਦਾ ਇਹ ਵੱਡਾ ਪੁਲ
28 ਫਰਵਰੀ ਨੂੰ ਬਾਰ੍ਹਵੀਂ ਜਮਾਤ ਦੀ ਅੰਗਰੇਜ਼ੀ ਦੀ ਪ੍ਰੀਖਿਆ ਦੌਰਾਨ ਮਾਣਯੋਗ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਿਰਦੇਸ਼ਾਂ ਅਨੁਸਾਰ ਮੁੱਖ ਦਫ਼ਤਰ ਪੱਧਰ 'ਤੇ 13 ਟੀਮਾਂ ਦਾ ਗਠਨ ਕੀਤਾ ਗਿਆ। ਇਹ ਟੀਮਾਂ ਪੰਜਾਬ ਪੁਲਸ ਦੀ ਸੁਰੱਖਿਆ ਸਹਿਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭੇਜੀਆਂ ਗਈਆਂ। ਇਨ੍ਹਾਂ ਟੀਮਾਂ ਵੱਲੋਂ ਪ੍ਰਾਪਤ ਰਿਪੋਰਟ ਅਨੁਸਾਰ ਕੇਂਦਰ ਨੰਬਰ 220681 ਤਲਵੰਡੀ ਭਾਈ-2, ਜੋਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਤਲਵੰਡੀ ਭਾਈ, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਸਥਿਤ ਹੈ, ਵਿੱਚ ਸਮੂਹਿਕ ਨਕਲ ਅਤੇ ਹੋਰ ਬੇਨਿਯਮੀਆਂ ਦੀ ਘਟਨਾ ਦਰਜ ਕੀਤੀ ਗਈ ਹੈ। ਇਸ ਕੇਂਦਰ ਵਿੱਚ 115 ਵਿਦਿਆਰਥੀ ਪ੍ਰੀਖਿਆ ਦੇ ਰਹੇ ਸਨ। ਨਕਲ ਸਬੰਧੀ ਇਸ ਘਟਨਾ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਕਲ ਪ੍ਰਤੀ ਜ਼ੀਰੋ ਟੌਲਰੈਂਸ ਦੀ ਨੀਤੀ ਅਪਨਾਉਂਦੇ ਹੋਏ ਇਸ ਕੇਂਦਰ ਵਿੱਚ ਹੋਏ ਅੰਗਰੇਜ਼ੀ ਦੇ ਪੇਪਰ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਬਿਜਲੀ ਦੀ ਸਪਲਾਈ 'ਚ ਹੁਣ ਨਹੀਂ ਆਵੇਗੀ ਰੁਕਾਵਟ, ਖ਼ਪਤਕਾਰਾਂ ਨੂੰ ਮਿਲੇਗਾ ਇਹ ਲਾਭ
ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਨੇ ਪ੍ਰੈੱਸ ਨੂੰ ਵਧੇਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਘਟਨਾ ਤੋਂ ਇਲਾਵਾ ਹੁਣ ਤੱਕ ਲਈਆਂ ਗਈਆਂ ਸਾਰੀਆਂ ਪ੍ਰੀਖਿਆਵਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਜਾਂ ਨਕਲ ਦਾ ਕੋਈ ਹੋਰ ਕੇਸ ਸਾਹਮਣੇ ਨਹੀਂ ਆਇਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੂਰੀ ਕੋਸ਼ਿਸ਼ ਹੈ ਕਿ ਬਾਕੀ ਰਹਿੰਦੇ ਪੇਪਰ ਵੀ ਨਕਲ ਰਹਿਤ ਪਾਰਦਰਸ਼ੀ ਅਤੇ ਵਿਦਿਆਰਥੀਆਂ ਲਈ ਤਨਾਅ ਰਹਿਤ ਮਾਹੌਲ ਵਿੱਚ ਲਏ ਜਾਣ। ਬੋਰਡ ਦੀ ਟੀਮ ਲਗਾਤਾਰ ਪ੍ਰੀਖਿਆ ਕੇਂਦਰਾਂ ਦੀ ਨਿਗਰਾਨੀ ਕਰ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕ ਰਹੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਯਕੀਨ ਦਿਵਾਇਆ ਜਾਂਦਾ ਹੈ ਕਿ ਪ੍ਰੀਖਿਆਵਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਆਯੋਜਿਤ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੁਲਸ 'ਚ ਨੌਕਰੀਆਂ ਦੇ ਚਾਹਵਾਨਾਂ ਲਈ ਖ਼ਾਸ ਖ਼ਬਰ, ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e