ਕੀ ਸਰਗਰਮ ਸਿਆਸਤ 'ਚ ਕੁੱਦਣਗੇ ਬੀਬੀ ਭੱਠਲ? ਵਿਰੋਧੀ ਦਲਾਂ 'ਚ ਵੀ ਛਿੜੀ ਚਰਚਾ

09/29/2020 11:43:11 AM

ਲਹਿਰਾਗਾਗਾ (ਜ.ਬ.): ਬੇਸ਼ੱਕ ਅੱਜ ਸੂਬੇ 'ਚ ਖੇਤੀ ਆਰਡੀਨੈਂਸਾਂ ਸਬੰਧੀ ਨਵੇਂ-ਨਵੇਂ ਸਿਆਸੀ ਸਮੀਕਰਨ ਸਾਹਮਣੇ ਆ ਰਹੇ ਹਨ ਪਰ ਬਾਵਜੂਦ ਇਸ ਦੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਲਗਾਤਾਰ ਜਿੱਤ ਪ੍ਰਾਪਤ ਕਰਦੇ ਹੋਏ ਪਿਛਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਹਾਰ ਜਾਣ ਤੋਂ ਬਾਅਦ ਸਿਆਸੀ ਫਰੰਟ 'ਤੇ ਬੈਕਫੁੱਟ 'ਤੇ ਚੱਲ ਰਹੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਦੁਬਾਰਾ ਤੋਂ ਸਰਗਰਮ ਸਿਆਸਤ 'ਚ ਕੁੱਦਣ ਦੀਆਂ ਚਰਚਾਵਾਂ ਸ਼ਹਿਰ ਅਤੇ ਇਲਾਕੇ 'ਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਅਤੇ ਲੋਕ ਬੇਸਬਰੀ ਨਾਲ ਬੀਬੀ ਭੱਠਲ ਦੇ ਸਰਗਰਮ ਸਿਆਸਤ 'ਚ ਆਉਣ ਦਾ ਇੰਤਜ਼ਾਰ ਕਰ ਰਹੇ ਹਨ।ਉਕਤ ਮਾਮਲੇ 'ਤੇ ਜਦੋਂ ਤਹਿਕੀਕਾਤ ਕੀਤੀ ਗਈ ਤਾਂ ਪਤਾ ਚੱਲਿਆ ਕਿ ਬੀਬੀ ਭੱਠਲ ਪਿਛਲੇ ਕੁਝ ਮਹੀਨਿਆਂ ਤੋਂ ਸਮੇਂ-ਸਮੇਂ 'ਤੇ ਆਪਣੇ ਗੁਪਤ ਸੂਤਰਾਂ ਰਾਹੀਂ ਹਲਕੇ ਦੀ ਸਿਆਸੀ ਸਥਿਤੀ 'ਤੇ ਪੈਨੀ ਨਜ਼ਰ ਰੱਖ ਰਹੇ ਹਨ ਅਤੇ ਦੂਜੇ ਪਾਸੇ ਸਿਆਸੀ ਹਲਕਿਆਂ ਅਨੁਸਾਰ ਬੀਬੀ ਭੱਠਲ ਦੀ ਸਰਕਾਰੀ, ਦਰਬਾਰੇ ਵੀ ਵੱਡੀ ਪਹੁੰਚ ਹੋ ਚੁੱਕੀ ਹੈ ਅਤੇ ਪਿਛਲੇ ਸਮੇਂ ਦੌਰਾਨ ਬੀਬੀ ਭੱਠਲ ਦੀਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈਆਂ ਮੀਟਿੰਗਾਂ ਵੀ ਇਸ ਗੱਲ ਵੱਲ ਇਸ਼ਾਰਾ ਕਰ ਰਹੀਆਂ ਹਨ। 

ਇਹ ਵੀ ਪੜ੍ਹੋ: ਪੜ੍ਹਨ ਗਏ ਵਿਦਿਆਰਥੀ ਨਾਲ ਵਾਪਰਿਆ ਦਰਦਨਾਕ ਹਾਦਸਾ, ਘਰ 'ਚ ਵਿਛੇ ਸੱਥਰ

ਦੂਜੇ ਪਾਸੇ ਬੀਬੀ ਭੱਠਲ ਅਤੇ ਉਨ੍ਹਾਂ ਦੇ ਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਵਲੋਂ ਹਲਕੇ ਦੇ ਵਿਕਾਸ ਅਤੇ ਪਾਰਟੀ ਦੀ ਗਤੀਵਿਧੀਆਂ ਨੂੰ ਲੈ ਕੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ, ਪੰਚਾਇਤਾਂ ਅਤੇ ਪਾਰਟੀ ਵਰਕਰਾਂ ਨਾਲ ਕੀਤੀਆਂ ਜਾ ਰਹੀਆਂ ਆਨਲਾਈਨ ਮੀਟਿੰਗਾਂ ਵੀ ਇਸ ਗੱਲ ਵੱਲ ਇਸ਼ਾਰਾ ਕਰ ਰਹੀਆਂ ਹਨ। ਲਹਿਰਾਗਾਗਾ ਕੋਠੀ ਵਿਖੇ ਕਰਵਾਇਆ ਜਾ ਰਿਹਾ ਕੰਮ ਬੀਬੀ ਭੱਠਲ ਦੇ ਸਰਗਰਮ ਸਿਆਸਤ 'ਚ ਆਉਣ ਦਾ ਇਸ਼ਾਰਾ ਕਰ ਰਿਹਾ ਹੈ।

ਇਹ ਵੀ ਪੜ੍ਹੋ: ਫ਼ਿਲਮੀ ਅੰਦਾਜ਼ 'ਚ ਕਾਰ ਚੋਰੀ ਕਰਨ ਦੀ ਅਸਫ਼ਲ ਕੋਸ਼ਿਸ਼, ਭੱਜਦੇ ਜਾਂਦੇ ਵੀ ਕਰ ਗਏ ਇਹ ਕਾਰਾ

ਭਰੋਸਯੋਗ ਸੂਤਰਾਂ ਅਨੁਸਾਰ ਆਉਣ ਵਾਲੇ ਕੁਝ ਮਹੀਨਿਆਂ 'ਚ ਬੀਬੀ ਭੱਠਲ ਵੱਲੋਂ ਲਹਿਰਾਗਾਗਾ ਵਿਖੇ ਡੇਰਾ ਲਾ ਕੇ ਆਪਣੇ ਸ਼ੁਭਚਿੰਤਕਾਂ 'ਤੇ ਰੁਸਿਆਂ ਨੂੰ ਮਨਾਉਂਦਿਆਂ ਹਲਕੇ 'ਚ ਚੋਣਾਂ ਸਬੰਧੀ ਰਣਨੀਤੀ ਤਿਆਰ ਕਰਨ ਦੀਆਂ ਪ੍ਰਬਲ ਸੰਭਾਵਨਾਵਾਂ ਹਨ। ਹਲਕੇ ਨਾਲ ਸਬੰਧਤ ਪੰਜਾਬ ਕਾਂਗਰਸ ਦੇ ਆਗੂ ਸੋਮਨਾਥ ਸਿੰਗਲਾ, ਸੁਰੇਸ਼ ਕੁਮਾਰ ਠੇਕੇਦਾਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨੀਟੂ ਸ਼ਰਮਾ ਅਤੇ ਕਾਂਗਰਸ ਐੱਸ. ਸੀ. ਵਿੰਗ ਦੇ ਜ਼ਿਲਾ ਚੇਅਰਮੈਨ ਗੁਰਲਾਲ ਸਿੰਘ ਨੇ ਉਕਤ ਮਾਮਲੇ 'ਤੇ ਕਿਹਾ ਕਿ ਬੀਬੀ ਭੱਠਲ ਤੋਂ ਬਿਨਾਂ ਹਲਕੇ ਦਾ ਵਿਕਾਸ ਕੋਈ ਵੀ ਆਗੂ ਨਹੀਂ ਕਰਵਾ ਸਕਦਾ , ਇਸ ਲਈ ਹਲਕੇ ਦੇ ਲੋਕ ਵੀ ਬੀਬੀ ਭੱਠਲ ਤੋਂ ਬਿਨਾਂ ਹੋਰ ਕਿਸੇ ਵੀ ਆਗੂ ਨੂੰ ਸਵੀਕਾਰ ਨਹੀਂ ਕਰਨਗੇ।

ਇਹ ਵੀ ਪੜ੍ਹੋ: ਗਲੀ 'ਚੋਂ ਲੰਘ ਰਹੀ ਕੁੜੀ 'ਤੇ ਸੁੱਟਿਆ ਤੇਜ਼ਾਬ, ਖ਼ੁਦ ਨਾਲ ਵੀ ਵਰਤਿਆ ਇਹ ਭਾਣਾ

ਉਨ੍ਹਾਂ ਵਿਸ਼ਵਾਸ ਨਾਲ ਕਿਹਾ ਕਿ ਬੀਬੀ ਭੱਠਲ ਹੀ ਲਹਿਰਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ ਅਤੇ ਰਿਕਾਰਡ ਵੋਟਾਂ 'ਤੇ ਜਿੱਤ ਪ੍ਰਾਪਤ ਕਰ ਕੇ ਹਲਕੇ ਨੂੰ ਵਿਕਾਸ ਦੀਆਂ ਬੁਲੰਦੀਆਂ 'ਤੇ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ 'ਚ ਬੀਬੀ ਭੱਠਲ ਦੇ ਨਾਲ-ਨਾਲ ਉਨ੍ਹਾਂ ਦੇ ਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਵੀ ਵੱਧ ਤੋਂ ਵੱਧ ਸਮਾਂ ਹਲਕੇ 'ਚ ਵਿਚਰਨਗੇ ਪਰ ਹਕੀਕਤ ਕੀ ਹੈ ਇਹ ਤਾਂ ਸਮਾਂ ਹੀ ਦੱਸੇਗਾ , ਫ਼ਿਲਹਾਲ ਬੀਬੀ ਭੱਠਲ ਦੇ ਸਰਗਰਮ ਸਿਆਸਤ 'ਚ ਆਉਣ ਦੀਆਂ ਚਰਚਾਵਾਂ ਦੇ ਚੱਲਦੇ ਕਾਂਗਰਸੀ ਵਰਕਰਾਂ 'ਚ ਜੋਸ਼ ਦਿਖਾਈ ਦੇਣ ਲੱਗਾ ਹੈ ਅਤੇ ਹਲਕੇ 'ਚ ਚਰਚਾ ਜ਼ੋਰਾਂ 'ਤੇ ਹੈ , ਜਿਸ ਨਾਲ ਵਿਰੋਧੀ ਪਾਰਟੀਆਂ 'ਚ ਵੀ ਬੀਬੀ ਭੱਠਲ ਦੇ ਸਰਗਰਮ ਸਿਆਸਤ 'ਚ ਆਉਣ ਸਬੰਧੀ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਚਲ ਰਹੀਆਂ ਹਨ, ਉੱਠ ਕਿਸ ਕਰਵਟ ਬੈਠਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ।


Shyna

Content Editor

Related News