ਪੰਥ ਦੇ ਰੁਕੇ ਕੰਮ ਕਰਨਾ ਮੇਰੀ ਪਹਿਲ, ਇਸ ਲਈ ਚੋਣ ਲੜਨ ਲਈ ਅੱਗੇ ਆਈ: ਬੀਬੀ ਜਗੀਰ ਕੌਰ

Monday, Nov 07, 2022 - 11:17 AM (IST)

ਪੰਥ ਦੇ ਰੁਕੇ ਕੰਮ ਕਰਨਾ ਮੇਰੀ ਪਹਿਲ, ਇਸ ਲਈ ਚੋਣ ਲੜਨ ਲਈ ਅੱਗੇ ਆਈ: ਬੀਬੀ ਜਗੀਰ ਕੌਰ

ਜਲੰਧਰ/ਭੁਲੱਥ (ਜ.ਬ., ਰਾਜਿੰਦਰ)– ਪੰਥ ਦੇ ਕਈ ਅਜਿਹੇ ਮੁੱਦੇ ਹਨ, ਜਿਨ੍ਹਾਂ ’ਤੇ ਅੱਜ ਤਕ ਕੋਈ ਚਰਚਾ ਨਹੀਂ ਕੀਤੀ ਗਈ ਅਤੇ ਨਾ ਹੀ ਕਈ ਅਜਿਹੇ ਮਸਲਿਆਂ ਬਾਰੇ ਚਿੰਤਨ ਕੀਤਾ ਗਿਆ, ਜੋ ਕਿ ਬਹੁਤ ਜ਼ਰੂਰੀ ਹੈ, ਇਸ ਲਈ ਪੰਥ ਦੇ ਕੰਮਾਂ ਨੂੰ ਪੂਰੀ ਲਗਨ ਨਾਲ ਪੂਰਾ ਕਰਨ ਲਈ ਮੈਂ ਚੋਣ ਦੀ ਲੜਨ ਦੀ ਇੱਛਾ ਜ਼ਾਹਰ ਕੀਤੀ ਹੈ। ਉਕਤ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਪਾਰਟੀ ਵਿਰੁੱਧ ਬਗਾਵਤੀ ਸੁਰ ਚੁੱਕਣ ਵਾਲੀ ਸੀਨੀਅਰ ਆਗੂ ਅਤੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਕ ਪ੍ਰੈੱਸ ਕਾਨਫ਼ਰੰਸ ’ਚ ਕਹੀ। ਉਨ੍ਹਾਂ ਇਸ ਦੌਰਾਨ ਪੰਥ ਦੇ ਰੁਕੇ ਕੰਮਾਂ ਨੂੰ ਚੋਣ ਮੈਨੀਫ਼ੈਸਟੋ ਜ਼ਰੀਏ ਪੂਰਾ ਕਰਨ ਦਾ ਬਿਓਰਾ ਵੀ ਮੀਡੀਆ ਸਾਹਮਣੇ ਪੇਸ਼ ਕੀਤਾ।

ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਹੈ ਕਿ ਉਹ ਇਕ ਅਜਿਹਾ ਪਲੇਟਫਾਰਮ ਤਿਆਰ ਕਰ ਸਕਣ, ਜਿਸ ਨਾਲ ਪੰਥ ਦੇ ਕੰਮ ਜੋ ਕਿ ਸਾਲਾਂ ਤੋਂ ਰੁਕੇ ਪਏ ਹਨ, ਉਨ੍ਹਾਂ ਨੂੰ ਪੂਰਾ ਕਰਨ ਲਈ ਇਕ ਸਾਂਝਾ ਮਾਹੌਲ ਬਣ ਸਕੇ। ਇਨ੍ਹਾਂ ’ਚ ਪੰਥ ਦੇ ਕਈ ਸਾਂਝੇ ਮੁੱਦੇ-ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਨੂੰ ਇਕੱਠਾ ਕਰਨਾ ਹੈ। ਇਸ ਕੰਮ ਲਈ ਗੈਰ-ਸਿਆਸੀ ਪਰ ਪ੍ਰਮੁੱਖ ਸਿੱਖ ਹਸਤੀਆਂ ਨੂੰ ਸ਼ਾਮਲ ਕਰਨਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਰਿਆਦਾ ’ਤੇ ਪਹਿਰਾ ਦੇਣਾ ਹੈ ਤਾਂ ਪੰਥ ਨੂੰ ਦੋਫਾੜ ਕਰਨ ਵਾਲੀਆਂ ਤਾਕਤਾਂ ਨੂੰ ਮੂੰਹਤੋੜ ਜਵਾਬ ਦੇਣਾ ਹੋਵੇਗਾ।

ਇਹ ਵੀ ਪੜ੍ਹੋ : ਪੰਜ ਤੱਤਾਂ ’ਚ ਵਿਲੀਨ ਹੋਏ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ, ਅੰਤਿਮ ਯਾਤਰਾ ’ਚ ਸਮਰਥਕਾਂ ਦਾ ਉਮੜਿਆ ਹਜੂਮ

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਇਸ ਦੇ ਜਥੇਦਾਰ ਸਾਹਿਬ ਦੀ ਪਦਵੀ ਦੀ ਸਰਬਉੱਚਤਾ ਨੂੰ ਉਸ ਸਮੇਂ ਤਕ ਕਾਇਮ ਨਹੀਂ ਕੀਤਾ ਜਾ ਸਕਦਾ, ਜਦੋਂ ਤਕ ਇਸ ਦੇ ਜਥੇਦਾਰ ਦੀ ਪਦਵੀ ਦੀ ਨਿਯੁਕਤੀ, ਸੇਵਾ ਨਿਯਮ ਅਤੇ ਹਟਾਉਣ ਬਾਰੇ ਪੱਕੇ ਨਿਯਮ ਨਹੀਂ ਬਣਦੇ। ਇਸ ਸਬੰਧੀ ਕਈ ਸਾਲ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਵੀ ਦਿੱਤੇ ਗਏ ਸਨ ਪਰ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਖਾਸ ਕਦਮ ਨਹੀਂ ਚੁੱਕਿਆ ਗਿਆ। ਇਸ ਤੋਂ ਬਿਨਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਸ੍ਰੀ ਦਰਬਾਰ ਸਾਹਿਬ ’ਚ ਹੁੰਦੇ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਲਈ ਆਪਣਾ ਟੀ. ਵੀ. ਚੈਨਲ ਸ਼ੁਰੂ ਕਰਨ ਦੀ ਹਦਾਇਤ ਕੀਤੀ ਗਈ ਸੀ ਪਰ ਕੁਝ ਵੀ ਨਹੀਂ ਕੀਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਸਿੱਖ ਜਗਤ ’ਚ ਲਾਗੂ ਕਰਵਾਉਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਫਰਜ਼ ਹੈ ਪਰ ਅਫ਼ਸੋਸ ਕਿ ਸ਼੍ਰੋਮਣੀ ਕਮੇਟੀ ਖੁਦ ਇਹ ਹੁਕਮ ਨਾ ਮੰਨ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਬਉੱਚਤਾ ਵਿਚ ਸੰਨ੍ਹ ਲਾ ਰਹੀ ਹੈ।

ਇਹ ਵੀ ਪੜ੍ਹੋ : ਗੜ੍ਹਸ਼ੰਕਰ ਵਿਖੇ ਵੱਡੀ ਵਾਰਦਾਤ, 85 ਸਾਲਾ ਬਜ਼ੁਰਗ ਦਾ ਕਤਲ, ਬਾਥਰੂਮ 'ਚੋਂ ਮਿਲੀ ਲਾਸ਼

ਮੇਰਾ ਵਾਅਦਾ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫਰਮਾਨ ਤੁਰੰਤ ਪ੍ਰਭਾਵ ਨਾਲ ਹੋਣਗੇ ਲਾਗੂ

ਬੀਬੀ ਜਗੀਰ ਕੌਰ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ’ਚ ਸ਼੍ਰੋਮਣੀ ਕਮੇਟੀ ਅਤੇ ਹੋਰ ਤਖਤ ਸਾਹਿਬਾਨ ਦੇ ਜਥੇਦਾਰ ਦੀ ਨਿਯੁਕਤੀ ਅਤੇ ਹਟਾਉਣ ਦਾ ਅਜਿਹਾ ਵਿਧਾਨ ਬਣਾਇਆ ਜਾਵੇਗਾ, ਜਿਸ ਅਨੁਸਾਰ ਜਥੇਦਾਰ ਸਾਹਿਬ ਬਿਨਾਂ ਕਿਸੇ ਕੰਟਰੋਲ ਅਤੇ ਦਬਾਅ ਨਾਲ ਆਪਣਾ ਫਰਜ਼ ਨਿਭਾ ਸਕਣ। ਪਿਛਲੇ ਕੁਝ ਸਾਲਾਂ ’ਚ ਸ਼੍ਰੋਮਣੀ ਕਮੇਟੀ ਅਤੇ ਪੰਥ ਦੇ ਵਿਦਵਾਨਾਂ ਵਿਚਕਾਰ ਜਿਹੜੀ ਦੂਰੀ ਵਧੀ ਹੈ, ਉਸ ਨੂੰ ਦੂਰ ਕਰਨਾ ਹੀ ਟੀਚਾ ਹੈ। ਇਸ ਦੌਰਾਨ ਸਿੱਖ ਇਤਿਹਾਸ ਨੂੰ ਸੰਭਾਲਿਆ ਜਾ ਸਕੇ, ਇਹ ਵੀ ਪਹਿਲੀ ਤਰਜੀਹ ਹੋਵੇਗੀ।

ਉਨ੍ਹਾਂ ਕਿਹਾ ਕਿ ਹਾਲ ਹੀ ’ਚ ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਦਾਇਰਾ ਸਿਮਟ ਗਿਆ ਹੈ ਪਰ ਮੇਰੀ ਇਹ ਕੋਸ਼ਿਸ਼ ਰਹੇਗੀ ਕਿ ਕਮੇਟੀ ਨੂੰ ਅਸਲ ’ਚ ਸਮੁੱਚੇ ਪੰਥ ਦੀ ਸਰਬਉੱਚ ਜਥੇਬੰਦੀ ਬਣਾਇਆ ਜਾ ਸਕੇ, ਤਾਂ ਕਿ ਵਿਦੇਸ਼ਾਂ ਅਤੇ ਹੋਰ ਸੂਬਿਆਂ ’ਚ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਾਲ ਤਾਲਮੇਲ ਕਰ ਕੇ ਕਮੇਟੀ ਦੇ ਨਾਲ ਲਿਆਂਦਾ ਜਾਵੇ। ਇਸ ਕੰਮ ਲਈ ਡਿਜੀਟਲ ਸਾਧਨਾਂ ਦੀ ਵੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੈਰ-ਸਿੱਖਾਂ ’ਚ ਸਿੱਖੀ ਦੇ ਆਦਰਸ਼ਾਂ ਲਈ ਕਿੰਨਾ ਖਿਚਾਅ ਹੋ ਸਕਦਾ ਹੈ, ਇਹ ਸਾਨੂੰ ਕਿਸਾਨ ਅੰਦੋਲਨ ਦੌਰਾਨ ਜਗ-ਜ਼ਾਹਿਰ ਹੋਇਆ ਹੈ। ਸ਼੍ਰੋਮਣੀ ਕਮੇਟੀ ਦੇ ਵੱਖ ਸੇਵਾ ਕੰਮਾਂ ਜਿਵੇਂ ਸਿੱਖਿਆ ਅਤੇ ਸਿਹਤ ਲਈ ਵੱਖ-ਵੱਖ ਖੇਤਰਾਂ ’ਚ ਉੱਚਾ ਯੋਗਦਾਨ ਪਾ ਚੁੱਕੇ ਸਿੱਖਾਂ ਦੀ ਸਲਾਹ ਅਤੇ ਸੇਵਾ ਲਈ ਜਾਵੇਗੀ। ਇਕ ਸਵਾਲ ਦੇ ਜਵਾਬ ’ਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੱਚੀ ਸਿਪਾਹੀ ਹਨ, ਇਸ ਲਈ ਪਾਰਟੀ ਬਦਲਣ ਬਾਰੇ ਸੋਚ ਵੀ ਨਹੀਂ ਸਕਦੇ।

ਇਹ ਵੀ ਪੜ੍ਹੋ : ਅਕਾਲੀ ਦਲ ’ਤੇ ਵਰ੍ਹੇ ਇਕਬਾਲ ਸਿੰਘ ਲਾਲਪੁਰਾ, ਕਿਹਾ-ਧਰਮ ਦੇ ਮਾਮਲਿਆਂ ’ਚ ਸਿਆਸੀ ਪਾਰਟੀ ਦਾ ਕੀ ਕੰਮ?

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News