ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਪੱਕੇ ਤੌਰ ’ਤੇ ਨਿਯੁਕਤੀ ’ਤੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ

12/23/2020 4:55:05 PM

ਮਾਛੀਵਾਡ਼ਾ ਸਾਹਿਬ (ਟੱਕਰ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਕੌਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਅਨੇਕਾਂ ਸਿੰਘਾਂ ਦੀ ਸ਼ਹਾਦਤ ਦਾ ਪੰਦਰਵਾਡ਼ਾ ਮਨਾ ਰਹੀ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਦਿੱਲੀ ਅੰਦੋਲਨ ਕਰ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰ ਇੱਕ ਸੱਚੀ ਸ਼ਰਧਾਜਲੀਂ ਦੇਵੇ। ਮਾਛੀਵਾਡ਼ਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਕਿਹਾ ਕਿ ਅੱਜ ਸਾਰੀ ਦੁਨੀਆ ’ਚ ਹਰੇਕ ਵਰਗ ਦੇ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਬਿਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਦਾ ਘਾਣ ਸਮਝ ਰਹੀਆਂ ਹਨ ਅਤੇ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਨਿਮਾਣੀ ਜਿਹੀ ਮਦਦ ਕਰਦਿਆਂ ਪਰਿਵਾਰ ਨੂੰ 1-1 ਲੱਖ ਰੁਪਏ ਭੇਟ ਕੀਤਾ ਜਾ ਰਿਹਾ ਹੈ, ਉੱਥੇ ਨਾਲ ਹੀ ਸਿੰਘੂ ਬਾਰਡਰ ’ਤੇ ਸ਼੍ਰੋਮਣੀ ਕਮੇਟੀ ਹਰ ਸੰਭਵ ਸੇਵਾ ਕਰ ਰਹੀ ਹੈ। ਪਿਛਲੇ ਕਈ ਮਹੀਨਿਆਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਕਾਰਜਕਾਰੀ ਤੌਰ ’ਤੇ ਕੰਮ ਕਰ ਰਹੇ ਹਨ। ਜਥੇਦਾਰ ਦੀ ਪੱਕੀ ਤੌਰ ’ਤੇ ਨਿਯੁਕਤੀ ਕਿਉਂ ਨਹੀਂ ਹੋ ਰਹੀ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਵੱਡਾ ਫੈਸਲਾ ਹੈ ਅਤੇ ਇਸ ਅਹੁਦੇ ’ਤੇ ਬਿਰਾਜਮਾਨ ਵਿਅਕਤੀ ਸਿਧਾਂਤਕ ਤੌਰ ’ਤੇ ਪਰਪੱਕ ਹੋਣਾ ਚਾਹੀਦਾ ਹੈ। ਇਸ ਲਈ ਕਈ ਵਾਰ ਪ੍ਰਕਿਰਿਆ ਮੁਕੰਮਲ ਹੋਣ ਨੂੰ ਸਮਾਂ ਲੱਗ ਜਾਂਦਾ ਹੈ।

ਇਹ ਵੀ ਪੜ੍ਹੋ : ਕੇਂਦਰ ਖ਼ਿਲਾਫ਼ ਡਟੀਆਂ ਕਿਸਾਨ ਜਥੇਬੰਦੀਆਂ ਦੇ ਹੱਕ ’ਚ ਆਮ ਆਦਮੀ ਪਾਰਟੀ ਦਾ ਵੱਡਾ ਐਲਾਨ

ਬੀਬੀ ਜਗੀਰ ਕੌਰ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ’ਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਹੋਵੇਗਾ ਅਤੇ ਜੇਕਰ ਕਿਸੇ ਵੀ ਮੁਲਾਜ਼ਮ ਜਾਂ ਅਧਿਕਾਰੀ ਨੇ ਕੋਈ ਕੁਤਾਹੀ ਕੀਤੀ ਤਾਂ ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਹਲਕਾ ਮੁੱਖ ਸੇਵਾਦਾਰ ਜਥੇ. ਸੰਤਾ ਸਿੰਘ ਉਮੈਦਪੁਰ, ਇਸਤਰੀ ਵਿੰਗ ਦੀ ਕੌਮੀ ਜਨਰਲ ਸਕੱਤਰ ਬੀਬੀ ਬਲਜਿੰਦਰ ਕੌਰ ਖੀਰਨੀਆ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆ, ਰਣਜੀਤ ਸਿੰਘ ਮੰਗਲੀ, ਰਘਵੀਰ ਸਿੰਘ ਸਹਾਰਨਮਾਜਰਾ, ਜਰਨੈਲ ਸਿੰਘ ਡੋਗਰਾਂ ਵਾਲਾ (ਸਾਰੇ ਸ਼੍ਰੋਮਣੀ ਕਮੇਟੀ ਮੈਂਬਰ), ਮੈਨੇਜਰ ਸਰਬਦਿਆਲ ਸਿੰਘ ਵੀ ਮੌਜੂਦ ਸਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ ਪਾਵਨ ਸਰੂਪਾਂ ਬਾਰੇ ਬੀਬੀ ਜਗੀਰ ਕੌਰ ਨੇ ਸਥਿਤੀ ਕੀਤੀ ਸਪੱਸ਼ਟ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ ਪਾਵਨ ਸਰੂਪਾਂ ਦੇ ਭਖਦੇ ਮਾਮਲੇ ਬਾਰੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਲਈ ਅਜਿਹਾ ਸ਼ਬਦ (ਗਾਇਬ) ਉਹ ਵਰਤ ਹੀ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਸ਼੍ਰੋਮਣੀ ਕਮੇਟੀ ਦੇ ਕੁਝ ਮੁਲਾਜ਼ਮਾਂ ਨੇ ਰਿਕਾਰਡ ’ਚ ਦਰਜ ਕੀਤੇ ਬਿਨ੍ਹਾਂ 328 ਸਰੂਪ ਵੱਖ-ਵੱਖ ਧਾਰਮਿਕ ਅਸਥਾਨਾਂ ਨੂੰ ਭੇਟ ਕਰ ਦਿੱਤੇ, ਜਿਨ੍ਹਾਂ ਦੀ ਭੇਟਾ ਅਤੇ ਰਿਕਾਰਡ ਦਰਜ ਨਹੀਂ ਕੀਤਾ ਪਰ ਕੁਝ ਵਿਅਕਤੀਆਂ ਵਲੋਂ ਇਸ ਨੂੰ ਗਲਤ ਰੰਗਤ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਕਿਸਾਨੀ ਦਾ ਦਰਦ ਦਿਲ ’ਚ ਲੈ ਕੇ ਦੁਨੀਆ ਤੋਂ ਤੁਰ ਗਿਆ ਅਮਰਜੀਤ ਸਿੰਘ

ਦਸਮ ਗ੍ਰੰਥ ’ਚ ਦਰਜ ਬਾਣੀ ਬਾਰੇ ਬੀਬੀ ਨੇ ਚੁੱਪੀ ਵੱਟੀ
ਦਸਮ ਗ੍ਰੰਥ ’ਚ ਦਰਜ ਕੁਝ ਵਿਵਾਦਿਤ ਬਾਣੀ ਬਾਰੇ ਪੱਤਰਕਾਰਾਂ ਵਲੋਂ ਪੁੱਛੇ ਜਾਣ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਚੁੱਪ ਵੱਟਦਿਆਂ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਇਹ ਸੰਗਤ ਦੀ ਇੱਛਾ ਹੈ ਕਿ ਉਹ ਇਸ ਬਾਣੀ ਨੂੰ ਮੰਨੇ ਜਾਂ ਨਾ ਮੰਨੇ ਪਰ ਉਹ ਆਪ ਅਜੇ ਐਨੇ ਵਿਦਵਾਨ ਨਹੀਂ ਹਨ ਕਿ ਬਾਣੀ ਬਾਰੇ ਕੋਈ ਟਿੱਪਣੀ ਕਰ ਸਕਾਂ। 

ਇਹ ਵੀ ਪੜ੍ਹੋ : ਯੂ. ਜੀ. ਸੀ. ਵੱਲੋਂ ਯੂਨੀਵਰਸਿਟੀਆਂ ਨੂੰ ਹਿਦਾਇਤਾਂ ਜਾਰੀ, ਐਡਮਿਸ਼ਨ ਰੱਦ ਹੋਣ ’ਤੇ ਰਿਫੰਡ ਹੋਵੇਗੀ ਪੂਰੀ ਫੀਸ


Anuradha

Content Editor

Related News