ਹਲਕੇ ਦੇ ਵਿਕਾਸ ਲਈ ਬੀਬੀ ਭੱਟੀ ਨੇ ਵਿੱਤ ਮੰਤਰੀ ਤੋਂ ਮੰਗੇ ਲੋੜੀਂਦੇ ਫੰਡ
Monday, Oct 04, 2021 - 12:51 AM (IST)
ਬੁਢਲਾਡਾ(ਮਨਜੀਤ)- ਹਲਕਾ ਬੁਢਲਾਡਾ ਦੇ ਵਿਕਾਸ ਕੰਮ, ਲੋੜੀਂਦੇ ਫੰਡਾਂ ਦਾ ਮਾਮਲਾ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਧਿਆਨ ਵਿਚ ਲਿਆਂਦਾ ਗਿਆ। ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਸੇਵਾਦਾਰ ਬੀਬੀ ਰਣਜੀਤ ਕੌਰ ਭੱਟੀ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਬੁੱਕਾ ਦੇ ਕੇ ਦੂਸਰੀ ਵਾਰ ਮੰਤਰੀ ਬਣਨ ’ਤੇ ਮੁਬਾਰਕਬਾਦ ਦਿੱਤੀ ਅਤੇ ਮੰਗ ਪੱਤਰ ਦੇ ਕੇ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਗਿਆ ਕਿ ਹਲਕਾ ਬੁਢਲਾਡਾ ਨੂੰ ਅਜੇ ਤਕ 14ਵੇਂ ਅਤੇ 15ਵੇਂ ਵਿੱਤ ਕਮਿਸ਼ਨ ਤੋਂ ਇਲਾਵਾ ਲੋੜੀਂਦੀਆਂ ਗ੍ਰਾਂਟਾਂ ਅਤੇ ਆਰ. ਡੀ. ਐੱਫ. ਦੇ ਫੰਡ ਅਤੇ ਸਰਪੰਚਾਂ ਨੂੰ ਤਨਖਾਹ ਨਹੀਂ ਮਿਲੀ, ਜਿਸ ਕਰ ਕੇ ਪਿੰਡਾਂ ਅਤੇ ਸ਼ਹਿਰਾਂ ਦੇ ਕੰਮ ਅਧੂਰੇ ਪਏ ਹਨ। ਉਨ੍ਹਾਂ ਕਿਹਾ ਕਿ ਅਧੂਰੇ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਫੋਰੀ ਤੌਰ ’ਤੇ 20 ਕਰੋੜ ਰੁਪਏ ਦੇ ਫੰਡਾਂ ਦੀ ਅਤਿ ਜ਼ਰੂਰਤ ਹੈ। ਜਿਸ ਨੂੰ ਸਰਕਾਰ ਵੱਲੋਂ ਜਾਰੀ ਕਰ ਕੇ ਸ਼ਹਿਰਾਂ ਅਤੇ ਪਿੰਡਾਂ ਦੇ ਰਹਿੰਦੇ ਵਿਕਾਸ ਕੰਮ ਪੂਰੇ ਕੀਤੇ ਜਾਣ ਤਾਂ ਜੋ ਬੁਢਲਾਡਾ ਹਲਕੇ ਦਾ ਵੀ ਹੋਰਾਂ ਹਲਕਿਆਂ ਵਾਂਗ ਵਿਕਾਸ ਹੋ ਸਕੇ। ਬੀਬੀ ਭੱਟੀ ਨੇ ਦੱਸਿਆ ਕਿ ਮਨਪ੍ਰੀਤ ਬਾਦਲ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਮੰਗ ਪੱਤਰ ’ਤੇ ਗੌਰ ਕਰ ਕੇ ਲੋੜੀਂਦੀਆਂ ਗ੍ਰਾਂਟਾਂ ਦੇਣ ਲਈ ਮੁੱਖ ਮੰਤਰੀ ਪੰਜਾਬ ਨਾਲ ਗੱਲ ਕਰਨਗੇ।