ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਅਰਥੀ ਫੂਕ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ

Wednesday, Feb 26, 2020 - 12:31 PM (IST)

ਭਵਾਨੀਗੜ੍ਹ (ਵਿਕਾਸ) : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਭਵਾਨੀਗੜ੍ਹ ਵਲੋਂ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਅੱਜ ਸ਼ਹਿਰ ਦੇ ਨਵੇਂ ਬੱਸ ਸਟੈਂਡ ਨੇੜੇ ਨੈਸ਼ਨਲ ਹਾਈਵੇਅ 'ਤੇ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਨਾਅਰੇਬਾਜ਼ੀ ਕਰਦੇ ਹੋਏ 'ਭਾਈ ਭਾਈ ਨਾਲ ਲੜਣ ਨੀ ਦੇਣਾ, 47 ਬਣਨ ਨੀ ਦੇਣਾ' ਦੇ ਨਾਅਰੇ ਲਾਏ। ਜ਼ਿਲਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਤੇ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਸੀ.ਏ.ਏ., ਐੱਨ.ਸੀ.ਆਰ. ਆਦਿ ਵਰਗੇ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਪਿਛਲੇ ਡੇਢ ਮਹੀਨੇ ਤੋਂ ਮੁਸਲਮਾਨ ਭਾਈਚਾਰੇ ਦੇ ਲੋਕਾਂ ਅਤੇ ਹੋਰ ਜਥੇਬੰਦੀਆਂ ਵਲੋਂ ਸ਼ਾਂਤਮਈ ਢੰਗ ਨਾਲ ਸ਼ਾਹੀਨ ਬਾਗ਼ 'ਚ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਮੋਦੀ-ਭਾਜਪਾ ਸਰਕਾਰ ਵਲੋਂ ਗਿਣੀਮਿਥੀ ਸਾਜਿਸ਼ ਤਹਿਤ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੇ ਘਰਾਂ ਦੁਕਾਨਾਂ ਤੇ ਧਾਰਮਿਕ ਸਥਾਨਾਂ ਦੀ ਸਾੜ-ਫੂਕ ਕਰਕੇ ਹਮਲੇ ਕਰਵਾਏ ਗਏ, ਜਿਸ ’ਚ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। 

ਆਗੂਆਂ ਨੇ ਕਿਹਾ ਕਿ ਮੋਦੀ ਭਾਜਪਾ ਸਰਕਾਰ ਵਲੋਂ ਦੇਸ਼ ’ਚ ਫਿਰਕੂ ਮਾਹੌਲ ਸਿਰਜਿਆ ਜਾ ਰਿਹਾ, ਕਿਉਂਕਿ ਪਿਛਲੇ 6 ਸਾਲਾ ਤੋਂ ਸੱਤਾ ’ਚ ਆਈ ਭਾਜਪਾ ਸਰਕਾਰ ਵਲੋਂ ਲੋਕ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ਮਜ਼ਦੂਰਾਂ ਦੀਆਂ ਸਬਸਿਡੀਆਂ ਛਾਂਗ ਵੱਡੇ-ਵੱਡੇ ਕਾਰਪੋਰੇਟ ਘਰਾਣਿਆਂ ਅਤੇ ਦੇਸੀ ਵਿਦੇਸ਼ੀ ਕੰਪਨੀਆਂ ਦੇ ਹਵਾਲੇ ਕੀਤੀਆਂ ਜਾ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਦੇਸ਼ ਦੇ ਕਿਰਤੀ ਲੋਕਾਂ ਵਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਉਠਾਈ ਜਾ ਰਹੀ ਆਵਾਜ਼ ਨੂੰ ਸਦਾ ਲਈ ਦਬਾਉਣ ਦੇ ਮਨਸੂਬੇ ਨਾਲ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕਾਲੇ ਕਾਨੂੰਨ ਲੋਕਾਂ ’ਤੇ ਜਬਰੀ ਮੜ੍ਹੇ ਜਾ ਰਹੇ ਹਨ। ਇਸ ਮੌਕੇ ਹਰਜਿੰਦਰ ਸਿੰਘ ਘਰਾਚੋਂ, ਰਘਵੀਰ ਸਿੰਘ ਘਰਾਚੋਂ, ਸੁਖਵਿੰਦਰ ਸਿੰਘ, ਚਮਕੌਰ ਸਿੰਘ ਬਲਿਆਲ, ਕਰਮ ਚੰਦ ਪੰਨਵਾਂ ਆਦਿ ਆਗੂ ਹਾਜ਼ਰ ਸਨ।


rajwinder kaur

Content Editor

Related News