ਭਾਰਤੀ ਕਿਸਾਨ ਯੂਨੀਅਨ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ
Friday, Jul 14, 2017 - 02:18 AM (IST)

ਗੁਰਦਾਸਪੁਰ, (ਵਿਨੋਦ, ਦੀਪਕ)- ਸਰਕਾਰ ਵੱਲੋਂ ਨੀਤੀਬੰਦ ਢੰਗ ਨਾਲ ਕਿਸਾਨਾਂ ਦੀ ਕੀਤੀ ਜਾ ਰਹੀ ਲੁੱਟ ਨੂੰ ਬੰਦ ਕਰਵਾਉਣ ਅਤੇ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਕੇ ਐੱਸ. ਡੀ. ਐੱਮ. ਦਫਤਰ ਅੱਗੇ ਪੁਤਲਾ ਫੂਕਿਆ ਗਿਆ।
ਆਗੂਆਂ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਕਿਸਾਨ ਆਰਥਿਕ ਸੰਕਟ 'ਚ ਫਸਿਆ ਹੋਇਆ ਹੈ। ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਰ ਕੇ ਉਨ੍ਹਾਂ ਨੂੰ ਕਦੇ ਵੀ ਫਸਲ ਦਾ ਸਹੀ ਮੁੱਲ ਨਹੀਂ ਮਿਲਦਾ, ਜਿਸ ਦੇ ਨਤੀਜੇ ਵਜੋਂ ਕਿਸਾਨ ਆਰਥਿਕ ਮੰਦਹਾਲੀ ਵਿਚ ਫਸ ਕੇ ਆਤਮ-ਹੱਤਿਆਵਾਂ ਕਰਨ ਲਈ ਮਜਬੂਰ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਇਕ ਪਾਸੇ ਕਿਸਾਨਾਂ ਨੂੰ ਜੀ. ਐੱਸ. ਟੀ. ਵਿਚ ਕੋਈ ਟੈਕਸ ਨਹੀਂ ਲਾਇਆ ਗਿਆ ਜਦਕਿ ਦੇਸ਼ ਦੀ ਆਬਾਦੀ ਦਾ ਇਹ ਸਭ ਤੋਂ ਵੱਡਾ ਵਰਗ ਅਸਿੱਧੇ ਤੌਰ 'ਤੇ ਟੈਕਸ ਦੀ ਮਾਰ ਝੱਲਦਾ ਹੈ। ਇਹ ਵਰਗ ਸਭ ਤੋਂ ਵੱਡਾ ਖਪਤਕਾਰ ਵੀ ਹੈ ਅਤੇ ਇਸ ਨੂੰ ਜ਼ਿੰਦਗੀ ਦੀ ਹਰ ਜ਼ਰੂਰਤ ਪੂਰੀ ਕਰਨ ਲਈ ਚੀਜ਼ਾਂ ਖਰੀਦਣੀਆਂ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਆਤਮ-ਹੱਤਿਆਵਾਂ ਰੋਕਣ ਲਈ ਉਨ੍ਹਾਂ ਦਾ ਕਰਜ਼ਾ ਮੁਆਫ ਕੀਤਾ ਜਾਵੇ। ਪੰਜਾਬ ਦੀਆਂ ਮਿੱਲਾਂ 'ਤੇ ਕਿਸਾਨਾਂ ਦੇ ਗੰਨੇ ਦਾ ਬਕਾਇਆ 122 ਕਰੋੜ ਤੁਰੰਤ ਦਿਵਾਇਆ ਜਾਵੇ। ਪੰਜਾਬ ਵਿਚ ਵੱਧ ਰਹੇ ਆਵਾਰਾ ਪਸ਼ੂਆਂ ਦੀ ਗਿਣਤੀ 'ਤੇ ਰੋਕ ਲਾਉਣ ਲਈ ਠੋਸ ਪ੍ਰਬੰਧ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵੱਡੇ ਉਦਯੋਗਿਕ ਘਰਾਣਿਆਂ ਨੂੰ ਇਕ ਲੱਖ ਕਰੋੜ ਅਤੇ ਹੋਰਨਾਂ ਘਰਾਣਿਆਂ ਨੂੰ ਦੇਨਾ ਬੈਂਕ ਲਈ ਕਰਜ਼ੇ ਵਿਚੋਂ 40 ਹਜ਼ਾਰ ਕਰੋੜ ਰੁਪਏ ਮੁਆਫ ਕੀਤੇ ਗਏ ਹਨ, ਜਿਸ ਦੀ ਹਰ ਪਾਸੇ ਨਿਖੇਧੀ ਹੋ ਰਹੀ ਹੈ। ਜੇਕਰ ਦੇਸ਼ ਦੇ ਕਿਸਾਨਾਂ ਅਤੇ ਹੋਰ ਲੋਕਾਂ ਨਾਲ ਇਸ ਤਰ੍ਹਾਂ ਦੀ ਧੱਕੇਸ਼ਾਹੀ ਹੁੰਦੀ ਰਹੀ ਤਾਂ ਲੋਕਾਂ ਦੇ ਹਾਲਾਤ ਹੋਰ ਵੀ ਖਰਾਬ ਹੋ ਜਾਣਗੇ, ਜਿਸ ਕਰ ਕੇ ਅੱਜ ਦੇਸ਼ ਦੇ ਹਰ ਸੂਬੇ ਵਿਚ ਕਿਸਾਨ ਕਰਜ਼ਾ ਮੁਕਤੀ ਲਈ ਸੰਘਰਸ਼ ਕਰ ਰਹੇ ਹਨ।ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੇ ਰੋਸ ਸ਼ਾਂਤ ਕਰਨ ਲਈ ਪੂਰੇ ਕਰਜ਼ੇ ਮੁਆਫ ਕੀਤੇ ਜਾਣ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਕਿਸਾਨਾਂ ਦਾ ਕਰਜ਼ਾ ਸਿਰਫ 12 ਲੱਖ 80 ਹਜ਼ਾਰ ਕਰੋੜ ਰੁਪਏ ਦਾ ਹੈ ਜਦਕਿ ਕੇਂਦਰ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਤੋਂ ਉਦਯੋਗਿਕ ਘਰਾਣਿਆਂ ਨੂੰ 17 ਲੱਖ 20 ਹਜ਼ਾਰ ਰੁਪਏ ਟੈਕਸ 'ਚ ਛੋਟ ਦਿੱਤੀ ਹੈ।
ਇਸ ਮੌਕੇ ਗੁਰਬਖਸ਼ ਸਿੰਘ, ਗੁਰਨਾਮ ਸਿੰਘ, ਅਮਰੀਕ ਸਿੰਘ, ਹਰਦੇਵ ਸਿੰਘ, ਹਰਬੰਸ ਸਿੰਘ, ਕੁਲਵਿੰਦਰ ਸਿੰਘ, ਕਰਨੈਲ ਸਿੰਘ, ਡਾ. ਨਰਿੰਦਰ ਸਿੰਘ, ਸਾਧੂ ਸਿੰਘ, ਜਸਵੰਤ ਸਿੰਘ, ਅਜਾਇਬ ਸਿੰਘ, ਜਸਵੰਤ ਸਿੰਘ, ਸਰਬਜੀਤ ਸਿੰਘ, ਪਲਵਿੰਦਰ ਸਿੰਘ, ਕੁਲਵੰਤ ਸਿੰਘ, ਬਲਕਾਰ ਸਿੰਘ, ਨਿਰਮਲ ਸਿੰਘ, ਨਿਰੰਜਣ ਸਿੰਘ, ਕੁਲਬੀਰ ਸਿੰਘ, ਗੁਰਨਾਮ ਸਿੰਘ, ਮੱਖਣ ਸਿੰਘ ਆਦਿ ਹਾਜ਼ਰ ਸਨ।