ਭਲਕੇ ਹਜ਼ਾਰਾਂ ਕਿਸਾਨ ਅੰਨਾ ਹਜ਼ਾਰੇ ਦੇ ਸਮਰਥਨ ''ਚ ਦਿੱਲੀ ਪੁੱਜਣਗੇ

Wednesday, Mar 28, 2018 - 12:25 PM (IST)

ਸੁਲਤਾਨਪੁਰ ਲੋਧੀ (ਸੋਢੀ)— ਭਾਰਤੀ ਕਿਸਾਨ ਯੂਨੀਅਨ  ਕਾਦੀਆਂ ਵੱਲੋਂ ਕਰਵਾਏ ਗਏ 2 ਰੋਜ਼ਾ ਜਨਰਲ ਇਜਲਾਸ 'ਚ ਭਾਰੀ ਗਿਣਤੀ 'ਚ ਪੁੱਜੇ ਕਿਸਾਨਾਂ ਦੁਆਰਾ 29 ਮਾਰਚ ਨੂੰ ਦਿੱਲੀ ਵਿਖੇ ਸਮਾਜ ਸੇਵੀ ਅੰਨਾ ਹਜ਼ਾਰੇ ਵੱਲੋਂ ਆਰੰਭੇ ਕਿਸਾਨਾਂ ਦੇ ਸੰਘਰਸ਼ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਕਰਵਾਏ ਗਏ 2 ਰੋਜ਼ਾ ਜਨਰਲ ਇਜਲਾਸ ਦੀ ਅਗਵਾਈ ਹਰਮੀਤ ਸਿੰਘ ਕਾਦੀਆਂ ਪ੍ਰਧਾਨ ਬੀ. ਕੇ. ਯੂ. ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਗੋਲੇਵਾਲਾ ਨੇ ਕੀਤੀ। ਕਿਸਾਨਾਂ ਦੇ ਇਜਲਾਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਜਾਣ-ਬੁੱਝ ਕੇ ਸਵਾਮੀਨਾਥਨ ਰਿਪੋਰਟ ਲਾਗੂ ਨਹੀਂ ਕਰ ਰਹੀ, ਜਿਸ ਕਾਰਨ ਕਰਜ਼ੇ ਦੀ ਦਲਦਲ 'ਚ ਫਸੇ ਕਿਸਾਨ ਵੱਡੀ ਪੱਧਰ 'ਤੇ ਖੁਦਕੁਸ਼ੀਆਂ ਕਰ ਰਹੇ ਹਨ। 
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ 2004 ਵਿਚ ਖੇਤੀ ਨੀਤੀ 'ਤੇ ਵਿਚਾਰ ਕਰਨ ਲਈ ਐੱਮ. ਐੱਸ. ਸਵਾਮੀਨਾਥਨ ਦੀ ਅਗਵਾਈ ਹੇਠ 5 ਮੈਂਬਰੀ ਕਿਸਾਨ ਕਮਿਸ਼ਨ ਬਣਾਇਆ ਸੀ ਅਤੇ ਇਸ ਕੇਂਦਰੀ ਕਿਸਾਨ ਕਮਿਸ਼ਨ ਨੇ 2006 'ਚ ਆਪਣੀ ਰਿਪੋਰਟ ਕੇਂਦਰ ਸਰਕਾਰ ਨੂੰ ਸੌਂਪ ਦਿੱਤੀ ਸੀ, ਜਿਸ 'ਚ ਸਾਫ ਲਿਖਿਆ ਸੀ ਕਿ ਜੇਕਰ ਦੇਸ਼ ਅਤੇ ਕਿਸਾਨ ਨੂੰ ਬਚਾਉਣਾ ਹੈ ਤਾਂ ਖੇਤੀ ਉਤਪਾਦਨ 'ਤੇ ਆ ਰਹੇ ਖਰਚਿਆਂ ਨੂੰ ਮੁੱਖ ਰੱਖਦੇ ਹੋਏ ਕਿਸਾਨਾਂ ਦੀਆਂ ਜਿਣਸਾਂ ਦੀਆਂ ਕੀਮਤਾਂ 50 ਫੀਸਦੀ ਮੁਨਾਫੇਬੰਦ ਕਰ ਕੇ ਸਰਕਾਰ ਮਿੱਥਣੀਆਂ ਸ਼ੁਰੂ ਕਰੇ। 
ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਵੀ ਕਿਸਾਨਾਂ ਦੇ ਹੱਕ ਵਿਚ ਆਈ ਇਸ ਰਿਪੋਰਟ ਨੂੰ ਲਾਗੂ ਕਰਨ ਦੀ ਬਜਾਏ ਟਾਲ-ਮਟੋਲ ਕਰ ਰਹੀ ਹੈ ਅਤੇ ਆਪਣੇ ਵਾਅਦੇ ਤੋਂ ਭੱਜ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ 29 ਮਾਰਚ ਨੂੰ ਪੰਜਾਬ ਤੋਂ ਵੱਡਾ ਜਥਾ ਲੈ ਕੇ ਕਿਸਾਨ ਅੰਨਾ ਹਜ਼ਾਰੇ ਦੇ ਅੰਦੋਲਨ ਵਿਚ ਸ਼ਾਮਲ ਹੋਵੇਗਾ। ਇਸ ਦੌਰਾਨ ਪਾਸ ਕੀਤੇ ਗਏ ਹੋਰ ਮਤਿਆਂ 'ਚ ਪੰਜਾਬ ਵਿਚ ਵਿਕ ਰਹੇ ਨਕਲੀ ਦੁੱਧ ਅਤੇ ਮਿਲਾਵਟੀ ਵਸਤਾਂ 'ਤੇ ਈਮਾਨਦਾਰੀ ਨਾਲ ਰੋਕ ਲਾਉਣ ਦੀ ਮੰਗ ਕੀਤੀ। ਦਾਜ ਨਾ ਲੈਣ ਤੇ ਨਾ ਦੇਣ। ਪੰਜਾਬ ਦੇ ਕਿਸਾਨਾਂ 'ਤੇ ਲਾਏ ਜਾ ਰਹੇ ਟੈਕਸ ਦਾ ਡਟਵਾਂ ਵਿਰੋਧ ਕਰਨ, ਆਵਾਰਾ ਕੁੱਤਿਆਂ ਲਈ ਢੁਕਵੇਂ ਪ੍ਰਬੰਧ ਕਰਨ ਦੀ ਮੰਗ, ਕਿਸਾਨਾਂ ਦੇ 10 ਸਾਲ ਪੁਰਾਣੇ ਟਰੈਕਟਰਾਂ ਨੂੰ ਖੇਤੀ ਲਈ ਵਰਤਣ 'ਤੇ ਲਾਈ ਪਾਬੰਦੀ ਖਤਮ ਕਰਨ ਦੀ ਮੰਗ ਆਦਿ ਮਤੇ ਪਾਸ ਕੀਤੇ ਗਏ। 
ਇਸ ਦੌਰਾਨ ਕਿਸਾਨਾਂ ਦੀਆਂ ਮੋਟਰਾਂ 'ਤੇ ਬਿਜਲੀ ਮੀਟਰ ਲਾਏ ਜਾਣ ਦੇ ਫੈਸਲੇ ਦੀ ਨਿੰਦਾ ਕੀਤੀ ਗਈ ਅਤੇ ਸਰਕਾਰ ਵੱਲੋਂ ਗਊਸੈੱਸ ਲੈ ਕੇ ਵੀ ਬੇਸਹਾਰਾ ਗਊਆਂ ਦੀ ਸੰਭਾਲ ਲਈ ਪ੍ਰਬੰਧ ਨਾ ਕੀਤੇ ਜਾਣ 'ਤੇ ਸਖਤ ਆਲੋਚਨਾ ਕੀਤੀ ਗਈ। ਇਸ 2 ਰੋਜ਼ਾ ਇਜਲਾਸ ਵਿਚ ਜਸਬੀਰ ਸਿੰਘ ਕਾਦੀਆਂ, ਗੁਰਮੀਤ ਸਿੰਘ ਗੋਲੇਵਾਲ ਜਨਰਲ ਸਕੱਤਰ, ਕੁਲਦੀਪ ਸਿੰਘ ਪ੍ਰਚਾਰ ਸਕੱਤਰ, ਪ੍ਰੇਮ ਸਿੰਘ ਸਲਾਹਕਾਰ, ਜਗਦੇਵ ਸਿੰਘ ਸੀਨੀ. ਮੀਤ ਪ੍ਰਧਾਨ, ਬੂਟਾ ਸਿੰਘ ਪ੍ਰੈੱਸ ਸਕੱਤਰ, ਸੁਖਵਿੰਦਰ ਸਿੰਘ ਮੈਂਬਰ, ਸੁਖਵਿੰਦਰ ਸਿੰਘ ਖੋਸਾ ਵਿੱਤ ਸਕੱਤਰ, ਬਲਵਿੰਦਰ ਫਰੀਦਕੋਟ, ਸੁਖਪਾਲ ਸਿੰਘ ਬੁੱਟਰ ਫਿਰੋਜ਼ਪੁਰ, ਸਰਬਜੀਤ ਸਿੰਘ ਫਤਿਹਗੜ੍ਹ ਸਾਹਿਬ, ਸਵਰਨ ਸਿੰਘ ਧੁੱਗਾ ਹੁਸ਼ਿਆਰਪੁਰ, ਅਮਰੀਕ ਸਿੰਘ ਜਲੰਧਰ, ਵੀਰਪਾਲ ਸਿੰਘ ਲੁਧਿਆਣਾ ਅਤੇ ਹੋਰ ਆਗੂਆਂ ਨੇ ਸ਼ਿਰਕਤ ਕੀਤੀ ਤੇ ਆਪਣੇ ਸੁਝਾਅ ਪੇਸ਼ ਕੀਤੇ।


Related News