ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ''ਐਨੀਮਲ ਬਰਥ ਕੰਟਰੋਲ ਸੈਂਟਰ'' ਦਾ ਉਦਘਾਟਨ
Tuesday, Jun 08, 2021 - 04:39 PM (IST)
ਲੁਧਿਆਣਾ (ਹਿਤੇਸ਼, ਵਿੱਕੀ) : ਜਾਨਵਰਾਂ ਦੀ ਆਬਾਦੀ ਨੂੰ ਕੰਟਰੋਲ ਕਰਨ ਅਤੇ ਅਵਾਰਾ ਕੁੱਤਿਆਂ ਦੇ ਵੱਧ ਰਹੇ ਖ਼ਤਰੇ ਨਾਲ ਨਜਿੱਠਣ ਲਈ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਖ਼ੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਹੈਬੋਵਾਲ ਵਿੱਚ ਐਨੀਮਲ ਬਰਥ ਕੰਟਰੋਲ ਸੈਂਟਰ ਦਾ ਉਦਘਾਟਨ ਕੀਤਾ ਗਿਆ, ਜਿੱਥੇ ਨਰ ਅਤੇ ਮਾਦਾ ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇਗੀ।
ਮੇਅਰ ਬਲਕਾਰ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਨਿਗਮ ਕੌਂਸਲਰ ਮਮਤਾ ਆਸ਼ੂ ਅਤੇ ਡਾ. ਜੈ ਪ੍ਰਕਾਸ਼, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਬਾਲਾ ਸੁਬਰਾਮਣੀਅਮ, ਨਗਰ ਨਿਗਮ ਦੇ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ, ਜੁਆਇੰਟ ਕਮਿਸ਼ਨਰ ਸ. ਕੁਲਪ੍ਰੀਤ ਸਿੰਘ ਦੇ ਨਾਲ ਆਸ਼ੂ ਨੇ ਦੱਸਿਆ ਕਿ ਇਹ ਸੈਂਟਰ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ, ਜਿਸ ਵਿੱਚ ਤਿੰਨ ਮਾਹਰ ਵੈਟਰਨਰੀ ਡਾਕਟਰਾਂ ਦੀ ਟੀਮ ਦੇ ਨਾਲ 14 ਸਹਾਇਕ ਸਟਾਫ਼ ਮੈਂਬਰ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਸੈਂਟਰ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਵਿੱਚ ਨਸਬੰਦੀ ਕਮਰੇ, ਆਪ੍ਰੇਸ਼ਨ ਥੀਏਟਰ, 22 ਅਵਾਰਾ ਕੁੱਤਿਆ ਨੂੰ ਰੱਖਣ ਵਾਲੇ ਪਿੰਜਰੇ (ਕੈਨਲ) ਜੋ ਕਿ 6 ਆਪ੍ਰੇਸ਼ਨ ਤੋਂ ਪਹਿਲਾਂ ਅਤੇ 16 ਆਪ੍ਰੇਸ਼ਨ ਤੋਂ ਬਾਅਦ ਲਈ ਹਨ।
ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਨਵੇਂ ਸੈਂਟਰ ਵਿੱਚ ਦੋ ਕੁੱਤੇ ਫੜ੍ਹਨ ਵਾਲੇ ਵਾਹਨ ਹਨ, ਜੋ ਅਵਾਰਾ ਕੁੱਤਿਆਂ ਨੂੰ ਰੋਜ਼ਾਨਾ ਫੜ੍ਹਨਗੇ। ਇਨ੍ਹਾਂ ਕੁੱਤਿਆਂ ਨੂੰ ਪਹਿਲਾਂ ਲੈਂਡਿੰਗ ਏਰੀਆ, ਫੇਰ ਕੈਨਲ ਅਤੇ ਬਾਅਦ ਵਿੱਚ ਆਪ੍ਰੇਸ਼ਨ ਥੀਏਟਰ ਲਿਜਾਇਆ ਜਾਵੇਗਾ, ਜਿੱਥੇ ਡਾਕਟਰ ਉਨ੍ਹਾਂ ਦੀ ਸਰਜਰੀ ਕਰਨਗੇ। ਆਸ਼ੂ ਨੇ ਦੱਸਿਆ ਕਿ ਸਰਜਰੀ ਤੋਂ ਬਾਅਦ, ਨਸਬੰਦੀ ਵਾਲੇ ਕੁੱਤਿਆਂ ਨੂੰ ਕੈਨਲਜ਼ ਵਿੱਚ ਪੰਜ ਤੋਂ ਛੇ ਦਿਨ ਨਿਗਰਾਨੀ ਹੇਠ ਰੱਖਿਆ ਜਾਵੇਗਾ ਅਤੇ ਐਨੀਮਲ ਵੈਲਫੇਅਰ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਸੇ ਕੁਦਰਤੀ ਨਿਵਾਸ 'ਤੇ ਛੱਡ ਦਿੱਤਾ ਜਾਵੇਗ, ਜਿੱਥੋਂ ਟੀਮ ਵੱਲੋਂ ਉਸਨੂੰ ਚੁੱਕਿਆ ਗਿਆ ਸੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਅਵਾਰਾ ਕੁੱਤਿਆਂ ਨੂੰ ਛੱਡਣ ਤੋਂ ਪਹਿਲਾਂ ਉਨ੍ਹਾ ਨੂੰ ਐਂਟੀ ਰੈਬੀਜ਼ ਟੀਕੇ ਵੀ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਹਰ ਇੱਕ ਨਸਬੰਦੀ ਲਈ 1200 ਰੁਪਏ ਖ਼ਰਚ ਆਉਣਗੇ ਅਤੇ ਸੈਂਟਰ ਰੋਜ਼ਾਨਾ 100 ਨਸਬੰਦੀ ਕਰਵਾਏਗਾ ਅਤੇ ਅਗਲੇ ਡੇਢ ਸਾਲ ਵਿੱਚ ਲੁਧਿਆਣਾ ਦੇ ਸਾਰੇ ਅਵਾਰਾ ਕੁੱਤਿਆਂ ਦੀ ਸੈਂਟਰ 'ਤੇ ਨਸਬੰਦੀ ਕੀਤੀ ਜਾਵੇਗੀ। ਉਨ੍ਹਾਂ ਸੈਂਟਰ ਨੂੰ ਚਲਾਉਣ ਅਤੇ ਲੋਕਾਂ ਨੂੰ ਲੋੜੀਂਦੀ ਰਾਹਤ ਦੇਣ ਲਈ ਲੁਧਿਆਣਾ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ।