ਭਾਖੜਾ ਡੈਮ ਤੋਂ ਛੱਡੇ ਪਾਣੀ ਕਾਰਨ ਸ੍ਰੀ ਅਨੰਦਪੁਰ ਸਾਹਿਬ ਦੇ ਕਈ ਪਿੰਡ ਲਪੇਟ ''ਚ, ਲੋਕ ਸਹਿਮੇ

08/18/2019 7:02:50 PM

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)— ਮੌਸਮ ਵਿਭਾਗ ਵੱਲੋਂ ਅਗਲੇ 48 ਘੰਟੇ ਭਾਰੀ ਬਾਰਿਸ਼ ਪੈਣ ਦੀ ਦਿੱਤੀ ਖਬਰ ਤੋਂ ਬਾਅਦ ਭਾਖੜਾ ਡੈਮ ਦੇ ਪ੍ਰਬੰਧਕਾਂ ਵੱਲੋਂ ਪੈਦਾ ਹੋਣ ਵਾਲੇ ਖਤਰੇ ਨੂੰ ਭਾਪਦਿਆਂ ਡੈਮ 'ਚੋਂ ਛੱਡੇ ਪਾਣੀ ਨੇ ਸਤਲੁਜ ਦਰਿਆ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਦੇ ਬਿਲਕੁਲ ਨਾਲ ਲੱਗਦੇ ਪਿੰਡ ਲੋਦੀਪੁਰ ਸਮੇਤ ਤਕਰੀਬਨ ਅੱਧੀ ਦਰਜਨ ਪਿੰਡਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਲਗਾਤਾਰ ਪੈ ਰਹੀ ਬਾਰਿਸ਼ ਅਤੇ ਸਤਲੁਜ ਦਰਿਆ 'ਚ ਲਗਾਤਾਰ ਵਧ ਰਹੇ ਪਾਣੀ ਨੇ ਦਰਿਆ ਦੇ ਨਾਲ ਰਹਿੰਦੇ ਲੋਕਾਂ 'ਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਭਾਖੜਾ ਡੈਮ ਵੱਲੋਂ ਛੱਡੇ ਜਾ ਰਹੇ 53000 ਕਿਊਸਿਕ ਪਾਣੀ 'ਚੋਂ 30700 ਕਿਊਸਿਕ ਪਾਣੀ ਇਕੱਲੇ ਸਤਲੁਜ ਦਰਿਆ 'ਚ ਆ ਰਿਹਾ ਹੈ ਅਤੇ ਬਾਕੀ ਪਾਣੀ ਨਾਲ ਲੱਗਦੀਆਂ 2 ਨਹਿਰਾਂ 'ਚ ਜਾ ਰਿਹਾ ਹੈ। ਇਸੇ ਤਰ੍ਹਾਂ ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ 'ਚ 12350 ਕਿਊਸਿਕ, ਸ੍ਰੀ ਅਨੰਦਪੁਰ ਸਾਹਿਬ ਹਾਈਲਡ ਨਹਿਰ 'ਚ 10150 ਅਤੇ ਸਤਲੁਜ ਦਰਿਆ 'ਚ 30700 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।

ਸ੍ਰੀ ਅਨੰਦਪੁਰ ਸਾਹਿਬ ਦੇ ਇਹ ਪਿੰਡ ਆਏ ਲਪੇਟ 'ਚ 
ਸਤਲੁਜ ਦਰਿਆ ਦੇ ਨਾਲ ਲੱਗਦੇ ਕੱਚੇ ਬੰਨ੍ਹ ਨੂੰ ਪਾਰ ਕਰਦਿਆਂ ਭਾਰੀ ਮਾਤਰਾ 'ਚ ਪਾਣੀ ਨੇ ਪਿੰਡ ਲੋਦੀਪੁਰ, ਲੋਦੀਪੁਰ ਬਰੋਟੂ ਬਾਸ, ਮਟੋਰ, ਨਿੱਕੂਵਾਲ, ਮੈਹੰਦਲੀ ਕਲਾਂ, ਗੱਜਪੁਰ, ਚੰਦਪੁਰ, ਮੀਂਢਵਾ ਲੋਅਰ, ਕੋਟਲਾ ਲੋਅਰ, ਸ਼ਾਹਪੁਰ ਬੇਲਾ ਆਦਿ ਪਿੰਡਾਂ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਪਿੰਡ ਵਾਸੀਆਂ ਹਰਦੀਪ ਸਿੰਘ ਬਬਲੀ, ਸਰਪੰਚ ਹਰਜਾਪ ਸਿੰਘ, ਸੁੱਚਾ ਸਿੰਘ, ਬਲਦੇਵ ਸਿੰਘ, ਮਲਕੀਤ ਸਿੰਘ ਆਦਿ ਨੇ ਦੱਸਿਆ ਕਿ ਲੋਦੀਪੁਰ ਅਤੇ ਲੋਦੀਪੁਰ ਬਰੋਟੂ ਬਾਸ ਪਿੰਡਾਂ 'ਚ ਵੜੇ ਇਸ ਪਾਣੀ ਕਾਰਨ ਸਾਡੀ ਤਕਰੀਬਨ 150 ਏਕੜ ਫਸਲ ਪਾਣੀ 'ਚ ਡੁੱਬ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਤਾਂ ਸਿਰਫ ਸਾਡੇ 2 ਪਿੰਡਾਂ ਦਾ ਹਾਲ ਹੈ ਜਦਕਿ ਬਾਕੀ ਅਗਲੇ ਪਿੰਡਾਂ ਦੀ ਵੀ ਹਜ਼ਾਰਾਂ ਕਿੱਲੇ ਜ਼ਮੀਨ ਇਸ ਪਾਣੀ ਦੀ ਮਾਰ ਹੇਠ ਆ ਚੁੱਕੀ ਹੈ। ਇਸ ਪਾਣੀ ਕਾਰਣ ਕਈ ਪਿੰਡਾਂ ਦਾ ਆਪਸ ਵਿਚ ਸੰਪਰਕ ਟੁੱਟ ਗਿਆ ਹੈ। ਦੇਰ ਸ਼ਾਮ ਡਿਪਟੀ ਕਮਿਸ਼ਨਰ ਰੂਪਨਗਰ ਡਾ. ਸੁਮੀਤ ਜਾਰੰਗਲ ਅਤੇ ਐੱਸ. ਡੀ. ਐੱਮ. ਕਨੂੰ ਗਰਗ ਨੇ ਵੀ ਸਤਲੁਜ ਦਰਿਆ ਦਾ ਦੌਰਾ ਕੀਤਾ।

PunjabKesari
ਸਿਰਸਾ ਨਦੀ 'ਚ ਪਾਣੀ ਜ਼ਿਆਦਾ ਆਇਆ ਤਾਂ ਸਥਿਤੀ ਹੋ ਸਕਦੀ ਹੈ ਭਿਆਨਕ
ਡੀ. ਸੀ. ਸੁਮਿਤ ਜਰੰਗਲ ਵੱਲੋਂ ਪਾਣੀ ਨਾਲ ਪ੍ਰਭਾਵਿਤ ਹੋਏ ਪਿੰਡਾਂ ਦਾ ਦੌਰਾ ਕੀਤਾ ਗਿਆ। ਤੇਜ਼ ਮੀਂਹ 'ਚ ਐੱਸ. ਡੀ. ਐੱਮ. ਸ੍ਰੀ ਅਨੰਦਪੁਰ ਸਾਹਿਬ 'ਚ ਪਹੁੰਚੇ ਅਤੇ ਪ੍ਰਭਾਵਿਤ ਲੋਕਾਂ ਤੋਂ ਜਾਣਕਾਰੀ ਲਈ। ਡੀ. ਸੀ. ਨੇ ਕਿਹਾ ਕਿ ਪ੍ਰਸ਼ਾਸਨ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਅਤੇ ਅਜੇ ਤੱਕ ਡਰਨ ਵਾਲੀ ਸਥਿਤੀ ਨਹੀਂ। ਅਜੇ ਤੱਕ ਪਿਛਲੀ ਵਾਰ ਨਾਲੋਂ ਘੱਟ ਪਾਣੀ ਆ ਰਿਹਾ ਹੈ। ਜੇਕਰ ਸਿਰਸਾ ਨਦੀ 'ਚ ਪਾਣੀ ਵੱਧ ਮਾਤਰਾ ਵਿਚ ਆਉਂਦਾ ਹੈ ਤਾਂ ਮੁਸ਼ਕਿਲ ਹੋ ਸਕਦੀ ਹੈ। ਅਜੇ ਸਥਿਤੀ ਕੰਟਰੋਲ 'ਚ ਹੈ ਅਤੇ ਉਨ੍ਹਾਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਹੈ, ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਸ਼ਿਫਟ ਕਰਨ ਦੀ ਅਪੀਲ ਵੀ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜੇ ਉਹ ਆਪਣੇ ਘਰਾਂ ਵਿਚ ਹੀ ਰਹਿਣਗੇ। ਡੀ. ਸੀ. ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸਥਿਤੀ ਨਾਲ ਨਜਿੱਠਣ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅਜੇ ਤੱਕ ਰੂਪਨਗਰ ਹੈੱਡਵਰਕਸ ਤੋਂ ਵੀ 35 ਹਜ਼ਾਰ ਕਿਊਸਿਕ ਦੇ ਕਰੀਬ ਪਾਣੀ ਆ ਰਿਹਾ ਹੈ।
ਪਿੰਡ ਜਿੰਦਵੜੀ ਤੋਂ ਸਤਲੁਜ ਦਰਿਆ 'ਤੇ ਬਣੇ ਪੁਲ ਦਾ ਰਸਤਾ ਬੰਦ
ਪਿੰਡ ਬੇਲਾ ਧਿਆਨੀ ਸਮੇਤ ਕਈ ਹੋਰ ਪਿੰਡਾਂ 'ਚ ਕਈ ਸੰਪਰਕ ਮਾਰਗ ਪਾਣੀ ਦੇ ਲਪੇਟ 'ਚ ਆ ਚੁੱਕੇ ਅਤੇ ਕੇਵਲ ਬੇਲਾ ਰਾਮਗੜ੍ਹ ਤੋਂ ਭਲਾਣ ਵਾਲਾ ਪੁਲ ਹੀ ਇਕੋ ਇਕ ਰਸਤਾ ਬਚਿਆ ਹੈ ਅਤੇ ਪਿੰਡ ਜਿੰਦਵੜੀ ਤੋਂ ਸਤਲੁਜ ਦਰਿਆ 'ਤੇ ਬਣੇ ਪੁਲ ਦਾ ਰਸਤਾ ਵੀ ਬੰਦ ਹੋ ਚੁੱਕਾ ਹੈ। ਇਸ ਕਾਰਣ ਇਲਾਕੇ ਦੇ ਲੋਕਾਂ ਨੂੰ ਕਈ ਮੀਲ ਦੂਰ ਘੁੰਮ ਕੇ ਆਪਣੇ ਘਰਾਂ ਵਿਚ ਆਉਣਾ ਪੈ ਰਿਹਾ ਹੈ। ਰੂਪਨਗਰ ਦੇ ਡੀ. ਸੀ. ਅਤੇ ਨੰਗਲ ਦੇ ਐੱਸ. ਡੀ. ਐੱਮ. ਵੀ ਹੇਠਲੇ ਇਲਾਕਿਆਂ ਦਾ ਲਗਾਤਾਰ ਦੌਰਾ ਕਰ ਕੇ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ।


shivani attri

Content Editor

Related News