ਢੱਡਰੀਆਂ ਵਾਲਿਆਂ ਨੇ ''ਵਲਟੋਹਾ'' ਦੇ ਇਲਜ਼ਾਮਾਂ ਦਾ ਦਿੱਤਾ ਠੋਕਵਾਂ ਜਵਾਬ, ਜਾਣੋ ਕੀ ਕਿਹਾ
Saturday, Jul 10, 2021 - 03:56 PM (IST)
ਚੰਡੀਗੜ੍ਹ (ਟੱਕਰ) : ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ’ਤੇ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਨਸ਼ਾ ਤਸਕਰਾਂ ਦੇ ਪਰਿਵਾਰ ਨਾਲ ਤਸਵੀਰਾਂ ਸਾਹਮਣੇ ਆਉਣ ’ਤੇ ਇਸ ਦੀ ਜਾਂਚ ਅਤੇ ਹੋਰ ਕਈ ਇਲਜ਼ਾਮ ਲਗਾਏ ਹਨ। ਇਸ ਦਾ ਢੱਡਰੀਆਂ ਵਾਲਿਆਂ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰ ਠੋਕਵਾਂ ਜਵਾਬ ਦਿੱਤਾ ਹੈ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦੇ ਨਜ਼ਦੀਕੀ ਦਾ ਭਤੀਜਾ ਨਸ਼ਾ ਤਸਕਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਹੋਇਆ ਹੈ ਪਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਪਰਿਵਾਰ ਨਾਲ ਤਸਵੀਰਾਂ ਦਿਖਾ ਉਨ੍ਹਾਂ ਉੱਪਰ ਵੀ ਤਸਕਰਾਂ ਨਾਲ ਸਬੰਧ ਹੋਣ ਦੇ ਇਲਜ਼ਾਮ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨਸ਼ਾ ਤਸਕਰ ਦੇ ਪਰਿਵਾਰ ਨਾਲ ਤਸਵੀਰ ਸਾਹਮਣੇ ਆਉਣ ’ਤੇ ਉਹ ਦੋਸ਼ੀ ਹਨ ਤਾਂ ਉਨ੍ਹਾਂ ਦੀ ਸਿਆਸੀ ਪਾਰਟੀ ਦੇ ਆਗੂ, ਜਿਨ੍ਹਾਂ ਦੀਆਂ ਰਾਣੋ ਵਰਗੇ ਪੰਜਾਬ ਦੇ ਵੱਡੇ ਤਸਕਰਾਂ ਨਾਲ ਤਸਵੀਰਾਂ ਹਨ, ਫਿਰ ਉਹ ਵੀ ਦੋਸ਼ੀ ਹੋਏ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਬੇਹੱਦ ਗੰਭੀਰ ਹੋਇਆ 'ਬਿਜਲੀ ਸੰਕਟ', ਤਲਵੰਡੀ ਸਾਬੋ ਪਲਾਂਟ ਵੀ ਬੰਦ
ਢੱਡਰੀਆਂ ਵਾਲਿਆਂ ਨੇ ਆਖਿਆ ਕਿ ਸਰਕਾਰ ਦੀ ਜਿਹੜੀ ਵੀ ਏਜੰਸੀ ਤੋਂ ਵਲਟੋਹਾ ਸਾਹਿਬ ਜਾਂਚ ਕਰਵਾਉਣੀ ਚਾਹੁੰਦੇ ਹੋਣ, ਉਹ ਤਿਆਰ ਹਨ ਪਰ ਉਹ ਨਾਲ ਹੀ ਉਨ੍ਹਾਂ ਦੇ ਸਿਆਸੀ ਆਗੂਆਂ ਦੀ ਜਾਂਚ ਵੀ ਕਰਵਾਉਣਗੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ ਕਿ ਚਿੱਟੇ ਦਾ ਅਸਲ ਕਾਰੋਬਾਰ ਕਰਨ ਵਾਲੇ ਕੌਣ ਹਨ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਇੱਕ ਹੋਰ ਇਲਜ਼ਾਮ ਲਗਾਇਆ ਕਿ ਢੱਡਰੀਆਂ ਵਾਲਿਆਂ ਕੋਲ ਕਰੋੜਾਂ ਰੁਪਏ ਦੀਆਂ ਕਾਰਾਂ ਹਨ, ਜਦੋਂ ਕਿ ਦੋਸ਼ ਲਗਾਉਣ ਤੋਂ ਪਹਿਲਾਂ ਇੱਕ ਵਾਰ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਸਾਹਿਬ ਦੇ ਗੈਰੇਜਾਂ ਵਿਚ ਆ ਕੇ ਦੇਖ ਤਾਂ ਲੈਂਦੇ ਕਿ ਉਨ੍ਹਾਂ ਕੋਲ ਕਿਹੜੀਆਂ ਕਰੋੜਾਂ ਰੁਪਏ ਦੀਆਂ ਕਾਰਾਂ ਹਨ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸਪੱਸ਼ਟ ਕੀਤਾ ਕਿ ਸਾਲ 2008 ’ਚ ਉਨ੍ਹਾਂ ਇੱਕ ਗੱਡੀ ਲੈਂਡ ਕਰੂਜ਼ਰ ਖ਼ਰੀਦੀ ਸੀ, ਜਿਸ 'ਤੇ ਉਹ 2016 ਤੱਕ ਸਿੱਖ ਧਰਮ ਦੇ ਪ੍ਰਚਾਰ ਲਈ ਵੱਖ-ਵੱਖ ਥਾਵਾਂ ’ਤੇ ਗਏ ਹਨ। ਇਸ ਦੌਰਾਨ ਹਮਲੇ ਵਿਚ ਇਹ ਗੱਡੀ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਗਈ ਅਤੇ ਉਨ੍ਹਾਂ ਦਾ ਇੱਕ ਸਾਥੀ ਵੀ ਕਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਜਗਰਾਓਂ 'ਚ 8 ਸਾਲਾ ਬੱਚੀ ਨਾਲ ਦਰਿੰਦਗੀ, ਗੇਮ ਖਿਡਾਉਣ ਬਹਾਨੇ ਨੌਜਵਾਨ ਨੇ ਕੀਤੀਆਂ ਹੱਦਾਂ ਪਾਰ
ਉਨ੍ਹਾਂ ਕਿਹਾ ਕਿ ਇਹ ਗੱਡੀ ਪੁਲਸ ਥਾਣੇ ਵਿਚ 5 ਸਾਲ ਖੜ੍ਹੀ ਰਹੀ, ਜਿਸ ਨੂੰ ਤੁਸੀਂ 1 ਕਰੋੜ 65 ਲੱਖ ਰੁਪਏ ਦੀ ਦੱਸ ਰਹੇ ਹੋ, ਉਹ ਮੈਂ 65 ਲੱਖ ਦੀ ਦੇਣ ਨੂੰ ਤਿਆਰ ਹਾਂ, ਬੇਸ਼ੱਕ ਤੁਸੀਂ 1 ਕਰੋੜ ਰੁਪਏ ਕਮਾ ਕੇ ਜੋ ਬਿਜਲੀ ਦੀਆਂ ਕੁੰਡੀਆਂ ਲਗਾਉਂਦੇ ਰਹੇ ਹੋ, ਉਸ ਦਾ ਬਿੱਲ ਭਰ ਲਵੋ। ਵਲਟੋਹਾ ਵੱਲੋਂ ਲਗਾਏ ਇਲਜ਼ਾਮ ਕਿ ਢੱਡਰੀਆਂ ਵਾਲਿਆਂ ਕੋਲ 1 ਕਰੋੜ ਰੁਪਏ ਦਾ ਮੋਬਾਇਲ ਫੋਨ ਹੈ ਤਾਂ ਇਸ ਨੂੰ ਸਾਬਿਤ ਕਰ ਕੇ ਦਿਖਾਉਣ। ਭਾਈ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਜੇਕਰ ਅਕਾਲੀ ਦਲ ਤੇ ਵਿਰਸਾ ਸਿੰਘ ਵਲਟੋਹਾ ਨੂੰ ਬਰਗਾੜੀ ਮਾਮਲੇ ’ਚ ਬਣਾਈ ਸਿੱਟ ਅੱਗੇ ਮੇਰੇ ਵੱਲੋਂ ਦਿੱਤੇ ਸੱਚਾਈ ਭਰੇ ਬਿਆਨਾਂ ਦਾ ਗੁੱਸਾ ਹੈ ਤਾਂ ਸਿੱਧੇ ਰੂਪ ਵਿਚ ਦੱਸੋ ਨਾ ਕਿ ਇਸ ਤਰ੍ਹਾਂ ਦੇ ਬੇਬੁਨਿਆਦ ਇਲਜ਼ਾਮ ਲਗਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰੋ।
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਫਿਰ ਕਿਹਾ ਕਿ ਉਹ ਵਲਟੋਹਾ ਵਲੋਂ ਲਗਾਏ ਇਲਜ਼ਾਮਾਂ ਲਈ ਕਿਸੇ ਵੀ ਏਜੰਸੀ ਤੋਂ ਜਾਂਚ ਲਈ ਤਿਆਰ ਹਨ, ਬੇਸ਼ੱਕ ਉਹ ਆਪ ਮੀਡੀਆ ਤੇ ਕੈਮਰੇ ਲੈ ਕੇ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਸਾਹਿਬ ਵਿਖੇ ਆਉਣ ਤਾਂ ਜੋ ਉਨ੍ਹਾਂ ਨੂੰ ਸੱਚਾਈ ਪਤਾ ਲੱਗ ਸਕੇ ਕਿ ਹੋਰਨਾਂ ਡੇਰਿਆਂ ਦੇ ਬਾਬਿਆਂ ਕੋਲ ਕਿੰਨੀ-ਕਿੰਨੀ ਜ਼ਮੀਨ ਹੈ ਪਰ ਉਨ੍ਹਾਂ ਕੋਲ 5 ਏਕੜ ਵੀ ਨਹੀਂ। ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਸਾਹਿਬ ਵਿਖੇ ਜੋ ਵੀ ਖ਼ਰਚੇ ਹਨ, ਉਹ ਸੰਗਤ ਦੇ ਸਹਿਯੋਗ ਨਾਲ ਹਨ, ਜਿਸ ਦੇ ਉਹ ਪੂਰੇ ਵੇਰਵੇ ਵੀ ਦੇ ਦੇਣਗੇ। ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੇ ਲਗਾਏ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਇੱਕ ਸਵਾਲ ਉਨ੍ਹਾਂ ਨੂੰ ਵੀ ਕੀਤਾ ਕਿ ਸਪੱਸ਼ਟ ਕਰੋ ਕਿ ਜੋ ਮੇਰੇ ’ਤੇ ਬੇਬੁਨਿਆਦ ਇਲਜ਼ਾਮ ਲਗਾਏ ਜਾ ਰਹੇ ਹਨ, ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਨ ਜਾਂ ਉਨ੍ਹਾਂ ਦੇ ਨਿੱਜੀ। ਉਨ੍ਹਾਂ ਕਿਹਾ ਕਿ ਜੇਕਰ ਬਰਗਾੜੀ ਮਾਮਲੇ ਵਿਚ ਦਿੱਤੇ ਬਿਆਨਾਂ ਦਾ ਅਕਾਲੀ ਦਲ ਵਿਚ ਕੋਈ ਗੁੱਸਾ ਹੈ ਤਾਂ ਉਹ ਵੀ ਸਪੱਸ਼ਟ ਦੱਸ ਦਿੱਤਾ ਜਾਵੇ ਕਿਉਂਕਿ ਉਨ੍ਹਾਂ ਨੇ ਅਜੇ ਤੱਕ ਕਦੇ ਵੀ ਕਿਸੇ ਸਿਆਸੀ ਪਾਰਟੀ ਦਾ ਸਮਰਥਨ ਨਹੀਂ ਕੀਤਾ ਅਤੇ ਨਾ ਹੀ ਆਪਣੇ ਨਾਲ ਪਿਆਰ ਕਰਨ ਵਾਲੀ ਸੰਗਤ ਨੂੰ ਕਦੇ ਕਿਸੇ ਸਿਆਸੀ ਪਾਰਟੀ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ, ਸਗੋਂ ਹਮੇਸ਼ਾ ਗੁਰਬਾਣੀ ਦਾ ਪ੍ਰਚਾਰ ਕਰਦਿਆਂ ਸੱਚ ਦੀ ਆਵਾਜ਼ ਉਠਾਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ