ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਛੇਕਣ ਲਈ ਤਿਆਰ ਕੀਤੇ ਜਾ ਰਹੇ ਨੇ ਝੂਠੇ ਇਲਜ਼ਾਮ : ਢੱਡਰੀਆਂ ਵਾਲੇ

06/03/2020 1:37:55 PM

ਲੁਧਿਆਣਾ (ਟੱਕਰ) : ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਅਤੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਛੇਕਣ ਲਈ ਮੇਰੇ ਖ਼ਿਲਾਫ਼ ਝੂਠੇ ਇਲਜ਼ਾਮ ਤਿਆਰ ਕੀਤੇ ਜਾ ਰਹੇ ਹਨ। ਹੁਣ ਇੱਕ ਵਿਅਕਤੀ ਵੱਲੋਂ ਗੁਰੂ ਸਾਹਿਬ ਜੀ ਬਾਰੇ ਅਪਸ਼ਬਦ ਬੋਲਣਾ, ਜਿਸ ਦਾ ਨਾਮ ਮੇਰੇ ਨਾਲ ਜੋੜਨਾ ਕੁੱਝ ਜਾਗਰੂਕ ਪ੍ਰਚਾਰਕਾਂ ਦਾ ਕੇਵਲ ਕੂੜ ਪ੍ਰਚਾਰ ਹੈ, ਜੋ ਕਿ ਮੇਰੇ ਖ਼ਿਲਾਫ਼ ਸਾਜਿਸ਼ਾਂ ਹਨ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਇੱਕ ਵੀਡਿਓ ਜਾਰੀ ਕਰਦਿਆਂ ਕਿਹਾ ਕਿ ਇੱਕ ਵਿਅਕਤੀ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਅਪਸ਼ਬਦ ਬੋਲੇ; ਜੋ ਕਿ ਬਹੁਤ ਨਿੰਦਣਯੋਗ ਹੈ, ਜਿਸ ਖ਼ਿਲਾਫ਼ ਪਰਚਾ ਵੀ ਦਰਜ ਹੋ ਗਿਆ ਪਰ ਇਸ ਵਿਅਕਤੀ ਦੀ ਮੇਰੇ ਨਾਲ ਇੱਕ ਪੁਰਾਣੀ ਖਿਚਵਾਈ ਤਸਵੀਰ ਜਨਤਕ ਕਰਕੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜੋ ਗੁਰੂ ਸਾਹਿਬ ਬਾਰੇ ਅਪਸ਼ਬਦ ਬੋਲੇ ਹਨ, ਉਸ ਪਿੱਛੇ ਢੱਡਰੀਆਂ ਵਾਲਿਆਂ ਦਾ ਨਾਸਤਕ ਪ੍ਰਚਾਰ ਹੈ।

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਲੰਮੇ ਸਮੇਂ ਦੇ ਸਿੱਖ ਧਰਮ ਦੇ ਪ੍ਰਚਾਰ ਦੌਰਾਨ ਕਿਤੇ ਵੀ ਅਜਿਹਾ ਸ਼ਬਦ ਨਹੀਂ ਬੋਲਿਆ, ਜਿਸ ਤੋਂ ਲੋਕ ਸੇਧ ਲੈ ਕੇ ਗੁਰੂ ਸਾਹਿਬ ਬਾਰੇ ਅਪਸ਼ਬਦ ਬੋਲਣ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ 'ਚ ਕੋਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨਾਲ ਤਸਵੀਰ ਖਿਚਵਾ ਕੇ ਕਿਸੇ ਦਾ ਕਤਲ ਕਰ ਦੇਵੇ ਤਾਂ ਉਸ ਲਈ ਜ਼ਿੰਮੇਵਾਰ ਕੀ ਜੱਥੇਦਾਰ ਸਾਹਿਬ ਹੋਣਗੇ? ਇਸ ਲਈ ਜੇਕਰ ਕਿਸੇ ਨੇ ਮੇਰੇ ਨਾਲ ਤਸਵੀਰ ਖਿਚਵਾ ਕੇ ਗੁਰੂ ਸਾਹਿਬ ਬਾਰੇ ਅਪਸ਼ਬਦ ਬੋਲ ਦਿੱਤੇ ਤਾਂ ਉਸ ਲਈ ਮੈਂ ਜ਼ਿੰਮੇਵਾਰ ਕਿਵੇਂ ਹੋ ਸਕਦਾ ਹਾਂ? ਭਾਈ ਰਣਜੀਤ ਸਿੰਘ ਨੇ ਕਿਹਾ ਕਿ ਮੇਰੇ ਵੱਲੋਂ ਕੀਤੇ ਸਿੱਖ ਧਰਮ ਦੇ ਪ੍ਰਚਾਰ ਦੌਰਾਨ ਕੁੱਝ ਡੇਰਿਆਂ ਦਾ ਜੋ ਧਰਮ ਦੇ ਨਾਮ ’ਤੇ ਕਾਰੋਬਾਰ ਚੱਲਦਾ ਸੀ; ਉਹ ਠੱਪ ਹੋ ਗਿਆ ਹੈ । ਲੋਕ ਬਾਬਿਆਂ ਦੇ ਡੇਰਿਆਂ ’ਤੇ ਜਾਣ ਤੋਂ ਹਟ ਗਏ ਅਤੇ ਘਰਾਂ ’ਚ ਹੀ ਬਾਣੀ ਦਾ ਜਾਪ ਕਰਨ ਲੱਗ ਪਏ ਹਨ। ਹੁਣ ਉਹੀ ਬਾਬੇ ਜਿਨ੍ਹਾਂ ਦੀਆਂ ਦੁਕਾਨਦਾਰੀਆਂ ਬੰਦ ਹੋ ਗਈਆਂ, ਉਹ ਮੇਰੇ ਖ਼ਿਲਾਫ਼ ਸਾਜਿਸ਼ਾਂ ਰਚ ਰਹੇ ਹਨ ਅਤੇ ਇੱਥੋਂ ਤੱਕ ਘਟੀਆ ਹਰਕਤ ਕੀਤੀ ਜਾ ਰਹੀ ਹੈ ਕਿ ਜਿਸ ਵਿਅਕਤੀ ਨੇ ਗੁਰੂ ਸਾਹਿਬ ਬਾਰੇ ਅਪਸ਼ਬਦ ਬੋਲੇ ਉਸ ’ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਵੀਡਿਓ ਬਣਾ ਕੇ ਜਨਤਕ ਤੌਰ ’ਤੇ ਮੁਆਫ਼ੀ ਮੰਗ ਕੇ ਬਿਆਨ ਦੇਵੇ ਕਿ ਢੱਡਰੀਆਂ ਵਾਲੇ ਦੇ ਗੁੰਮਰਾਹਕੁੰਨ ਪ੍ਰਚਾਰ ਕਾਰਨ ਉਸ ਨੇ ਗੁਰੂ ਸਾਹਿਬ ਬਾਰੇ ਅਪਸ਼ਬਦ ਬੋਲੇ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਹ ਝੂਠੇ ਇਲਜ਼ਾਮਾਂ ਦੀ ਲੜੀ ਬਣਾ ਕੇ ਗਰਾਂਊਡ ਤਿਆਰ ਕੀਤੀ ਜਾ ਰਹੀ ਹੈ ਕਿ ਮੈਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਛੇਕਿਆ ਜਾ ਸਕੇ।
 ਦੋਸ਼ ਸਾਬਿਤ ਕਰੋ, ਅਕਾਲ ਤਖ਼ਤ ਸਾਹਿਬ ’ਤੇ ਤੁਰੰਤ ਮੁਆਫ਼ੀ ਮੰਗਾਂਗਾ

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਬੇਨਤੀ ਕਰਦੇ ਹਨ ਕਿ ਉਹ ਚੈਨਲ ’ਤੇ ਆ ਕੇ ਮੇਰੇ ’ਤੇ ਜੋ ਦੋਸ਼ ਲਗਾਏ ਜਾ ਰਹੇ ਹਨ, ਉਹ ਸਾਬਿਤ ਕਰ ਦੇਣ, ਉਹ ਤੁਰੰਤ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜਾ ਕੇ ਮੁਆਫ਼ੀ ਮੰਗ ਲੈਣਗੇ। ਭਾਈ ਸਾਹਿਬ ਨੇ ਫਿਰ ਦੁਹਰਾਇਆ ਕਿ ਅੱਜ ਤੱਕ ਪਿਛਲੇ 17 ਸਾਲਾਂ ਦੇ ਸਿੱਖ ਧਰਮ ਦੇ ਪ੍ਰਚਾਰ ਦੌਰਾਨ ਉਨ੍ਹਾਂ ਕਦੇ ਵੀ ਗੁਰਬਾਣੀ, ਧਾਰਮਿਕ ਅਸਥਾਨਾਂ ਅਤੇ ਗੁਰੂ ਸਾਹਿਬਾਨਾਂ ਖ਼ਿਲਾਫ਼ ਗਲਤ ਪ੍ਰਚਾਰ ਨਹੀਂ ਕੀਤਾ, ਸਗੋਂ ਸੰਗਤ ਨੂੰ ਸਹੀ ਸੇਧ ਦੇ ਕੇ ਅਪਡੇਟ ਕੀਤਾ ਕਿ ਉਹ ਵਹਿਮਾਂ-ਭਰਮਾਂ ਤੋਂ ਦੂਰ ਰਹਿ ਕੇ ਡੇਰਿਆਂ ’ਤੇ ਜਾ ਕੇ ਪਾਠ ਕਰਵਾਉਣ ਦੀ ਬਜਾਏ ਬਾਣੀ ਦਾ ਜਾਪ ਕਰਨ ਅਤੇ ਗੁਰੂ ਸਾਹਿਬਾਨਾਂ ਦੇ ਦਰਸਾਏ ਮਾਰਗ ’ਤੇ ਚੱਲਣ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਵਲੋਂ ਕੀਤੇ ਪ੍ਰਚਾਰ ਦੌਰਾਨ ਲੱਖਾਂ ਹੀ ਨੌਜਵਾਨ ਅੰਮ੍ਰਿਤ ਛੱਕ ਕੇ ਸਿੰਘ ਸਜੇ ਅਤੇ ਅੱਜ ਇਹ ਜਵਾਨੀ ਗੱਪਾਂ ਮਾਰਨ ਵਾਲਿਆਂ ਬਾਬਿਆਂ ਨੂੰ ਸਵਾਲ ਕਰਨ ਲੱਗ ਪਈ ਹੈ, ਜਿਸ ਦੀ ਡੇਰਿਆਂ ਨੂੰ ਤਕਲੀਫ਼ ਹੋ ਰਹੀ ਹੈ, ਜਿਸ ਕਾਰਨ ਉਹ ਮੇਰੇ ਖ਼ਿਲਾਫ਼ ਸਾਜਿਸ਼ਾਂ ਰਚ ਰਹੇ ਹਨ। 


Babita

Content Editor

Related News