ਪੰਥ ਦੇ ਸਿਰਮੌਰ ਕੀਰਤਨੀਏ ਭਾਈ ਨਿਰਮਲ ਸਿੰਘ ਖ਼ਾਲਸਾ ਦਾ ਵਿਛੋਡ਼ਾ ਸਮੁੱਚੀ ਸਿੱਖ ਕੌਮ ਲਈ ਵੱਡਾ ਸਦਮਾ : ਬੀਰ ਦਵਿੰਦਰ ਸਿੰਘ
04/03/2020 1:56:16 AM

ਪਟਿਆਲਾ, (ਰਾਣਾ)- ਪੰਥ ਦੇ ਸਿਰਮੌਰ ਅਤੇ ਚੂਡ਼ਾਮਣੀ ਕੀਰਤਨੀਏ ਭਾਈ ਨਿਰਮਲ ਸਿੰਘ ਖਾਲਸਾ ਦਾ ਅਕਾਲ ਚਲਾਣਾ ਸਮੁੱਚੀ ਸਿੱਖ ਕੌਮ ਲਈ ਵੱਡਾ ਸਦਮਾ ਹੈ। ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਵਿਸ਼ਵ ਪ੍ਰਸਿੱਧ ਗਾਇਕ ਜਨਾਬ ਗੁਲਾਮ ਅਲੀ ਸਾਹਿਬ ਦੇ ਸ਼ਾਗਿਰਦ ਸਨ। ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਿਰਧਾਰਤ ਸਮੂਹ ਰਾਗਾਂ ਦੀ ਵਿਧਾ ਅਨੁਸਾਰ ਗੁਰਬਾਣੀ ਦਾ ਕੀਰਤਨ ਕਰਨ ’ਤੇ ਕਮਾਲ ਦੀ ਮੁਹਾਰਤ ਹਾਸਲ ਸੀ। ਉਨ੍ਹਾਂ ਦੇ ਮੁਖਾਰਬਿੰਦ ’ਚੋਂ ਸ਼ਬਦ ਕੀਰਤਨ ਸਰਵਣ ਕਰਨ ਦਾ ਇਕ ਆਪਣਾ ਹੀ ਵਿਸਮਾਦੀ ਅਨੰਦ ਸੀ। ਇਸੇ ਕਾਰਣ ਦੇਸ਼-ਵਿਦੇਸ਼ ਵਸਦੇ ਸਮੁੱਚੇ ਸਿੱਖ ਭਾਈਚਾਰੇ ਦੇ ਉਹ ਬੇਹੱਦ ਪਸੰਦੀਦਾ ਰਾਗੀ ਸਨ। ਬਡ਼ੇ ਦੁੱਖ ਦੀ ਗੱਲ ਹੈ ਕਿ ਅੱਜ ਸਮੁੱਚਾ ਸਿੱਖ-ਜਗਤ ਗੁਰੂ ਰਾਮਦਾਸ ਪਾਤਿਸ਼ਾਹ ਦੇ ਇਸ ਦਰਬਾਰੀ ਰਾਗੀ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਸੁਰੀਲੀ ਅਵਾਜ਼ ਰਾਹੀਂ ਸ਼ਬਦ ਕੀਰਤਨ ਦੀ ਪੇਸ਼ਕਾਰੀ ਦੇ ਅਨੰਦ ਤੋਂ ਸਦਾ ਲਈ ਮਹਿਰੂਮ ਹੋ ਗਿਆ ਹੈ। ਕਦੇ ਸੋਚਿਆ ਵੀ ਨਹੀਂ ਸੀ ਕਿ ਸਿੱਖ ਕੌਮ ਦੇ ਵਡਮੁੱਲੇ ਹੀਰੇ ਅਤੇ ਮਹਾਨ ਕੀਰਤਨੀਏ ਵੀ ਇਸ ਨਾਮੁਰਾਦ ‘ਕੋਰੋਨਾ ਵਾਇਰਸ’ ਦੀ ਮਹਾਮਾਰੀ ਦੀ ਭੇਟ ਚਡ਼੍ਹ ਜਾਣਗੇ। ਵਾਹਿਗੁਰੂ ਉਨ੍ਹਾਂ ਦੀ ਰੂਹ ਨੂੰ ਸਦੀਵਤਾ ਦੀ ਗੋਦ ਵਿਚ ਆਰਾਮ ਬਖਸ਼ਣ ਅਤੇ ਸਮੁੱਚੀ ਸਿੱਖ ਕੌਮ ਅਤੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਦੇ ਸਮੂਹ ਪਰਿਵਾਰ ਅਤੇ ਸੰਗੀਆਂ-ਸਾਥੀਆਂ ਨੂੰ ਭਾਣਾ ਮੰਨਣ ਦੀ ਬਲ-ਬੁੱਧੀ ਬਖਸ਼ਿਸ਼ ਕਰਨ।