ਭਾਈ ਨਿਰਮਲ ਸਿੰਘ ਖਾਲਸਾ ਦੇ ਸਸਕਾਰ ਨੂੰ ਰੋਕਣ ਵਾਲਾ ਹੈੱਡ ਟੀਚਰ ਸਸਪੈਂਡ

Saturday, Apr 11, 2020 - 12:35 AM (IST)

ਭਾਈ ਨਿਰਮਲ ਸਿੰਘ ਖਾਲਸਾ ਦੇ ਸਸਕਾਰ ਨੂੰ ਰੋਕਣ ਵਾਲਾ ਹੈੱਡ ਟੀਚਰ ਸਸਪੈਂਡ

ਅੰਮ੍ਰਿਤਸਰ,(ਦਲਜੀਤ)- ਭਾਈ ਨਿਰਮਲ ਸਿੰਘ ਖਾਲਸਾ ਦੀ ਕੋਰੋਨਾ ਪਾਜ਼ੇਵਿਟ ਉਪਰੰਤ ਹੋਈ ਮੌਤ ਤੋਂ ਬਾਅਦ ਉਨ੍ਹਾਂ ਦੇ ਸਸਕਾਰ ਨੂੰ ਰੋਕਣ ਵਾਲੇ ਸਰਕਾਰੀ ਸਕੂਲ ਦੇ ਹੈੱਡ ਟੀਚਰ ਹਰਪਾਲ ਸਿੰਘ ਨੂੰ ਸਿੱਖਿਆ ਵਿਭਾਗ ਨੇ ਸਸਪੈਂਡ ਕਰ ਦਿੱਤਾ ਹੈ। ਵਿਭਾਗ ਵਲੋਂ ਇਸ ਦੌਰਾਨ ਹਰਪਾਲ ਸਿੰਘ ਦਾ ਹੈੱਡਕੁਆਰਟਰ ਜ਼ਿਲਾ ਸਿੱਖਿਆ ਦਫਤਰ ਗੁਰਦਾਸਪੁਰ ਬਣਾਇਆ ਗਿਆ ਹੈ। ਵਿਭਾਗ ਵਲੋਂ ਜਾਰੀ ਪੱਤਰ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਹਰਪਾਲ ਸਿੰਘ ਖਿਲਾਫ ਦੋਸ਼ ਪੱਤਰ ਜਲਦੀ ਹੀ ਜਾਰੀ ਕੀਤਾ ਜਾਵੇਗਾ। ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇਸਦੀ ਪੁਸ਼ਟੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਕੋਵਿਡ-19 ਕਾਰਨ ਭਾਈ ਨਿਰਮਲ ਸਿੰਘ ਖਾਲਸਾ ਜੀ 2 ਅਪ੍ਰੈਲ ਨੂੰ ਅਕਾਲ ਚਲਾਣਾ ਕਰ ਗਏ ਸਨ। ਜਿਸ ਤੋਂ ਬਾਅਦ ਪ੍ਰਸ਼ਾਸਨ ਦੀ ਟੀਮ ਉਨ੍ਹਾਂ ਦੀ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਵੇਰਕਾ ਲੈ ਕੇ ਪਹੁੰਚੀ ਸੀ, ਜਿਥੇ ਪਿੰਡ ਦੇ ਸ਼ਮਸ਼ਾਨ ਘਾਟ ਨੂੰ ਪਿੰਡ ਵਾਸੀਆਂ ਨੇ ਘੇਰਾ ਪਾ ਕੇ ਗੇਟ ਨੂੰ ਜਿੰਦਰਾ ਮਾਰ ਦਿੱਤਾ ਸੀ। ਪਿੰਡ ਵਾਲਿਆਂ ਨੂੰ ਡਰ ਸੀ ਕਿ ਪਿੰਡ 'ਚ ਖਾਲਸਾ ਜੀ ਦਾ ਸਸਕਾਰ ਕੀਤੇ ਜਾਣ ਨਾਲ ਵਾਇਰਸ ਪਿੰਡ 'ਚ ਫੈਲ ਜਾਵੇਗਾ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਹ ਸਸਕਾਰ ਵਾਲੀ ਥਾਂ 'ਤੇ ਨਿਰਮਲ ਸਿੰਘ ਖਾਲਸਾ ਦੀ ਯਾਦਗਾਰ ਬਣਾਉਣਗੇ। ਪ੍ਰਸ਼ਾਸਨ ਨੇ ਪਿੰਡ ਵਾਸੀਆਂ ਨੂੰ ਸਮਝਾਇਆ, ਜਿਸ ਤੋਂ ਬਾਅਦ ਅਖ਼ੀਰ ਕੁੱਝ ਕਿਲੋਮੀਟਰ ਦੂਰ ਇਕ ਏਕਾਂਤ ਥਾਂ 'ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਪਿੰਡ ਵਾਲਿਆਂ ਦੇ ਇਸ ਵਿਰੋਧ ਦਾ ਸੋਸ਼ਲ ਮੀਡੀਆ 'ਤੇ ਬਹੁਤ ਵਿਰੋਧ ਹੋਇਆ ਅਤੇ ਉਥੇ ਹੀ ਕਈ ਲੋਕਾਂ ਨੇ ਉਨ੍ਹਾਂ ਦਾ ਸਸਕਾਰ ਆਪਣੇ ਘਰਾਂ 'ਚ ਕਰਨ ਦੀ ਵੀ ਪੇਸ਼ਕਸ਼ ਕੀਤੀ ਸੀ।

ਦੱਸਣਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਅਤੇ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦਾ 2 ਅਪ੍ਰੈਲ ਸਵੇਰੇ ਦਿਹਾਂਤ ਹੋ ਗਿਆ ਸੀ। ਉਥੇ ਹੀ 1 ਅਪ੍ਰੈਲ ਬੁੱਧਵਾਰ ਨੂੰ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ ਅਤੇ 2 ਅਪ੍ਰੈਲ ਵੀਰਵਾਰ ਸਵੇਰੇ ਤੜਕੇ ਸਾਢੇ ਚਾਰ ਵਜੇ ਉਹ ਅਕਾਲ ਚਲਾਣਾ ਕਰ ਗਏ ਸਨ। ਭਾਈ ਨਿਰਮਲ ਸਿੰਘ ਖਾਲਸਾ ਸਿੱਖ ਕੌਮ ਦੀ ਮਹਾਨ ਸਖ਼ਸੀਅਤ ਸਨ, ਜਿਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਕੌਮ ਨੂੰ ਵੱਡਾ ਘਾਟਾ ਪਿਆ ਹੈ। ਭਾਈ ਨਿਰਮਲ ਸਿੰਘ ਖਾਲਸਾ ਨੂੰ 2009 'ਚ ਪਦਮਸ਼੍ਰੀ ਐਵਾਰਡ ਨਾਲ ਨਿਵਾਜਿਆ ਗਿਆ ਸੀ।


author

Deepak Kumar

Content Editor

Related News