ਭਾਈ ਲੌਂਗੋਵਾਲ ਵਲੋਂ ਬਲਬੀਰ ਸਿੰਘ ਸੀਨੀਅਰ ਦੇ ਅਕਾਲ ਚਲਾਣੇ ''ਤੇ ਦੁੱਖ ਦਾ ਪ੍ਰਗਟਾਵਾ

5/25/2020 3:46:59 PM

ਅੰਮ੍ਰਿਤਸਰ (ਦੀਪਕ ਸ਼ਰਮਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਓਲੰਪਿਕ ਖੇਡਾਂ ਦੌਰਾਨ ਹਾਕੀ 'ਚ ਭਾਰਤ ਲਈ ਤਿੰਨ ਵਾਰ ਸੋਨੇ ਦਾ ਤਮਗਾ ਜਿੱਤਣ ਵਾਲੇ ਬਲਬੀਰ ਸਿੰਘ ਸੀਨੀਅਰ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਬਲਬੀਰ ਸਿੰਘ ਨੇ ਖੇਡਾਂ ਦੇ ਖੇਤਰ 'ਚ ਮਹਾਨ ਪ੍ਰਾਪਤੀਆਂ ਕਰਕੇ ਸਿੱਖ ਕੌਮ ਦਾ ਮਾਣ ਵਧਾਇਆ। ਉਨ੍ਹਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਸਿੱਖੀ ਸਰੂਪ 'ਚ ਦਸਤਾਰ ਦੇ ਗੌਰਵ ਨੂੰ ਉੱਚਾ ਚੁੱਕਣ ਲਈ ਬਲਬੀਰ ਸਿੰਘ ਨੇ ਅਹਿਮ ਯੋਗਦਾਨ ਪਾਇਆ, ਜਿਸ ਤੋਂ ਸਿੱਖ ਨੌਜੁਆਨੀ ਅਤੇ ਬੱਚਿਆਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਦੇਣ ਨੂੰ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਯਾਦ ਰੱਖਣਗੀਆਂ। ਉਨ੍ਹਾਂ ਦਾ ਜੀਵਨ ਭਵਿੱਖ ਦੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਬਣਿਆ ਰਹੇਗਾ। ਉਨ੍ਹਾਂ ਕਰਤਾ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਣਾਂ ਵਿਚ ਨਿਵਾਸ ਦੇਣ।

ਇਹ ਵੀ ਪੜ੍ਹੋ ► ਹਾਕੀ ਦਿੱਗਜ ਪਦਮਸ੍ਰੀ 'ਬਲਬੀਰ ਸਿੰਘ ਸੀਨੀਅਰ' ਦਾ ਦਿਹਾਂਤ

PunjabKesari

ਸੋਮਵਾਰ ਸਵੇਰੇ ਲਏ ਆਖਰੀ ਸਾਹ
ਬਲਬੀਰ ਸਿੰਘ ਸੀਨੀਅਰ ਨੇ ਸੋਮਵਾਰ ਸਵੇਰੇ ਕਰੀਬ 6.17 ਵਜੇ ਆਖਰੀ ਸਾਹ ਲਏ। ਬਲਬੀਰ ਸੀਨੀਅਰ ਬੀਮਾਰੀ ਦੇ ਚੱਲਦਿਆਂ ਪਿਛਲੇ ਕਈ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਸਨ। 96 ਸਾਲਾ ਦਿੱਗਜ ਨੂੰ ਨਿਮੋਨੀਆ ਦੀ ਸ਼ਿਕਾਇਤ ਕਾਰਨ ਹਸਪਤਾਲ ਦਾਖਲ ਕਰਾਇਆ ਗਿਆ ਸੀ। ਉਨ੍ਹਾਂ ਨੂੰ ਹਸਪਤਾਲ 'ਚ ਹੀ ਦਿਲ ਦਾ ਦੌਰਾ ਵੀ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਲਗਾਤਾਰ ਨਾਜ਼ੁਕ ਬਣੀ ਹੋਈ ਸੀ।

ਇਹ ਵੀ ਪੜ੍ਹੋ ► ਸਰਕਾਰੀ ਸਨਮਾਨਾਂ ਨਾਲ ਹੋਵੇਗੀ ਹਾਕੀ ਦਿੱਗਜ 'ਬਲਬੀਰ ਸੀਨੀਅਰ' ਦੀ ਅੰਤਿਮ ਵਿਦਾਈ

ਭਾਰਤ ਲਈ ਸੋਨ ਤਮਗੇ ਜਿੱਤਣ 'ਚ ਨਿਭਾਈ ਅਹਿਮ ਭੂਮਿਕਾ
ਬਲਬੀਰ ਸਿੰਘ ਸੀਨੀਅਰ ਨੇ ਲੰਡਨ (1948), ਹੇਲਸਿੰਕੀ (1952) ਅਤੇ ਮੈਲਬੌਰਨ (1956) ਓਲੰਪਿਕ 'ਚ ਭਾਰਤ ਲਈ ਸੋਨ ਤਮਗੇ ਜਿੱਤਣ 'ਚ ਅਹਿਮ ਭੂਮਿਕਾ ਨਿਭਾਈ ਸੀ। ਹੇਲਸਿੰਕੀ ਓਲੰਪਿਕ 'ਚ ਨੀਦਰਲੈਂਡ ਖਿਲਾਫ 6-1 ਨਾਲ ਮਿਲੀ ਜਿੱਤ 'ਚ ਉਨ੍ਹਾਂ ਨੇ 5 ਗੋਲ ਕੀਤੇ ਸਨ ਅਤੇ ਇਹ ਰਿਕਾਰਡ ਅਜੇ ਵੀ ਬਰਕਰਾਰ ਹੈ। ਉਹ 1975 ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੇ ਮੈਨੇਜਰ ਵੀ ਰਹਿ ਚੁੱਕੇ ਸਨ। ਇਸੇ ਦੌਰਾਨ ਭਾਈ ਲੌਂਗੋਵਾਲ ਨੇ ਲੰਮਾਂ ਸਮਾਂ ਜੇਲ੍ਹ 'ਚ ਬੰਦੀ ਰਹੇ ਭਾਈ ਵਰਿਆਮ ਸਿੰਘ ਦੇ ਅਕਾਲ ਚਲਾਣੇ 'ਤੇ ਵੀ ਅਫ਼ਸੋਸ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਭਾਈ ਵਰਿਆਮ ਸਿੰਘ ਨੇ ਕੌਮੀ ਸੰਘਰਸ਼ ਕਰਦਿਆਂ ਆਪਣੀ ਜ਼ਿੰਦਗੀ ਦੇ ਅਹਿਮ 26 ਸਾਲ ਜੇਲ੍ਹ 'ਚ ਬਤੀਤ ਕੀਤੇ। ਉਨ੍ਹਾਂ ਦਾ ਚਲਾਣਾ ਦੁੱਖਮਈ ਹੈ। ਭਾਈ ਵਰਿਆਮ ਸਿੰਘ ਦੇ ਚਲਾਣੇ 'ਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸਕੱਤਰ ਮਨਜੀਤ ਸਿੰਘ ਬਾਠ, ਮਹਿੰਦਰ ਸਿੰਘ ਆਹਲੀ ਅਤੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਨੇ ਵੀ ਅਫ਼ਸੋਸ ਪ੍ਰਗਟ ਕੀਤਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Anuradha

Content Editor Anuradha