ਦੇਸ਼ ਦੇ ਸੱਭਿਆਚਾਰ ਨੂੰ ਬਚਾਉਣ ਵਾਲੇ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਦੀ ਤੌਹੀਨ ਬਰਦਾਸ਼ਤ ਨਹੀਂ : ਭਾਈ ਲੌਂਗੋਵਾਲ

Saturday, Oct 10, 2020 - 11:52 PM (IST)

ਦੇਸ਼ ਦੇ ਸੱਭਿਆਚਾਰ ਨੂੰ ਬਚਾਉਣ ਵਾਲੇ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਦੀ ਤੌਹੀਨ ਬਰਦਾਸ਼ਤ ਨਹੀਂ : ਭਾਈ ਲੌਂਗੋਵਾਲ

ਅੰਮ੍ਰਿਤਸਰ,(ਦੀਪਕ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੱਛਮੀ ਬੰਗਾਲ 'ਚ ਪੁਲਸ ਵੱਲੋਂ ਇਕ ਸਿੱਖ ਸੁਰੱਖਿਆ ਮੁਲਾਜ਼ਮ ਦੀ ਦਸਤਾਰ ਉਤਾਰਨ ਅਤੇ ਕੇਸਾਂ ਦੀ ਬੇਅਦਬੀ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਦਸਤਾਰ ਸਿੱਖ ਦੀ ਸ਼ਾਨ ਹੈ ਅਤੇ ਇਸੇ ਦਸਤਾਰ ਨੇ ਹੀ ਦੇਸ਼ ਦੇ ਸੱਭਿਆਚਾਰ ਨੂੰ ਬਚਾਉਣ ਵਿਚ ਵੱਡੀ ਭੂਮਿਕਾ ਨਿਭਾਈ। ਦੇਸ਼ ਦੀ ਅਜ਼ਾਦੀ ਵਿਚ 80 ਫੀਸਦੀ ਤੋਂ ਵੱਧ ਯੋਗਦਾਨ ਸਿੱਖਾਂ ਨੇ ਪਾਇਆ ਪਰ ਹੈਰਾਨੀ ਵਾਲੀ ਗੱਲ ਹੈ ਕਿ ਸਿੱਖਾਂ ਦੀ ਦਸਤਾਰ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੱਛਮੀ ਬੰਗਾਲ ਅੰਦਰ ਸਿੱਖ ਸੁਰੱਖਿਆ ਮੁਲਾਜ਼ਮ ਦੇ ਕੇਸਾਂ ਅਤੇ ਦਸਤਾਰ ਦੀ ਬੇਅਦਬੀ ਨੇ ਪੂਰੇ ਸਿੱਖ ਜਗਤ ਅੰਦਰ ਰੋਸ ਪੈਦਾ ਕੀਤਾ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਸਿੱਖਾਂ ਦੀ ਸੁਰੱਖਿਆ ਲਈ ਕਈ ਵਾਰ ਪੱਤਰ ਵੀ ਲਿਖੇ ਜਾ ਚੁੱਕੇ ਹਨ। ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸਾਂ ਅੰਦਰ ਵੀ ਇਸ ਬਾਰੇ ਮਤੇ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜੇ ਜਾਂਦੇ ਹਨ। ਕਿਸੇ ਸਿੱਖ ਦੀ ਦਸਤਾਰ ਦੀ ਤੌਹੀਨ ਪੂਰੇ ਦੇਸ਼ ਦੀ ਤੌਹੀਨ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਮਾਮਲਿਆਂ ਸਬੰਧੀ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਹਰ ਸੂਬੇ ਅੰਦਰ ਸਿੱਖਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਚਿੰਨ੍ਹਾਂ ਦਾ ਸਤਿਕਾਰ ਲਾਜ਼ਮੀ ਬਣਾਉਣ ਲਈ ਠੋਸ ਕਦਮ ਚੁੱਕਣ। ਭਾਈ ਲੌਂਗੋਵਾਲ ਨੇ ਪੱਛਮੀ ਬੰਗਾਲ ਦੀ ਘਟਨਾ ਦੇ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ।


author

Deepak Kumar

Content Editor

Related News