ਹਜ਼ੂਰੀ ਰਾਗੀ ਭਾਈ ਹਰਨਾਮ ਸਿੰਘ ਦੇ ਅਕਾਲ ਚਲਾਣੇ ''ਤੇ ਭਾਈ ਲੌਂਗੋਵਾਲ ਵੱਲੋਂ ਦੁੱਖ ਪ੍ਰਗਟ

Wednesday, Sep 16, 2020 - 01:41 PM (IST)

ਹਜ਼ੂਰੀ ਰਾਗੀ ਭਾਈ ਹਰਨਾਮ ਸਿੰਘ ਦੇ ਅਕਾਲ ਚਲਾਣੇ ''ਤੇ ਭਾਈ ਲੌਂਗੋਵਾਲ ਵੱਲੋਂ ਦੁੱਖ ਪ੍ਰਗਟ

ਅੰਮ੍ਰਿਤਸਰ (ਦੀਪਕ ਸ਼ਰਮਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਨਾਮ ਸਿੰਘ ਸ੍ਰੀਨਗਰ ਵਾਲਿਆਂ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਆਖਿਆ ਕਿ ਭਾਈ ਸਾਹਿਬ ਨੇ ਗੁਰੂ ਬਖ਼ਸ਼ੀ ਕੀਰਤਨ ਦੀ ਸੇਵਾ ਨਾਲ ਦੇਸ਼-ਵਿਦੇਸ਼ ਦੀ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਅਤੇ ਗੁਰਸਿੱਖੀ ਜੀਵਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦਾ ਅਕਾਲ ਚਲਾਣਾ ਸਿੱਖ ਪੰਥ ਲਈ ਵੱਡਾ ਘਾਟਾ ਹੈ। ਗੁਰੂ ਘਰ ਦੇ ਕੀਰਤਨੀਏ ਸਿੰਘਾਂ ਦਾ ਪੰਥ 'ਚ ਅਹਿਮ ਸਥਾਨ ਹੈ ਅਤੇ ਭਾਈ ਹਰਨਾਮ ਸਿੰਘ ਦੇ ਚਲਾਣੇ ਨਾਲ ਸਿੱਖ ਸੰਗਤਾਂ 'ਚ ਸੋਗ ਦੀ ਲਹਿਰ ਹੈ। ਭਾਈ ਲੌਂਗੋਵਾਲ ਨੇ ਭਾਈ ਹਰਨਾਮ ਸਿੰਘ ਸ੍ਰੀਨਗਰ ਵਾਲਿਆਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਰਤਾ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ ਖ਼ਾਲਸਾ, ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਮੈਂਬਰਾਨ ਅਤੇ ਸ਼੍ਰੋਮਣੀ ਕਮੇਟੀ ਦੇ ਕਈ ਮੈਂਬਰਾਂ ਨੇ ਵੀ ਭਾਈ ਹਰਨਾਮ ਸਿੰਘ ਦੇ ਚਲਾਣੇ ਨੂੰ ਦੁਖਮਈ ਕਿਹਾ ਹੈ।

ਇਹ ਵੀ ਪੜ੍ਹੋ : ਹਜ਼ੂਰੀ ਰਾਗੀ ਭਾਈ ਹਰਨਾਮ ਸਿੰਘ ਸ੍ਰੀਨਗਰ ਵਾਲਿਆਂ ਦਾ ਦਿਹਾਂਤ

PunjabKesari

ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਮੁਖਤਾਰ ਸਿੰਘ ਸਮੇਤ ਹੋਰਾਂ ਨੇ ਵੀ ਹਜ਼ੂਰੀ ਰਾਗੀ ਭਾਈ ਹਰਨਾਮ ਸਿੰਘ ਦੇ ਅਕਾਲ ਚਲਾਣੇ 'ਤੇ ਅਫ਼ਸੋਸ ਪ੍ਰਗਟ ਕਰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇੱਥੇ ਦੱਸਣਯੋਗ ਹੈ ਕਿ ਕੌਮ ਦੇ ਬਹੁਤ ਹੀ ਹਰਮਨ ਪਿਆਰੇ ਗੁਰੂ ਦੇ ਕੀਰਤਨੀਏ ਭਾਈ ਹਰਨਾਮ ਸਿੰਘ ਸ੍ਰੀਨਗਰ ਵਾਲੇ ਸਦੀਵੀ ਵਿਛੋੜਾ ਦੇ ਗਏ ਹਨ। ਭਾਈ ਹਰਨਾਮ ਸਿੰਘ ਸ੍ਰੀਨਗਰ ਵਾਲਿਆਂ ਦਾ ਜਨਮ 4 ਦਸੰਬਰ 1962 ਨੂੰ ਪੰਜਾਬ ਦੇ ਬਰਨਾਲਾ (ਸੰਗਰੂਰ) ਵਿਖੇ ਹੋਇਆ ਸੀ ਅਤੇ ਉਹ ਇਸ ਵੇਲੇ ਜਲੰਧਰ ਰਹਿੰਦੇ ਸਨ। ਉਨ੍ਹਾਂ ਨੇ ਗੁਰਮਤਿ ਸੰਗੀਤ ਡਿਪਲੋਮਾ ਸੰਗੀਤ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਹਾਸਲ ਕੀਤਾ ਹੋਇਆ ਸੀ। ਉਹ ਕਰੀਬ 30 ਸਾਲਾ ਤੋਂ ਕੀਰਤਨ ਕਰ ਰਹੇ ਸਨ ਅਤੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਨ। ਭਾਈ ਹਰਨਾਮ ਸਿੰਘ ਜੀ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਫਰਾਂਸ, ਬੈਲਜੀਅਮ, ਨੀਦਰਲੈਂਡ, ਮਾਸਕੋ, ਥਾਈਲੈਂਡ, ਮਲੇਸ਼ੀਆ, ਇੰਡੋਨੇਸ਼ੀਆ, ਹਾਂਗਕਾਂਗ, ਇੰਗਲੈਂਡ, ਪਾਕਿਸਤਾਨ, ਸਿੰਗਾਪੁਰ, ਡੁਬਈ, ਮਸਕਟ, ਨੇਪਾਲ ਅਤੇ ਬੰਗਲਾਦੇਸ਼ ਆਦਿ ਦੇਸ਼ਾਂ 'ਚ ਕੀਰਤਨ ਕਰਨ ਜਾ ਚੁੱਕੇ ਸਨ।


author

Anuradha

Content Editor

Related News