ਬਾਬਾ ਬਲਬੀਰ ਸਿੰਘ ਨੇ ਭਾਈ ਗੁਰਪ੍ਰੀਤ ਸਿੰਘ ਨੂੰ ਦਿੱਤਾ ਕਾਮਯਾਬੀ ਦਾ ਥਾਪੜਾ
Wednesday, Nov 11, 2026 - 05:14 PM (IST)
ਬਟਾਲਾ (ਬੇਰੀ)- ਗੁਰੂ ਘਰਾਂ ਦੀ ਆਨ-ਸ਼ਾਨ ਨੂੰ ਲੈ ਕੇ ਬਟਾਲਾ ਵਿਖੇ ਚੱਲ ਰਹੇ ਧਰਮ ਯੁੱਧ ਮੋਰਚੇ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਬੁੱਢਾ ਦਲ ਦੇ ਮੁਖੀ, ਸ਼੍ਰੋਮਣੀ ਪੰਥ ਰਤਨ, ਸ਼੍ਰੋਮਣੀ ਸੇਵਾ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਨੇ ਸਿੱਖੀ ਅਤੇ ਪੰਥ ਲਈ ਭਾਈ ਗੁਰਪ੍ਰੀਤ ਸਿੰਘ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਕਾਮਯਾਬੀ ਦਾ ਥਾਪੜਾ ਦਿੱਤਾ। ਇਸ ਮੌਕੇ ਬਾਬਾ ਜੀ ਨੇ ਉਨ੍ਹਾਂ ਦੀ ਚੜ੍ਹਦੀ ਕਲਾ ਅਤੇ ਸੰਘਰਸ਼ ਦੀ ਸਫਲਤਾ ਲਈ ਅਰਦਾਸ ਵੀ ਕੀਤੀ।
ਇਸ ਮੌਕੇ ਬਾਬਾ ਬਲਬੀਰ ਸਿੰਘ ਜੀ ਨੇ ਪਿਆਰ ਅਤੇ ਸਤਿਕਾਰ ਭਰੇ ਸ਼ਬਦਾਂ ਵਿਚ ਕਿਹਾ ਕਿ ਭਾਈ ਗੁਰਪ੍ਰੀਤ ਸਿੰਘ ਜਿਸ ਤਰ੍ਹਾਂ ਸਿੱਖੀ ਅਤੇ ਸੱਚਾਈ ਲਈ ਲਗਾਤਾਰ ਜੱਦੋ-ਜਹਿਦ ਕਰਦੇ ਹਨ ਅਤੇ ਜਿੱਥੇ ਵੀ ਸੱਚਾਈ ਦੀ ਗੱਲ ਹੁੰਦੀ ਹੈ, ਉੱਥੇ ਡਟ ਕੇ ਖੜ੍ਹਦੇ ਹਨ, ਉਸ ਲਈ ਉਹ ਉਨ੍ਹਾਂ ਦੇ ਧੰਨਵਾਦੀ ਹਨ। ਉਨ੍ਹਾਂ ਨੇ ਗੁਰੂ ਸਾਹਿਬ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਮਹਾਰਾਜ ਹਮੇਸ਼ਾ ਉਨ੍ਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਸੱਚਾਈ ’ਤੇ ਪਹਿਰਾ ਦੇਣ ਦਾ ਬਲ ਬਖ਼ਸ਼ਣ। ਇਸ ਮੌਕੇ ਬਾਬਾ ਜੀ ਵੱਲੋਂ ਭਾਈ ਗੁਰਪ੍ਰੀਤ ਸਿੰਘ ਨੂੰ ਸਿਰੋਪਾਓ ਵੀ ਬਖ਼ਸ਼ਿਸ਼ ਕੀਤਾ ਗਿਆ।
ਇਸ ਸਮੇਂ ਉਨ੍ਹਾਂ ਦੇ ਨਾਲ ਜਥੇਦਾਰ ਬਾਬਾ ਹਰਜੀਤ ਸਿੰਘ ਬਟਾਲੇ ਵਾਲੇ ਵੀ ਮੌਜੂਦ ਸਨ, ਜਿਨ੍ਹਾਂ ਨੇ ਬਾਬਾ ਬਲਬੀਰ ਸਿੰਘ ਜੀ ਨੂੰ ਬਟਾਲਾ ਵਿਖੇ ਭਾਈ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਧਰਮ ਯੁੱਧ ਮੋਰਚੇ ਦੇ ਸੰਘਰਸ਼ ਅਤੇ ਇਸ ਦੀਆਂ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਜ਼ਿਕਰਯੋਗ ਹੈ ਕਿ ਭਾਈ ਗੁਰਪ੍ਰੀਤ ਸਿੰਘ ਪਿਛਲੇ ਕਈ ਦਹਾਕਿਆਂ ਤੋਂ ਪੰਥਕ ਹਲਕਿਆਂ ਵਿੱਚ ਸ਼ਾਨਦਾਰ ਕੰਮ ਕਰ ਰਹੇ ਹਨ। ਪਿਛਲੇ ਪੰਜ ਸਾਲਾਂ ਤੋਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਦੇ ਉਦੇਸ਼ ਨਾਲ ਅੱਠੇ ਪਹਿਰ ਟਹਿਲ ਸੇਵਾ ਲਹਿਰ, ਸ੍ਰੀ ਅਨੰਦਪੁਰ ਸਾਹਿਬ ਦੇ ਮੁੱਖ ਸੇਵਾਦਾਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਉਹ ਟਾਵਰ ਮੋਰਚਾ ਸਮਾਣਾ ਦੇ ਮੋਰਚਾ ਕੋਆਰਡੀਨੇਟਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਹੁਣ ਧਰਮ ਯੁੱਧ ਮੋਰਚਾ ਬਟਾਲਾ ਦੇ ਕੋਆਰਡੀਨੇਟਰ ਵਜੋਂ ਪੰਥਕ ਸੇਵਾ ਕਰ ਰਹੇ ਹਨ।
ਦਲ ਪੰਥ ਦੇ ਸਾਹਮਣੇ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਲਾਂ, ਬਾਬਾ ਬਲਵਿੰਦਰ ਸਿੰਘ ਜੀ ਮਹਿਤਾ ਚੌਕ ਅਤੇ ਇੰਗਲੈਂਡ ਤੇ ਅਮਰੀਕਾ ਦੇ ਬੁੱਢਾ ਦਲ ਦੇ ਜਥੇਦਾਰਾਂ ਦੀ ਹਾਜ਼ਰੀ ਵਿੱਚ ਮਿਲੇ ਇਸ ਥਾਪੜੇ ਨਾਲ ਭਾਈ ਗੁਰਪ੍ਰੀਤ ਸਿੰਘ ਕਾਫ਼ੀ ਉਤਸ਼ਾਹਿਤ ਨਜ਼ਰ ਆਏ। ਉਨ੍ਹਾਂ ਇਸ ਨੂੰ ਖਾਲਸਾ ਪੰਥ ਦੀ ਅਸੀਸ ਅਤੇ ਸੰਘਰਸ਼ ਦੀ ਕਾਮਯਾਬੀ ਲਈ ਹੌਸਲਾ-ਅਫ਼ਜ਼ਾਈ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਬਾਬਾ ਬਲਬੀਰ ਸਿੰਘ ਜੀ ਨੇ ਮੋਰਚੇ ਦੀ ਸਫਲਤਾ ਲਈ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ ਹੈ।
ਇਸ ਮੌਕੇ ਧਰਮ ਯੁੱਧ ਮੋਰਚਾ ਬਟਾਲਾ ਦੇ ਆਗੂ ਬਾਬਾ ਗੁਰਦੀਪ ਸਿੰਘ ਭੁੱਲਰ, ਭਾਈ ਗੁਰਨਾਮ ਸਿੰਘ ਸਤਿਕਾਰ ਕਮੇਟੀ ਅਤੇ ਭਾਈ ਹਰਜਿੰਦਰ ਸਿੰਘ ਕਰਨਾਮਾ ਵੀ ਹਾਜ਼ਰ ਸਨ।
