ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਅਲਰਟ, ਹੁਣ ਦੀਪ ਸਿੱਧੂ ਦੇ ਭਰਾ ਨੇ ਵੀ ਚੁੱਕੇ ਵੱਡੇ ਸਵਾਲ
Saturday, Oct 08, 2022 - 03:08 PM (IST)
ਲੁਧਿਆਣਾ : 'ਵਾਰਿਸ ਪੰਜਾਬ ਦੇ' ਜੱਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ 'ਤੇ ਸੁਰੱਖਿਆ ਏਜੰਸੀਆਂ ਨੇ ਪੂਰੀ ਨਜ਼ਰ ਰੱਖੀ ਹੋਈ ਹੈ। ਮਰਹੂਮ ਅਦਾਕਾਰ ਦੀਪ ਸਿੱਧੂ ਦੇ ਪਰਿਵਾਰ ਵੱਲੋਂ ਅੰਮ੍ਰਿਤਪਾਲ ਦੇ ਪਿਛੋਕੜ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਗਈ ਹੈ। ਲੁਧਿਆਣਾ 'ਚ ਦੀਪ ਸਿੱਧੂ ਦੇ ਛੋਟੇ ਭਰਾ ਅਤੇ ਐਡਵੋਕੇਟ ਮਨਦੀਪ ਸਿੱਧੂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਦੀ 'ਵਾਰਿਸ ਪੰਜਾਬ ਦੇ' ਮੁਖੀ ਵਜੋਂ ਨਿਯੁਕਤੀ ਗੈਰ ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ 'ਵਾਰਿਸ ਪੰਜਾਬ ਦੇ' ਦੀ ਸਥਾਪਨਾ ਉਸ ਦੇ ਭਰਾ ਦੀਪ ਸਿੱਧੂ ਨੇ ਕੀਤੀ ਸੀ। ਉਸ ਨੇ ਕਿਹਾ ਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਦੀਪ ਸਿੱਧੂ ਨੇ ਅੰਮ੍ਰਿਤਪਾਲ ਨੂੰ ਤਿਆਰ ਕੀਤਾ ਸੀ ਅਤੇ ਅੰਮ੍ਰਿਤਪਾਲ ਨੂੰ ਮੁਖੀ ਨਿਯੁਕਤ ਕਰਨ ਦੇ ਫ਼ੈਸਲੇ 'ਚ ਸਾਡਾ ਪਰਿਵਾਰ ਇਕ ਧਿਰ ਹੈ। ਮਨਦੀਪ ਸਿੱਧੂ ਨੇ ਕਿਹਾ ਕਿ ਇਹ ਸੱਚ ਨਹੀਂ ਹੈ। ਅਸਲ 'ਚ ਦੀਪ ਸਿੱਧੂ ਨੇ ਕਦੇ ਵੀ ਅੰਮ੍ਰਿਤਪਾਲ ਬਾਰੇ ਕੋਈ ਗੱਲ ਨਹੀਂ ਕੀਤੀ ਅਤੇ ਇੰਝ ਲੱਗਦਾ ਹੈ ਕਿ ਉਹ ਅੰਮ੍ਰਿਤਪਾਲ ਨੂੰ ਨਾਪੰਸਦ ਕਰਦੇ ਸਨ। ਉਨ੍ਹਾਂ ਨੇ 15 ਦਿਨਾਂ ਲਈ ਅੰਮ੍ਰਿਤਪਾਲ ਦਾ ਫੋਨ ਨੰਬਰ ਵੀ ਬਲਾਕ ਕਰ ਦਿੱਤਾ ਸੀ। ਮਨਦੀਪ ਸਿੱਧੂ ਨੇ ਕਿਹਾ ਕਿ ਬਲਾਕ ਕੀਤੇ ਗਏ ਨੰਬਰ ਦੇ ਸਕਰੀਨ ਸ਼ਾਰਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਹਨ। ਮਨਦੀਪ ਨੇ ਕਿਹਾ ਕਿ ਦੀਪ ਸਿੱਧੂ ਨੇ ਕਾਫੀ ਅਧਿਐਨ ਅਤੇ ਖੋਜ ਤੋਂ ਬਾਅਦ 'ਵਾਰਿਸ ਪੰਜਾਬ ਦੇ' ਦੀ ਸਥਾਪਨਾ ਕੀਤੀ ਸੀ ਅਤੇ ਇਸ ਨੂੰ ਹਾਈਜੈੱਕ ਕਰ ਲਿਆ ਗਿਆ ਸੀ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਹੋਣ ਵਾਲੇ 'ਏਅਰਸ਼ੋਅ' 'ਤੇ ਮੀਂਹ ਦਾ ਪਰਛਾਵਾਂ, ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ
ਅੰਮ੍ਰਿਤਪਾਲ ਨੂੰ ਮਿਲ ਰਿਹਾ ਆਕਰਸ਼ਣ ਇਕ ਪੈਟਰਨ ਦੇ ਮੁਤਾਬਕ
ਦੀਪ ਸਿੱਧੂ ਵੱਲੋਂ ਸ਼ੁਰੂ ਕੀਤੀ ਗਈ ਸੰਸਥਾ 'ਵਾਰਿਸ ਪੰਜਾਬ ਦੇ' ਦੇ ਨਵੇਂ ਮੁਖੀ ਅੰਮ੍ਰਿਤਪਾਲ ਦੇ ਉਭਾਰ ਨੇ ਸਿਆਸੀ ਆਗੂਆਂ ਸਮੇਤ ਕਈਆਂ ਨੂੰ ਹੈਰਾਨ ਕਰ ਦਿੱਤਾ ਹੈ। ਪਿਛਲੇ 7 ਮਹੀਨਿਆਂ 'ਚ ਸਿਆਸੀ ਖੇਤਰ 'ਚ ਵਾਪਰੀਆਂ ਘਟਨਾਵਾਂ ਨੂੰ ਧਿਆਨ ਨਾਲ ਦੇਖਣਾ ਇਹ ਦਰਸਾਉਂਦਾ ਹੈ ਕਿ ਅੰਮ੍ਰਿਤਪਾਲ ਨੂੰ ਜੋ ਆਕਰਸ਼ਣ ਮਿਲ ਰਿਹਾ ਹੈ, ਉਹ ਇਕ ਚੱਲ ਰਹੇ ਪੈਟਰਨ ਦੇ ਮੁਤਾਬਕ ਹੈ। ਇਸ ਸਾਲ ਫਰਵਰੀ ਮਹੀਨੇ ਦੀਪ ਸਿੱਧੂ ਦੀ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਦੀਪ ਸਿੱਧੂ ਦੀ ਅੰਤਿਮ ਅਰਦਾਸ ਮੌਕੇ ਇਕੱਠੀ ਹੋਈ ਵੱਡੀ ਭੀੜ ਦਾ ਸਿਮਰਨਜੀਤ ਸਿੰਘ ਮਾਨ ਵੀ ਹਿੱਸਾ ਬਣੇ ਸਨ। ਇਸ ਤੋਂ ਬਾਅਦ ਜੂਨ ਮਹੀਨੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੱਡੀ ਜਿੱਤ ਹਾਸਲ ਕੀਤੀ ਸੀ, ਜਦੋਂ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਜਿੱਤ ਹਾਸਲ ਕੀਤੇ ਅਜੇ ਥੋੜ੍ਹਾ ਹੀ ਸਮਾਂ ਹੋਇਆ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ਦੀਆਂ CTU ਬੱਸਾਂ 'ਚ ਘੁੰਮਣ ਵਾਲੇ ਲੋਕਾਂ ਲਈ ਜ਼ਰੂਰੀ ਖ਼ਬਰ, ਅੱਜ ਨਾ ਬਣਾਉਣ ਕੋਈ ਪ੍ਰੋਗਰਾਮ
ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪਿੰਡ ਹੋਈ ਸੀ ਦਸਤਾਰਬੰਦੀ
ਅੰਮ੍ਰਿਤਪਾਲ ਦੀ 29 ਸਤੰਬਰ ਨੂੰ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪਿੰਡ ਰੋਡੇ ਵਿਖੇ ਹੋਈ ਦਸਤਾਰ ਬੰਦੀ ਵੀ ਇਸ ਪੈਟਰਨ ਦਾ ਹਿੱਸਾ ਮੰਨੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੰਮ੍ਰਿਤਪਾਲ ਦੀ ਖੁੱਲ੍ਹ ਕੇ ਹਮਾਇਤ ਕੀਤੀ ਜਾ ਰਹੀ ਹੈ। ਅਸਲ 'ਚ ਸਾਲ 2014-15 'ਚ ਸੂਬੇ 'ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ 'ਤੇ ਉਸ ਸਮੇਂ ਦੀ ਅਕਾਲੀ ਸਰਕਾਰ ਸਿੱਖ ਭਾਈਚਾਰੇ ਨੂੰ ਕੋਈ ਇਨਸਾਫ਼ ਨਹੀਂ ਦੇ ਸਕੀ। ਇਸ ਤੋਂ ਬਾਅਦ ਸਾਲ 2018 ਦੌਰਾਨ ਸਰਬੱਤ ਖ਼ਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਦੇ ਮੁਤਵਾਜ਼ੀ ਜੱਥੇਦਾਰ ਵੱਲੋਂ ਲਾਇਆ ਗਿਆ ਬਰਗਾੜੀ ਮੋਰਚਾ ਵੀ ਫੇਲ੍ਹ ਸਾਬਿਤ ਹੋਇਆ ਅਤੇ ਇਸ ਮੋਰਚੇ ਨੇ ਵੀ ਸਿੱਖਾਂ ਨੂੰ ਨਿਰਾਸ਼ ਹੀ ਕੀਤਾ। ਇਸ ਸਾਲ ਮਾਰਚ ਮਹੀਨੇ 'ਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬੇਅਦਬੀਆਂ ਬਾਰੇ ਸਿੱਖਾਂ ਨੂੰ ਇਨਸਾਫ਼ ਨਹੀਂ ਦੇ ਸਕੀ, ਜਿਸ ਕਾਰਨ ਅੰਮ੍ਰਿਤਪਾਲ ਨੂੰ ਸਿੱਖ ਭਾਈਚਾਰੇ ਖ਼ਾਸ ਕਰਕੇ ਨੌਜਵਾਨਾਂ ਦਾ ਸਮਰਥਨ ਹਾਸਲ ਹੋ ਰਿਹਾ ਹੈ। ਅੰਮ੍ਰਿਤਪਾਲ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਹਨ ਅਤੇ ਸਿੱਖਾਂ ਨੌਜਵਾਨ ਉਨ੍ਹਾਂ ਵੱਲ ਆਕਰਸ਼ਿਤ ਹੋ ਰਹੇ ਹਨ।
ਜਾਣੋ ਕੌਣ ਹਨ ਭਾਈ ਅੰਮ੍ਰਿਤਪਾਲ ਸਿੰਘ
ਦੱਸ ਦੇਈਏ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ 'ਵਾਰਿਸ ਪੰਜਾਬ ਦੇ' ਮੁਖੀ ਬਣਿਆਂ ਕਰੀਬ ਇਕ ਸਾਲ ਦਾ ਸਮਾਂ ਹੋ ਗਿਆ ਹੈ। ਇਨ੍ਹੀਂ ਦਿਨੀਂ ਉਹ ਕਾਫ਼ੀ ਚਰਚਾ 'ਚ ਚੱਲ ਰਹੇ ਹਨ ਕਿਉਂਕਿ ਕਈ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਏਜੰਸੀਆਂ ਨਾਲ ਸਬੰਧ ਰੱਖਦੇ ਹਨ। ਇਸ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਮੇਰਾ ਕੋਈ ਪਿਛੋਕੜ ਇਤਿਹਾਸ ਨਹੀਂ ਹੈ ਅਤੇ ਮੈਂ ਆਮ ਘਰ ਨਾਲ ਸਬੰਧ ਰੱਖਦਾ ਹਾਂ। ਉਨ੍ਹਾਂ ਕਿਹਾ ਕਿ ਪੰਥ ਅਤੇ ਸ਼ਹੀਦਾਂ ਨਾਲ ਮੇਰਾ ਸ਼ੁਰੂ ਤੋਂ ਪ੍ਰੇਮ ਰਿਹਾ ਹੈ। ਪੰਥਕ ਰਾਹ ਤੋਂ ਭਟਕੇ ਵੀ ਰਹੇ ਹਾਂ ਪਰ ਪਰਮਾਤਮਾ ਨੇ ਕਿਰਪਾ ਕਰ ਕੇ ਮੁੜ ਤੋਂ ਪੰਥ ਦੇ ਰਾਹ 'ਤੇ ਤੋਰਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ