ਬ੍ਰਿਗੇਡੀਅਰ ਚਾਂਦਪੁਰੀ ਦੀ ਬਹਾਦਰੀ ਨੌਜਵਾਨਾਂ ਨੂੰ ਦੇਸ਼ ਲਈ ਆਪਾ ਵਾਰਨ ਲਈ ਪ੍ਰੇਰਿਤ ਕਰਦੀ ਰਹੇਗੀ: ਭਗਵੰਤ ਮਾਨ

Friday, Feb 17, 2023 - 05:43 PM (IST)

ਬ੍ਰਿਗੇਡੀਅਰ ਚਾਂਦਪੁਰੀ ਦੀ ਬਹਾਦਰੀ ਨੌਜਵਾਨਾਂ ਨੂੰ ਦੇਸ਼ ਲਈ ਆਪਾ ਵਾਰਨ ਲਈ ਪ੍ਰੇਰਿਤ ਕਰਦੀ ਰਹੇਗੀ: ਭਗਵੰਤ ਮਾਨ

ਪੋਜੇਵਾਲ ਸਰਾਂ (ਬ੍ਰਹਮਪੁਰੀ )- ਪਿੰਡ ਚਾਂਦਪੁਰ ਰੁੜਕੀ ਵਿਖੇ ਸਬੋਧਨ ਕਰਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਵੱਲੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਵਿਖਾਈ ਬਹਾਦਰੀ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਲਈ ਆਪਾ ਵਾਰਨ ਵਾਸਤੇ ਪ੍ਰੇਰਿਤ ਕਰੇਗੀ। ਇਥੇ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੇ ਬੁੱਤ ਤੋਂ ਪਰਦਾ ਹਟਾਉਣ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ 1971 ਦੀ ਭਾਰਤ-ਪਾਕਿ ਜੰਗ ਦੇ ਇਸ ਨਾਇਕ ਨੇ ਪਾਕਿਸਤਾਨ ਵਿਰੁੱਧ ਦੇਸ਼ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀਆਂ ਨੇ ਆਪਣੇ ਬਲੀਦਾਨ ਨਾਲ ਕੌਮੀ ਸੁਤੰਤਰਤਾ ਅੰਦੋਲਨ ਵਿੱਚ ਵੱਡਾ ਯੋਗਦਾਨ ਪਾਇਆ। ਇਸੇ ਤਰ੍ਹਾਂ ਦੇਸ਼ ਦੀ ਆਜ਼ਾਦੀ ਨੂੰ ਬਚਾਉਣ ਦੇ ਸੰਘਰਸ਼ ਵਿੱਚ ਵੀ ਪੰਜਾਬੀ ਅਣਗਿਣਤ ਕੁਰਬਾਨੀਆਂ ਨਾਲ ਮੋਹਰੀ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਬਹਾਦਰ ਫ਼ੌਜੀਆਂ ਨੇ ਅੱਤ ਦੀ ਗਰਮੀ ਅਤੇ ਹੱਡ ਚੀਰਵੀਂ ਠੰਢ ਦੇ ਬਾਵਜੂਦ ਦੇਸ਼ ਦੀਆਂ ਸਰਹੱਦਾਂ ਦੀ ਬਹਾਦਰੀ ਨਾਲ ਰਾਖੀ ਕੀਤੀ ਹੈ ਤਾਂ ਕਿ ਲੋਕ ਆਪਣੇ ਘਰਾਂ ਵਿੱਚ ਆਰਾਮ ਨਾਲ ਸੌਂ ਸਕਣ। ਉਨ੍ਹਾਂ ਚੇਤੇ ਕੀਤਾ ਕਿ 1971 ਵਿੱਚ ਪਾਕਿਸਤਾਨ ਨੇ ਭਾਰਤ ਵਿੱਚ ਦਾਖ਼ਲ ਹੋਣ ਲਈ ਲੌਂਗੇਵਾਲਾ ਨੂੰ ਆਸਾਨ ਸ਼ਿਕਾਰ ਸਮਝਿਆ ਸੀ ਕਿਉਂਕਿ ਉੱਥੇ ਤਾਇਨਾਤ ਬ੍ਰਿਗੇਡੀਅਰ ਚਾਂਦਪੁਰੀ ਕੋਲ ਸਿਰਫ਼ 120 ਫ਼ੌਜੀਆਂ ਦੀ ਕੰਪਨੀ ਸੀ। ਭਗਵੰਤ ਮਾਨ ਨੇ ਕਿਹਾ ਕਿ ਹਾਲਾਤ ਭਾਰਤ ਦੇ ਪੱਖ ਵਿੱਚ ਨਾ ਹੋਣ ਦੇ ਬਾਵਜੂਦ ਬ੍ਰਿਗੇਡੀਅਰ ਚਾਂਦਪੁਰੀ ਵੱਲੋਂ ਵਿਖਾਈ ਬਹਾਦਰੀ ਨਾਲ ਦੇਸ਼ ਜਿੱਤ ਦੇ ਰਾਹ ਉਤੇ ਪੈ ਸਕਿਆ। 

ਇਹ ਵੀ ਪੜ੍ਹੋ :  ਭ੍ਰਿਸ਼ਟਾਚਾਰ ਨੂੰ ਲੈ ਕੇ ਸੁਖਬੀਰ ਬਾਦਲ ਨੇ ਘੇਰੀ 'ਆਪ', ਲਾਏ ਵੱਡੇ ਇਲਜ਼ਾਮ

PunjabKesari

ਇਨ੍ਹਾਂ ਮਹਾਨ ਸ਼ਹੀਦਾਂ ਵੱਲੋਂ ਵੇਖੇ ਸੁਫ਼ਨਿਆਂ ਦਾ ਸਮਾਜ ਸਿਰਜਣ ਲਈ ਸੂਬਾ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਰਾਹ ਉਤੇ ਚੱਲਦਿਆਂ 500 ਆਮ ਆਦਮੀ ਕਲੀਨਿਕਾਂ ਰਾਹੀਂ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ‘ਸਕੂਲਜ਼ ਆਫ਼ ਐਮੀਨੈਂਸ’ ਦੀ ਸਥਾਪਨਾ ਕੀਤੀ ਜਾ ਰਹੀ ਹੈ ਤਾਂ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕਾਨਵੈਂਟ ਵਿੱਚ ਪੜ੍ਹਦੇ ਆਪਣੇ ਹਾਣੀਆਂ ਦਾ ਮੁਕਾਬਲਾ ਕਰਨ ਦੇ ਯੋਗ ਹੋ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਪੰਜਾਬ ਦੇ 87 ਫੀਸਦੀ ਘਰਾਂ ਨੂੰ ਮੁਫ਼ਤ ਬਿਜਲੀ ਸਪਲਾਈ ਮਿਲ ਰਹੀ ਹੈ। ਇਸੇ ਤਰ੍ਹਾਂ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਆਪਣੀਆਂ ਮਿਸਾਲੀ ਪਹਿਲਕਦਮੀਆਂ ਰਾਹੀਂ ਪੰਜਾਬ ਦੀ ਪੁਰਾਤਨ ਸ਼ਾਨ ਬਹਾਲ ਕਰਨੀ ਯਕੀਨੀ ਬਣਾਏਗੀ।

ਇਹ ਵੀ ਪੜ੍ਹੋ : ਕਰੱਪਸ਼ਨ 'ਤੇ ਵਿਰੋਧੀਆਂ ਨੂੰ CM ਭਗਵੰਤ ਮਾਨ ਦਾ ਦੋ ਟੁਕ ਜਵਾਬ, ਅਸੀਂ ਨਹੀਂ ਕਿਸੇ ਨੂੰ ਬਖ਼ਸ਼ਣਾ, ਜਿਹੜਾ ਮਰਜ਼ੀ ਹੋਵੇ

PunjabKesari

ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਮਹਾਨ ਗੁਰੂ ਸਾਹਿਬਾਨ ਨੇ ਸਾਨੂੰ ਬੇਇਨਸਾਫ਼ੀ, ਜ਼ੁਲਮ ਅਤੇ ਦਮਨ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਰਾਹ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਮਿਹਨਤ ਅਤੇ ਸਮਰਪਿਤ ਭਾਵਨਾ ਨਾਲ ਹਰੇਕ ਖੇਤਰ ਵਿਚ ਸਫ਼ਲਤਾ ਹਾਸਲ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦੇ ਹਰੇਕ ਖੇਤਰ ਵਿਚ ਵਿਆਪਕ ਵਿਕਾਸ ਵੇਖਣ ਨੂੰ ਮਿਲੇਗਾ। ਇਸ ਮੌਕੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਲਾਕੇ ਦੇ ਕਿਸਾਨਾਂ ਦੀ ਸਹੂਲਤ ਲਈ ਕੰਢੀ ਨਹਿਰ ਨੂੰ ਛੇਤੀ ਹੀ ਚਾਲੂ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਬੀਤੇ ਦਿਨ ਤੇਲੰਗਾਨਾ ਵਿਚ ਸਿੰਜਾਈ ਸਿਸਟਮ ਦਾ ਵੀ ਜਾਇਜ਼ਾ ਲਿਆ ਸੀ, ਜੋ ਉਥੋਂ ਦੇ ਸੂਬੇ ਲਈ ਬਹੁਤ ਲਾਭਕਾਰੀ ਸਾਬਤ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਖ਼ਾਸ ਕਰਕੇ ਕੰਢੀ ਖੇਤਰ ਵਿਚ ਤੇਲੰਗਾਨਾ ਮਾਡਲ ਨੂੰ ਇੱਥੇ ਲਾਗੂ ਕਰਨ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਹੈ। ਮੁੱਖ ਮੰਤਰੀ ਨੇ ਪਿੰਡ ਵਾਸੀਆਂ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ ਡੱਲੇਵਾਲ ਤੋਂ ਚਾਂਦਪੁਰ ਰੁੜਕੀ ਸੜਕ ਨੂੰ 18 ਫੁੱਟੀ ਸੜਕ ਵਜੋਂ ਅਪਗ੍ਰੇਡ ਕਰਨ ਦਾ ਐਲਾਨ ਵੀ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਭਲਾਈ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਖਜ਼ਾਨੇ ਦੀ ਕੋਈ ਘਾਟ ਨਹੀਂ ਹੈ। ਭਗਵੰਤ ਮਾਨ ਨੇ ਵਿਰੋਧੀਆਂ ਨੂੰ ਨਿਸ਼ਾਨੇ ਉਤੇ ਲੈਂਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਖਾਲੀ ਖਜ਼ਾਨੇ ਦੀ ਦੁਹਾਈ ਪਾਉਂਦੀਆਂ ਸਨ ਤਾਂ ਕਿ ਆਪਣੀਆਂ ਮਨਪਸੰਦ ਕੰਪਨੀਆਂ ਨੂੰ ਫਾਇਦੇ ਦਿੱਤੇ ਜਾ ਸਕਣ। 

ਇਹ ਵੀ ਪੜ੍ਹੋ : 7 ਜਨਮਾਂ ਦਾ ਸਾਥ ਨਿਭਾਉਣ ਵਾਲਾ ਪਤੀ ਹੀ ਨਿਕਲਿਆ ਕਾਤਲ, ਜ਼ਹਿਰ ਦਾ ਟੀਕਾ ਲਗਾ ਕੇ ਪਤਨੀ ਨੂੰ ਦਿੱਤੀ ਬੇਰਹਿਮ ਮੌਤ

PunjabKesari

ਇਸ ਦੌਰਾਨ ਮੁੱਖ ਮੰਤਰੀ ਨੇ ਵੱਖ-ਵੱਖ ਸ਼ਖਸੀਅਤਾਂ ਦਾ ਸਨਮਾਨ ਕੀਤਾ। ਮੁੱਖ ਮੰਤਰੀ ਇਤਿਹਾਸਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਵੀ ਨਤਮਸਤਕ ਹੋਏ। ਮੁੱਖ ਮੰਤਰੀ ਨੇ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੇ ਨਾਮ ਉਤੇ ਬਣੇ ਪਾਰਕ ਦਾ ਉਦਘਾਟਨ ਵੀ ਕੀਤਾ। ਮੁੱਖ ਮੰਤਰੀ ਉਨ੍ਹਾਂ ਦੀ ਯਾਦ 'ਚ ਬਣੇ ਮਿਊਜ਼ੀਅਮ ਵਿਖੇ ਵੀ ਗਏ, ਜਿੱਥੇ ਲੌਂਗੇਵਾਲਾ ਜੰਗ ਦੀ ਸੂਰਮਗਤੀ ਅਤੇ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੀਆਂ ਦੁਰਲੱਭ ਤਸਵੀਰਾਂ ਨੂੰ ਦਰਸਾਇਆ ਗਿਆ ਹੈ। ਇਸ ਮੌਕੇ ਰਾਜ ਸਭਾ ਮੈਂਬਰ ਰਾਘਵ ਚੱਢਾ, ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ, ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ, ਐਮ ਐਲ ਏ ਰੂਪਨਗਰ ਦਿਨੇਸ਼ ਚੱਢਾ, ਮੁੱਖ ਮੰਤਰੀ ਦੇ ਡਾਇਰੈਕਟਰ ਮੀਡੀਆ ਰਿਲੇਸ਼ਨਜ਼ ਬਲਤੇਜ ਪੰਨੂ, ਅਸ਼ੋਕ ਕੁਮਾਰ ਕਟਾਰੀਆ, ਚੇਅਰਮੈਨ ਪੰਜਾਬ ਸੀਵਰੇਜ ਬੋਰਡ ਡਾ. ਸਨੀ ਸਿੰਘ ਆਹਲੂਵਾਲੀਆ, ਚੇਅਰਮੈਨ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਪਰਮਿੰਦਰ ਸਿੰਘ ਗੋਲਡੀ, ਅਸ਼ੋਕ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸਤਨਾਮ ਸਿੰਘ ਜਲਾਲਪੁਰ, ਲਲਿਤ ਮੋਹਨ ਪਾਠਕ, ਕੁਲਜੀਤ ਸਿੰਘ ਸਰਹਾਲ, ਚੇਅਰਮੈਨ ਨਗਰ ਸੁਧਾਰ ਟਰੱਸਟ ਸਤਨਾਮ ਸਿੰਘ ਜਲਵਾਹਾ ਤੇ ਕਰਨਵੀਰ ਕਟਾਰੀਆ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਮੌਕੇ ਬ੍ਰਿਗੇਡੀਅਰ ਕੁਲਦੀਪ ਸਿੰਘ ਦੇ ਪਰਿਵਾਰ ਵਿੱਚੋਂ ਪਤਨੀ ਸੁਰਿੰਦਰ ਕੌਰ ਚਾਂਦਪੁਰੀ, ਪੁੱਤਰ ਹਰਦੀਪ ਸਿੰਘ ਚਾਂਦਪੁਰੀ, ਭਤੀਜਾ ਮੋਹਨ ਸਿੰਘ ਤੇ ਬਲਬੀਰ ਸਿੰਘ ਤੇ ਪਿੰਡ ਦੇ ਸਰਪੰਚ ਬਿੰਦਰ ਕੁਮਾਰ , ਹਰਆਮਰਿੰਦਰ ਸਿੰਘ ਸਾਬਕਾ ਚੈਅਰਮੈਨ ਆਦਿ ਮੌਜੂਦ ਸਨ। ਜ਼ਿਲ੍ਹਾ ਅਧਿਕਾਰੀਆਂ 'ਚ ਡੀ. ਸੀ. ਨਵਜੋਤ ਪਾਲ ਸਿੰਘ ਰੰਧਾਵਾ, ਆਈ ਜੀ ਲੁਧਿਆਣਾ ਰੇਂਜ ਕੌਸਤੁਭ ਸ਼ਰਮਾ ਤੇ ਐਸ ਐਸ ਪੀ ਭਾਗੀਰਥ ਸਿੰਘ ਮੀਣਾ, ਦਵਿੰਦਰ ਕੁਮਾਰ ਏ, ਡੀ. ਸੀ. ਵੀ ਮੌਜੂਦ ਸਨ।

ਇਹ ਵੀ ਪੜ੍ਹੋ : 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਲੈਣ ਲਈ ਖ਼ਪਤਕਾਰਾਂ ਦੀ ਵਧੀ ਪ੍ਰੇਸ਼ਾਨੀ, ਜਾਣੋ ਕਿਉਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News