ਵੀ. ਸੀ. ਵਿਵਾਦ ਜਲਦ ਨਿਬੇੜਨ ਦੇ ਰੌਂਅ ’ਚ ਮੁੱਖ ਮੰਤਰੀ, ਛੇਤੀ ਭੇਜਿਆ ਜਾ ਸਕਦੈ ਡਾ. ਰਾਜ ਬਹਾਦਰ ਨੂੰ ਸੱਦਾ
Wednesday, Aug 03, 2022 - 06:08 PM (IST)
ਚੰਡੀਗੜ੍ਹ : ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਜ਼ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦੇ ਅਸਤੀਫ਼ੇ ਵਾਲਾ ਵਿਵਾਦ ਜਲਦੀ ਹੀ ਨਿਬੇੜਿਆ ਜਾ ਸਕਦਾ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲਦੀ ਹੀ ਡਾ. ਰਾਜ ਬਹਾਦਰ ਨੂੰ ਮੁਲਾਕਾਤ ਲਈ ਬੁਲਾ ਸਕਦੇ ਹਨ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਦਫ਼ਤਰ ਵੱਲੋਂ ਜਲਦੀ ਹੀ ਵਾਈਸ ਚਾਂਸਲਰ ਨੂੰ ਸੱਦਿਆ ਜਾ ਸਕਦਾ ਹੈ ਅਤੇ ਇਸ ਵਿਵਾਦ ਦਾ ਨਿਬੇੜਾ ਕੀਤਾ ਜਾ ਸਕਦਾ ਹੈ। ਵਿਰੋਧੀ ਧਿਰਾਂ ਸਿੱਧੇ ਤੌਰ ’ਤੇ ਵਾਈਸ ਚਾਂਸਲਰ ਦੀ ਹਮਾਇਤ ਵਿਚ ਖੜ੍ਹ ਗਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਾਈਸ ਚਾਂਸਲਰ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਅਤੇ ਡਾਕਟਰ ਭਾਈਚਾਰੇ ਪ੍ਰਤੀ ਆਪਣੇ ਅਦਬ ਦਾ ਇਜ਼ਹਾਰ ਕੀਤਾ ਸੀ। ਸੋਸ਼ਲ ਮੀਡੀਆ ’ਤੇ ਪਿਛਲੇ ਦੋ ਦਿਨਾਂ ਤੋਂ ਇਸ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚ ਖੁੱਲ੍ਹੀ ਜੰਗ ਚੱਲ ਰਹੀ ਹੈ। ਇਕ ਪਾਸੇ ਫ਼ਰੀਦਕੋਟ ਖਿੱਤੇ ਦੇ ਲੋਕ ਹਨ ਜਿਨ੍ਹਾਂ ਵੱਲੋਂ ਸਿਹਤ ਮੰਤਰੀ ਦੇ ਕਦਮ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਅਤੇ ਵਾਈਸ ਚਾਂਸਲਰ ਨੂੰ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ। ਦੂਜੀਆਂ ਧਿਰਾਂ ਵੱਲੋਂ ਵਾਈਸ ਚਾਂਸਲਰ ਦਾ ਪੱਖ ਲਿਆ ਜਾ ਰਿਹਾ ਹੈ। ਫ਼ਰੀਦਕੋਟ ਵਿਚ ਅੱਜ ਕੁਝ ਧਿਰਾਂ ਨੇ ਐਲਾਨ ਵੀ ਕਰ ਦਿੱਤਾ ਹੈ ਕਿ ਉਹ ਵਾਈਸ ਚਾਂਸਲਰ ਨੂੰ ਮੁੜ ਜੁਆਇਨ ਨਹੀਂ ਕਰਨ ਦੇਣਗੇ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਕਾਤਲਾਂ ਦੀ ਪੁਲਸ ਨੂੰ ਵੰਗਾਰ, ਫੇਸਬੁੱਕ ’ਤੇ ਤਸਵੀਰ ਪਾ ਕੇ ਲਿਖੀਆਂ ਇਹ ਗੱਲਾਂ
ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਇਸ ਵਿਵਾਦ ਨੂੰ ਜਲਦ ਤੋਂ ਜਲਦ ਸੁਲਝਾਉਣ ਦੇ ਮੂਡ ਵਿਚ ਹਨ ਤਾਂ ਜੋ ਵਿਰੋਧੀ ਧਿਰਾਂ ਨੂੰ ਇਸ ’ਤੇ ਸਿਆਸਤ ਕਰਨ ਦਾ ਕੋਈ ਮੌਕਾ ਨਾ ਮਿਲ ਸਕੇ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਕੋਈ ਵਿਚਲਾ ਰਾਹ ਤਲਾਸ਼ ਰਹੀ ਹੈ ਜਿਸ ਨਾਲ ਦੋਵੇਂ ਧਿਰਾਂ ਦਾ ਮਾਣ-ਸਨਮਾਨ ਵੀ ਕਾਇਮ ਰਹਿ ਸਕੇ। ਦਬਵੀਂ ਆਵਾਜ਼ ਵਿਚ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਡਾ. ਰਾਜ ਬਹਾਦਰ ਦੇ ਵਾਈਸ ਚਾਂਸਲਰ ਦੇ ਅਹੁਦੇ ’ਤੇ ਬਣੇ ਰਹਿਣ ਦੇ ਆਸਾਰ ਕਾਫ਼ੀ ਘੱਟ ਜਾਪ ਰਹੇ ਹਨ ਅਤੇ ਸਰਕਾਰ ਉਨ੍ਹਾਂ ਨੂੰ ਕੋਈ ਬਦਲਵਾਂ ਮੌਕਾ ਦੇ ਸਕਦੀ ਹੈ।
ਇਹ ਵੀ ਪੜ੍ਹੋ : ਬਨੂੜ ’ਚ ਛਾਇਆ ਮਾਤਮ, ਇਕੱਠੀਆਂ ਬਲ਼ੀਆਂ 7 ਨੌਜਵਾਨਾਂ ਦੀਆਂ ਚਿਖਾਵਾਂ, ਦੇਖ ਬਾਹਰ ਆ ਗਏ ਕਾਲਜੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।