ਤਰਨਤਾਰਨ ਦੇ ਪੁਲਸ ਥਾਣੇ 'ਤੇ ਹੋਏ ਰਾਕੇਟ ਲਾਂਚਰ ਹਮਲੇ ਨੂੰ ਲੈ ਕੇ ਭਗਵੰਤ ਮਾਨ ਦਾ ਵੱਡਾ ਬਿਆਨ

12/10/2022 5:37:09 PM

ਜਲੰਧਰ/ਤਰਨਤਾਰਨ (ਵੈੱਬ ਡੈਸਕ)-ਤਰਨਤਾਰਨ 'ਚ ਪੁਲਸ ਥਾਣੇ 'ਤੇ ਰਾਕੇਟ ਲਾਂਚਰ ਨਾਲ ਹੋਏ ਹਮਲੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਨਿੱਜੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਵਿਚ ਭਗਵੰਤ ਮਾਨ ਨੇ ਕਿਹਾ ਕਿ ਦੁਸ਼ਮਣ ਦੇਸ਼ ਨੇ 10 ਸਾਲ ਪਹਿਲਾਂ ਪੰਜਾਬ ਦੀ ਭਾਈਚਾਰਕ ਸਾਂਝ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਸਫ਼ਲ ਨਹੀਂ ਹੋ ਸਕਿਆ। ਪੰਜਾਬ ਵਿਚ ਹਮੇਸ਼ਾ ਭਾਈਚਾਰਕ ਸਾਂਝ ਅਤੇ ਕਾਨੂੰਨ ਦੀ ਵਿਵਸਥਾ ਬਣੀ ਰਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅੱਤਵਾਦ ਦੀ ਵਾਪਸੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪੰਜਾਬ ਵਿਚ ਲਗਾਤਾਰ ਗੈਂਗਸਟਰਾਂ ਵੱਲੋਂ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਨੂੰ ਲੈ ਕੇ ਭਗਵੰਤ ਮਾਨ ਨੇ ਕਿਹਾ ਕਿ ਇਹ ਜੋ ਗੈਂਗਸਟਰ ਹਨ, ਇਹ ਕੋਈ 7-8 ਮਹੀਨਿਆਂ ਤੋਂ ਨਹੀਂ ਬਣੇ ਹਨ, ਸਗੋਂ ਪਹਿਲੀਆਂ ਪਾਰਟੀਆਂ ਨੇ ਹੀ ਪਾਲੇ ਹੋਏ ਹਨ। 
  

ਇਹ ਵੀ ਪੜ੍ਹੋ : ਪੰਜਾਬ 'ਚ ਵਿਗੜੀ ਕਾਨੂੰਨ ਵਿਵਸਥਾ 'ਤੇ DGP ਗੌਰਵ ਯਾਦਵ ਦਾ ਵੱਡਾ ਬਿਆਨ, ਨਸ਼ਾ ਸਮੱਗਲਰਾਂ ਸਬੰਧੀ ਆਖੀ ਇਹ ਗੱਲ

ਸੁਖਬੀਰ ਸਿੰਘ ਬਾਦਲ 'ਤੇ ਤਿੱਖਾ ਨਿਸ਼ਾਨਾ ਲਾਉਂਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਸਨ ਤਾਂ ਨਾਭਾ ਜੇਲ੍ਹ ਬਰੇਕ ਹੋਈ ਸੀ ਅਤੇ ਗੈਂਗਸਟਰ ਭੱਜੇ ਸਨ। ਪਾਰਟੀ ਦੇ ਨੌਜਵਾਨ ਨੇਤਾ ਹੀ ਗੈਂਗਸਟਰ ਸਨ। ਵੱਡਾ ਬਿਆਨ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਗੈਂਗਸਟਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਆਪਣੀਆਂ ਪਾਰਟੀਆਂ ਵਿਚ ਪਨਾਹ ਦਿੰਦੇ ਰਹੇ ਹਨ। ਪਹਿਲਾ ਡਰਾ-ਧਮਕਾ ਕੇ ਪਾਰਟੀ ਵਿਚ ਲੈਂਦੇ ਸਨ ਅਤੇ ਫਿਰ ਕੰਮ ਕੱਢਵਾ ਕੇ ਜੇਲ੍ਹਾਂ ਵਿਚ ਭੇਜ ਦਿੰਦੇ ਸਨ।  ਉਨ੍ਹਾਂ ਕਿਹਾ ਕਿ ਸਾਡਾ ਬੀ. ਐੱਸ. ਐੱਫ਼, ਐੱਨ. ਆਈ. ਏ. ਦੇ ਨਾਲ ਤਾਲਮੇਲ ਬਹੁਤ ਹੀ ਵਧੀਆ ਚੱਲ ਰਿਹਾ ਹੈ। ਅਸੀਂ ਗੈਂਗਸਟਰਾਂ ਨੂੰ ਰਾਜਸਥਾਨ, ਹਰਿਆਣਾ, ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਸ ਪੰਜਾਬ ਵਿਚ ਅਮਨ-ਕਾਨੂੰਨ ਵਿਵਸਥਾ ਨੂੰ ਕਾਇਮ ਕਰਨ ਵਿਚ ਪੂਰੀ ਤਰ੍ਹਾਂ ਸਮਰੱਥ ਹੈ। ਜਿਹੜੇ ਸਾਡੇ 10 ਮੋਸਟ ਵਾਂਟਿੰਡ ਗੈਂਗਸਟਰ ਹਨ, ਉਨ੍ਹਾਂ ਵਿਚੋਂ 8 ਕੈਨੇਡਾ ਵਿਚ ਹਨ। ਇਸ ਦੇ ਲਈ ਕੇਂਦਰ ਸਰਕਾਰ ਨੂੰ ਮੰਗ ਕੀਤੀ ਗਈ ਹੈ। ਇਸ ਸਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਕਈ ਵਾਰ ਮੀਟਿੰਗ ਹੋ ਚੁੱਕੀ ਹੈ ਕਿ ਇਨ੍ਹਾਂ ਦਾ ਕੋਈ ਹੱਲ ਕੱਢਿਆ ਜਾਵੇ। ਅਸੀਂ ਰੈੱਡ ਕਾਰਨਰ ਨੋਟਿਸ ਵੀ ਜਾਰੀ ਕਰਵਾ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਨੂੰ ਮਿਲ ਕੇ ਇਹ ਮੰਗ ਕੀਤੀ ਗਈ ਹੈ ਪੰਜਾਬ ਪੁਲਸ ਨੂੰ ਅਪਡੇਟ ਕਰਨ ਲਈ ਫੰਡ ਦਿੱਤੇ ਜਾਣ। 

ਡਰੋਨਾਂ ਨੂੰ ਕੰਟਰੋਲ ਕਰਨ ਲਈ ਅਸੀਂ ਬੀ. ਐੱਸ. ਐੱਫ਼ ਨਾਲ ਪੂਰੀ ਤਰ੍ਹਾਂ ਤਾਲਮੇਲ ਬਣਾ ਕੇ ਚੱਲ ਰਹੇ ਹਾਂ। ਉਨ੍ਹਾਂ ਕਿਹਾ ਕਿ ਡਰੋਨਾਂ ਨੂੰ ਲੈ ਕੇ ਤਾਂ ਹੁਣ ਰਿਵਾਜ ਹੀ ਹੋ ਗਿਆ ਹੈ। ਹੁਣ ਤਾਂ ਵਿਆਹਾਂ ਤੋਂ ਲੈ ਕੇ ਖੇਡ ਸਮਾਗਮਾਂ, ਸਿਆਸੀ ਸਮਾਗਮਾਂ ਤੱਕ ਵਿਚ ਡਰੋਨ ਦੀ ਵਰਤੋਂ ਹੋਣ ਲੱਗੀ ਹੈ। ਸਰਹੱਦੀ ਪਿੰਡਾਂ ਵਿਚ ਕਈ ਵਾਰ ਇਹ ਵੀ ਹੁੰਦਾ ਹੈ ਕਿ ਡਰੋਨ ਇਧਰੋਂ ਹੀ ਜਾਂਦਾ ਹੈ ਅਤੇ ਇਧਰੋਂ ਹੀ ਵਾਪਸ ਆ ਜਾਂਦਾ ਹੈ। ਹੁਣ ਸਰਹੱਦ ਪਾਰ ਤੋਂ ਡਰੋਨ ਜ਼ਰੀਏ ਡਰੱਗ ਅਤੇ ਹਥਿਆਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਇਹ ਕਿਥੋਂ ਆਉਂਦੇ ਹਨ, ਕਿਸ ਦੇ ਡਰੋਨ ਹਨ, ਇਹ ਜਾਣਨ ਲਈ ਇਨ੍ਹਾਂ ਨੂੰ ਰਜਿਸਟਰਡ ਕਰਨ ਦੀ ਲੋੜ ਹੈ। ਅਜਿਹਾ ਕਰਨ ਨਾਲ ਡਰੋਨ ਦੀ ਪਛਾਣ ਦੀ ਜਾ ਸਕੇਗੀ ਅਤੇ ਤਸਕਰੀ 'ਤੇ ਰੋਕ ਲਗਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ : ਔਰਤਾਂ ਨੂੰ ਇਕ ਹਜ਼ਾਰ ਮਹੀਨਾ ਦੇਣ ਦੀ ਦਿੱਤੀ ਗਈ ਗਾਰੰਟੀ 'ਤੇ CM ਭਗਵੰਤ ਮਾਨ ਦਾ ਵੱਡਾ ਬਿਆਨ

ਡਰੋਨਾਂ ਨੂੰ ਲੈ ਕੇ ਰਜਿਸਟਰ ਕਰਨ ਦਾ ਸੁਝਾਅ ਕੇਂਦਰ ਸਰਕਾਰ ਨੂੰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕਾਰਾਂ ਦੇ ਨੰਬਰ ਤੋਂ ਪਤਾ ਲੱਗ ਜਾਂਦਾ ਹੈ ਕਿ ਕਿਹੜੀ ਕਾਰ ਕਿੱਥੋਂ ਦੀ ਹੈ ਇਸੇ ਤਰ੍ਹਾਂ ਜੇਕਰ ਡਰੋਨ ਰਜਿਸਟਰ ਹੋਣਗੇ ਤਾਂ ਆਪਣੇ ਡਰੋਨਾਂ ਬਾਰੇ ਵੀ ਪਤਾ ਲੱਗ ਸਕੇਗਾ। ਅਸੀਂ ਇਸ 'ਤੇ ਲੱਗੇ ਹੋਏ ਹਾਂ। 
ਇਸ ਦੇ ਨਾਲ ਹੀ ਸੀ. ਐੱਮ. ਮਾਨ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਚਰਚਾ ਦੌਰਾਨ ਮੈਂ ਕਿਹਾ ਕਿ ਪਾਕਿਸਤਾਨ ਬਾਰਡਰ 'ਤੇ ਜੋ ਫੇਸਿੰਗ (ਤਾਰ) ਲਗੀ ਹੈ, ਉਹ 4 ਤੋਂ 5 ਕਿਲੋਮੀਟਰ ਦੇ ਅੰਦਰ ਹੈ, ਸਾਡੀ ਜ਼ਮੀਨ ਫੇਸਿੰਗ ਤਾਰ ਦੇ ਉਪਰ ਹੈ। ਜਦੋਂ ਕਿਸਾਨ ਖੇਤੀ ਕਰਨ ਉਥੇ ਜਾਂਦੇ ਹਨ, ਤਾਂ ਪਹਿਲਾਂ ਬੀ. ਐੱਸ. ਐੱਫ਼. ਫਰੀਸਕਿੰਗ ਕਰਦੀ ਹੈ। ਫਿਰ ਫ਼ੌਜੀ ਨੂੰ ਨਾਲ ਭੇਜਿਆ ਜਾਂਦਾ ਹੈ। ਅਸੀਂ ਸੁਝਾਅ ਦਿੱਤਾ ਹੈ ਕਿ ਇੰਟਰਨੇਸ਼ਨਲ ਨਿਯਮਾਂ ਮੁਤਾਬਕ 150 ਮੀਟਰ ਤੱਕ ਜਾ ਸਕਦੇ ਹਾਂ। ਇਸ ਨੂੰ 200 ਮੀਟਰ ਕੀਤੀ ਜਾਵੇ ਤਾਂਕਿ ਜ਼ਮੀਨ ਇਧਰ ਆ ਜਾਵੇਗੀ। ਇਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਕਰਨ ਲਈ ਆਈਕਾਰਡ ਨਹੀਂ ਬਣਵਾਉਣਾ ਪਵੇਗਾ। ਇਸ ਦੇ ਨਾਲ ਹੀ ਫ਼ੌਜ ਨੂੰ ਵੀ ਫਾਇਦਾ ਹੋਵੇਗਾ।

ਇਹ ਵੀ ਪੜ੍ਹੋ : ਅਕਾਲੀ ਦਲ 'ਚੋਂ ਫਾਰਗ ਕੀਤੇ ਗਏ ਬੀਬੀ ਜਗੀਰ ਕੌਰ ਨਾਲ ਖ਼ਾਸ ਗੱਲਬਾਤ, ਕਰ ਸਕਦੇ ਨੇ ਵੱਡਾ ਸਿਆਸੀ ਧਮਾਕਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News