ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਟਿੱਪਣੀ ’ਤੇ ਭਗਵੰਤ ਮਾਨ ਨੇ ਦਿੱਤਾ ਕਰਾਰਾ ਜਵਾਬ

Thursday, Feb 03, 2022 - 11:54 AM (IST)

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਟਿੱਪਣੀ ’ਤੇ ਭਗਵੰਤ ਮਾਨ ਨੇ ਦਿੱਤਾ ਕਰਾਰਾ ਜਵਾਬ

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਵਲੋਂ ਕੀਤੀ ਟਿੱਪਣੀ ਕਿ ‘ਲੋਕਾਂ ਨੂੰ ਗੰਭੀਰਤਾ ਚਾਹੀਦੀ ਹੈ, ਡਰਾਮੇਬਾਜ਼ੀ ਜਾਂ ਨੌਟੰਕੀ ਨਹੀ’ ਦੀ ਪ੍ਰੋੜਤਾ ਕਰਦਿਆਂ ਜਵਾਬੀ ਹਮਲਾ ਕੀਤਾ ਹੈ। ਮਾਨ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸੰਬੋਧਨ ਹੁੰਦਿਆਂ ਕਿਹਾ,‘‘ਪੰਜਾਬ ਨੂੰ ਲੋਕ ਪੱਖੀ ਤੇ ਗੰਭੀਰ ਆਗੂਆਂ ਦੀ ਜ਼ਰੂਰਤ ਹੈ, ਭਿ੍ਰਸ਼ਟ, ਮੀਸਣੇ ਅਤੇ ਮਸੰਦ ਆਗੂਆਂ ਦੀ ਨਹੀਂ। ਜਿਨ੍ਹਾਂ ਦੇ ਰਾਜਕਾਲ ਵਿਚ ਪੰਜਾਬ ਨੇ ਖੂਨ ਦੇ ਹੰਝੂ ਵਹਾਏ ਹੋਣ ਅਤੇ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੀ ਦਲਦਲ ਵਿਚ ਡੁੱਬੀ ਹੋਵੇ।’’ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ, ‘ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਦੀ ਸਿਆਸਤ ’ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਕ-ਸੰਬੰਧੀ ਕਾਬਜ ਰਹੇ ਹਨ। ਬਾਦਲ ਹੀ ਕਰੀਬ 19-20 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ ਅਤੇ ਉਨ੍ਹਾਂ ਨੂੰ ਸਿਆਣਾ ਆਗੂ ਸਮਝ ਕੇ ਪੰਜਾਬ ਵਾਸੀਆਂ ਨੇ ਪੰਜ ਵਾਰ ਮੁੱਖ ਮੰਤਰੀ ਬਣਾਇਆ ਸੀ ਪਰ ਪ੍ਰਕਾਸ਼ ਸਿੰਘ ਬਾਦਲ ਦੇ ਰਾਜਕਾਲ ਵਿਚ ਜਿਹੜਾ ਹਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਹੋਇਆ ਹੈ, ਉਹ ਕਿਸੇ ਤੋਂ ਲੁਕਿਆ ਨਹੀਂ ਹੈ।’ ਮਾਨ ਨੇ ਕਿਹਾ ਕਿ ਬਾਦਲ ਦੇ ਸਿਆਸੀ ਦੌਰ ਵਿਚ ਪੰਜਾਬ ਨੇ ਉਹ ਸੰਤਾਪ ਭੋਗਿਆ, ਜਿਹੜਾ ਪੰਜਾਬ ਦੀਆਂ ਕਈ ਪੀੜੀਆਂ ਭੁੱਲ ਨਹੀਂ ਸਕਦੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ, ਨੌਜਵਾਨੀ ਦਾ ਘਾਣ, ਪੰਜਾਬ ਸਿਰ ਕਰਜ਼ੇ ਦੀ ਪੰਡ, ਮਾਫ਼ੀਆ ਰਾਜ ਅਤੇ ਨਸ਼ੇ ਦਾ ਸਾਮਰਾਜ ਸਭ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹੈ।’ ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੱਸ ਸਕਦੇ ਹਨ ਕਿ ਗੰਭੀਰਤਾ ਕੀ ਹੁੰਦੀ ਹੈ? ਗੰਭੀਰ ਆਗੂ ਕਿਹੜਾ ਹੁੰਦਾ? ਪਿਛਲੇ 50 ਸਾਲ ਪੰਜਾਬ ਡਰਾਮੇਬਾਜ਼ੀ ਕੌਣ ਕਰਦਾ ਰਿਹਾ?

ਇਹ ਵੀ ਪੜ੍ਹੋ : ਸ਼੍ਰੋਅਦ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਨਸੀਹਤ

ਮਾਨ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ, ‘ਉਸ ਆਗੂ ਨੂੰ ਕੀ ਕਿਹਾ ਜਾਵੇ ਜਿਹੜੇ ਪੰਜਾਬ ਨੂੰ ਬਲਦੀ ਭੱਠੀ ਵਿਚ ਝੋਕ ਕੇ ਦੂਜੇ ਸੂਬੇ ਵਿਚਲੇ ਫਾਰਮ ਹਾਊਸ ’ਤੇ ਜਾ ਬੈਠੇ ਅਤੇ ਆਪਣੇ ਪੁੱਤ ਨੂੰ ਵਿਦੇਸ਼ ਭੇਜ ਦੇਵੇ। ਆਮ ਲੋਕਾਂ ਦੇ ਪੁੱਤਾਂ ਨੂੰ ਪੰਥ ਬਚਾਉਣ ਲਈ ਅੱਗ ਝੋਕ ਦੇਵੇ, ਫਿਰ ਜਦੋਂ ਰਾਜਭਾਗ ਕਰਨ ਦਾ ਮੌਕਾ ਆ ਜਾਵੇ ਤਾਂ ਆਪਣੇ ਪੁੱਤ ਨੂੰ ਵਿਦੇਸ਼ ਤੋਂ ਸੱਦ ਕੇ ਸਰਕਾਰ ਦੀ ਵਾਂਗਡੋਰ ਉਸ ਦੇ ਹੱਥ ਫੜ੍ਹਾ ਦੇਵੇ।’ ਉਨ੍ਹਾਂ ਕਿਹਾ ਕਿ ਸੱਤਾ ਵਿਚ ਰਹੇ ਬਾਦਲ ਪਰਿਵਾਰ, ਕੈਪਟਨ ਪਰਿਵਾਰ ਸਮੇਤ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੇ ਵਾਰੀ ਬੰਨ੍ਹ ਕੇ ਪੰਜਾਬ ਦੇ ਖ਼ਜ਼ਾਨੇ ਨੂੰ ਲੁੱਟਿਆ ਅਤੇ ਪੰਜਾਬ ਨੂੰ ਉਜਾੜਿਆ ਹੈ।’

ਭਗਵੰਤ ਮਾਨ ਨੇ ਪ੍ਰਕਾਸ਼ ਸਿੰਘ ਬਾਦਲ ਵਲੋਂ ਕਹੇ ਸ਼ਬਦਾਂ ਰਾਹੀਂ ਜਵਾਬ ਦਿੰਦਿਆਂ ਕਿਹਾ ਕਿ ਬਾਦਲ ਸਾਬ ਪੰਜਾਬ ’ਤੇ ਰਹਿਮ ਕਰੋ ਅਤੇ ਕੋਈ ਗੰਭੀਰ ਗੱਲ ਕਰੋ। ਪੰਜਾਬ, ਪੰਥ ਅਤੇ ਪੰਜਾਬੀਆਂ ਨੇ ਤੁਹਾਡੇ ਰਾਜ ਦੇ ਸੰਤਾਪ ਨੂੰ ਆਪਣੇ ਪਿੰਡੇ ’ਤੇ ਹੰਢਾਇਆ ਹੈ। ਪੰਜਾਬ ਦੇ ਲੋਕ ਇਸ ਵਾਰ ਵਿਧਾਨ ਸਭਾ ਚੋਣਾ ਨੂੰ ਜ਼ਰੂਰ ਗੰਭੀਰਤਾ ਨਾਲ ਲੈਣਗੇ। ਡਰਾਮੇਬਾਜ਼ੀ ਅਤੇ ਨੌਟੰਕੀ ਕਰਨ ਵਾਲੇ ਮੀਸਣੇ-ਮਸੰਦ ਆਗੂਆਂ ਨੂੰ ਮੂੰਹ ਨਹੀਂ ਲਾਉਣਗੇ। ਇਸ ਲਈ ਹੁਣ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਨਿਸ਼ਚਾ ਕੀਤਾ ਹੋਇਆ ਹੈ ਤਾਂ ਜੋ ਵਾਰੀ ਬੰਨ੍ਹ ਕੇ ਪੰਜਾਬ ਨੂੰ ਲੁੱਟਣ ਵਾਲੀਆਂ ਪਾਰਟੀਆਂ ਅਤੇ ਗੈਰ-ਗੰਭੀਰ ਆਗੂਆਂ ਤੋਂ ਪੰਜਾਬ ਨੂੰ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਮਿਲੇਗਾ ਲਾਭ ਤਾਂ ਆੜ੍ਹਤੀਆਂ ਦੀ ਵਿਗੜੇਗੀ ਖੇਡ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News