ਭਗਵੰਤ ਮਾਨ ਕੈਬਨਿਟ ’ਚ ਸ਼ਾਮਲ ਹੋਣ ਤੋਂ ਬਾਅਦ ਗੁਰਮੀਤ ਖੁੱਡੀਆਂ ਤੇ ਬਲਕਾਰ ਸਿੰਘ ਦਾ ਵੱਡਾ ਬਿਆਨ

Wednesday, May 31, 2023 - 06:34 PM (IST)

ਭਗਵੰਤ ਮਾਨ ਕੈਬਨਿਟ ’ਚ ਸ਼ਾਮਲ ਹੋਣ ਤੋਂ ਬਾਅਦ ਗੁਰਮੀਤ ਖੁੱਡੀਆਂ ਤੇ ਬਲਕਾਰ ਸਿੰਘ ਦਾ ਵੱਡਾ ਬਿਆਨ

ਚੰਡੀਗੜ੍ਹ : ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਆਪਣੇ ਮੰਤਰੀ ਮੰਡਲ ਦਾ ਅੱਜ ਵਿਸਥਾਰ ਕਰਦਿਆਂ ‘ਆਪ’ ਵਿਧਾਇਕਾਂ ਗੁਰਮੀਤ ਸਿੰਘ ਖੁੱਡੀਆਂ ਅਤੇ ਬਲਕਾਰ ਸਿੰਘ ਨੇ ਸੂਬੇ ਦੇ ਨਵੇਂ ਮੰਤਰੀਆਂ ਵਜੋਂ ਸਹੁੰ ਚੁੱਕਾਈ ਗਈ ਹੈ। ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਇੱਥੇ ਰਾਜ ਭਵਨ ਵਿਖੇ ਨਵੇਂ ਮੰਤਰੀਆਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। 60 ਸਾਲਾ ਖੁੱਡੀਆਂ ਮੁਕਤਸਰ ਦੀ ਲੰਬੀ ਸੀਟ ਤੋਂ ਵਿਧਾਇਕ ਹਨ ਜਦਕਿ 60 ਸਾਲਾ ਬਲਕਾਰ ਸਿੰਘ ਜਲੰਧਰ ਦੀ ਕਰਤਾਰਪੁਰ ਰਾਖਵੀਂ ਸੀਟ ਤੋਂ ਵਿਧਾਇਕ ਹਨ। ਉਹ ਸਾਬਕਾ ਪੁਲੀਸ ਅਧਿਕਾਰੀ ਹਨ ਤੇ ਸੇਵਾਮੁਕਤ ਹੋਣ ਤੋਂ ਬਾਅਦ 2021 ਵਿੱਚ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਏ ਸਨ। ਉਹ ਪਹਿਲੀ ਵਾਰ ਵਿਧਾਇਕ ਬਣੇ ਹਨ।

ਇਹ ਵੀ ਪੜ੍ਹੋ : ਪੰਜਾਬ ਵਿਚ ਵਧਾਈ ਗਈ ਸੁਰੱਖਿਆ, ਡੀ. ਜੀ. ਪੀ. ਨੇ ਪੁਲਸ ਅਫ਼ਸਰਾਂ ਨੂੰ ਜਾਰੀ ਕੀਤੀਆਂ ਸਖ਼ਤ ਹਦਾਇਤਾਂ

ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਪਣੀ ਟੀਮ ਵਿਚ ਸ਼ਾਮਲ ਕਰਨ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਨ। ਲੰਬੀ ਹਲਕੇ ਦੇ ਲੋਕਾਂ ਸਦਕਾ ਹੀ ਉਹ ਇਥੋਂ ਤਕ ਪਹੁੰਚੇ ਹਨ। ਖੁੱਡੀਆਂ ਨੇ ਕਿਹਾ ਕਿ ਪੂਰੀ ਈਮਾਨਦਾਰੀ ਰੱਖਣਾ ਸਾਡਾ ਫਰਜ਼ ਹੈ ਅਤੇ ਉਹ ਇਸ ਫਰਜ਼ ’ਤੇ ਖਰਾ ਉਤਰਕੇ ਵਿਖਾਉਣਗੇ। ਮੁੱਖ ਮੰਤਰੀ ਵਲੋਂ ਜਿਹੜੀ ਵੀ ਜ਼ਿੰਮੇਵਾਰੀ ਸਾਨੂੰ ਸੌਂਪੀ ਜਾਵੇਗੀ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਖੁੱਡੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਹੜੇ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਜਾਣੀ ਹੈ ਫਿਲਹਾਲ ਇਸ ਬਾਰੇ ਅਜੇ ਤਕ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਪਰ ਉਨ੍ਹਾਂ ਨੂੰ ਜਿਹੜੀ ਵੀ ਜ਼ਿੰਮੇਵਾਰੀ ਮਿਲੇਗੀ ਉਸ ਨੂੰ ਉਹ ਪੂਰੀ ਤਨਦੇਹੀ ਤੇ ਸ਼ਿੱਦਤ ਨਾਲ ਨਿਭਾਉਣਗੇ। ਖੁੱਡੀਆਂ ਨੇ ਕਿਹਾ ਕਿ ਜ਼ਿੰਮੇਵਾਰੀ ਬਹੁਤ ਵੱਡੀ ਹੈ ਪਰ ਜ਼ਿੰਮੇਵਾਰੀਆਂ ਬੰਦੇ ਵੀ ਨਿਭਾਉਂਦੇ ਹਨ, ਅਸੀਂ ਬਾਖਾਬੂ ਨਿਭਾਵਾਂਗੇ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਸੂਬੇ ਭਰ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ

ਇਸ ਦੌਰਾਨ ਨਵੇਂ ਬਣੇ ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਿਹੜੀ ਵੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਜਾਵੇਗੀ ਉਹ ਈਮਾਨਦਾਰੀ ਨਾਲ ਨਿਭਾਉਣਗੇ। ਜਲੰਧਰ ਦੀ ਜ਼ਿਮਨੀ ਚੋਣ ਵਿਚ ਸਾਰੀ ਪਾਰਟੀ ਨੇ ਬਹੁਤ ਮਿਹਨਤ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪਾਰਟੀ ਨੇ ਚੰਗਾ ਕੰਮ ਕੀਤਾ ਅਤੇ ਜਲੰਧਰ ਦੇ ਲੋਕਾਂ ਵਲੋਂ ਵਧਾਏ ਗਏ ਹੌਂਸਲੇ ਸਦਕਾ ਹੀ ਇਥੇ ਤਕ ਪਹੁੰਚ ਸਕੇ ਹਾਂ। ਪੰਜਾਬ ਸਰਕਾਰ ਦੋਆਬੇ ਵਿਚ ਹਰ ਪਹਿਲੂ ਤੋਂ ਕੰਮ ਕਰ ਰਹੀ ਹੈ। ਜਿਸ ਤਰ੍ਹਾਂ ਲੋਕਾਂ ਨੇ ਸਹਿਯੋਗ ਦਿੱਤਾ ਹੈ ਕੰਮ ਵੀ ਉਸੇ ਤਰ੍ਹਾਂ ਡੱਟ ਕੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਿਗਮ ਚੋਣਾਂ ਵਿਚ ਵੀ ਚੰਗੇ ਉਮੀਦਵਾਰ ਅੱਗੇ ਲਿਆਂਦੇ ਜਾਣਗੇ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਪੀ. ਐੱਸ. ਪੀ. ਸੀ. ਐੱਲ. ਦੇ ਮੁਲਾਜ਼ਮਾਂ ਲਈ ਵੱਡਾ ਫ਼ੈਸਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News