ਪੰਜਾਬ ਦੇ ਵੱਖ-ਵੱਖ ਵਿਭਾਗਾਂ ਨੂੰ ਮਿਲੇ 210 SDO, CM ਮਾਨ ਜਲਦ ਦੇਣਗੇ ਨਿਯੁਕਤੀ ਪੱਤਰ
Monday, May 16, 2022 - 04:16 PM (IST)
ਲੁਧਿਆਣਾ (ਹਿਤੇਸ਼) : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿੱਥੇ ਮੁਲਾਜ਼ਮਾਂ ਦੀਆਂ ਨਵੀਆਂ ਭਰਤੀਆਂ ਕਰਨ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ, ਉੱਥੇ ਪਿਛਲੀ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀ ਭਰਤੀ ਪ੍ਰਕਿਰਿਆ ਨੂੰ ਵੀ ਫਾਈਨਲ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਵੱਖ-ਵੱਖ ਵਿਭਾਗਾਂ ਨੂੰ 210 ਐੱਸ. ਡੀ. ਓ. ਮਿਲਣ ਜਾ ਰਹੇ ਹਨ। ਇਥੇ ਦੱਸਣਾ ਉਚਿਤ ਹੋਵੇਗਾ ਕਿ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿਚ ਐੱਸ. ਡੀ. ਓਜ਼ ਦੀ ਕਾਫੀ ਕਮੀ ਦੇਖਣ ਨੂੰ ਮਿਲ ਰਹੀ ਹੈ, ਜਿਸ ਦਾ ਕਾਰਨ ਇਹ ਹੈ ਕਿ ਲੰਬੇ ਸਮੇਂ ਤੋਂ ਨਵੀਂ ਭਰਤੀ ਨਹੀਂ ਕੀਤੀ ਗਈ ਅਤੇ ਜ਼ਿਆਦਾਤਰ ਮੁਲਾਜ਼ਮਾਂ ਦੀ ਰਿਟਾਇਰਮੈਂਟ ਜਾਂ ਪ੍ਰਮੋਸ਼ਨ ਹੋ ਚੁੱਕੀ ਹੈ, ਜਿਸ ਦਾ ਅਸਰ ਲੋਕ ਸਮੱਸਿਆਵਾਂ ਦੇ ਹੱਲ ਅਤੇ ਵਿਕਾਸ ਕੰਮਾਂ ਦੀ ਮੱਧਮ ਰਫਤਾਰ ਵਜੋਂ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਕਪੂਰਥਲਾ ਤੋਂ ਵੱਡੀ ਖ਼ਬਰ : ਕਬੱਡੀ ਮੈਚ ਦੌਰਾਨ ਬੂਟ ਪਿੰਡ 'ਚ ਚੱਲੀਆਂ ਗੋਲੀਆਂ, ਲੋਕਾਂ 'ਚ ਫੈਲੀ ਦਹਿਸ਼ਤ
ਇਸ ਦੇ ਮੱਦੇਨਜ਼ਰ ਕਾਂਗਰਸ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਵਿਚ 210 ਐੱਸ. ਡੀ. ਓਜ਼ ਭਰਤੀ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਸਬੰਧੀ ਪ੍ਰਕਿਰਿਆ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਹਾਲ ਹੀ ਵਿਚ ਮੁਕੰਮਲ ਕੀਤੀ ਗਈ ਹੈ। ਇਸ ਦੇ ਆਧਾਰ ’ਤੇ ਸਫ਼ਲ ਉਮੀਦਵਾਰਾਂ ਨੂੰ ਉਨ੍ਹਾਂ ਦੀ ਮੰਗ ਮੁਤਾਬਕ ਵਿਭਾਗਾਂ ਦੀ ਵੰਡ ਦੀ ਕਵਾਇਦ ਸ਼ੁਰੂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਲਿਸਟ ਫਾਈਨਲ ਹੋ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਨਵੇਂ ਐੱਸ. ਡੀ. ਓਜ਼ ਨੂੰ ਨਿਯੁਕਤੀ-ਪੱਤਰ ਦੇ ਦਿੱਤੇ ਜਾਣਗੇ।
ਇਨ੍ਹਾਂ ਵਿਭਾਗਾਂ ’ਚ ਪੂਰੀ ਹੋਵੇਗੀ ਸਟਾਫ਼ ਦੀ ਕਮੀ
ਨਗਰ ਨਿਗਮ, ਨਗਰ ਸੁਧਾਰ ਟਰਸਟ, ਪੀ. ਡਬਲਯੂ. ਡੀ., ਸੀਵਰੇਜ ਬੋਰਡ, ਸਿੰਚਾਈ ਵਿਭਾਗ, ਟਿਊਬਵੈੱਲ ਕਾਰਪੋਰੇਸ਼ਨ
ਆਊਟਸੋਰਸਿੰਗ ਕੰਪਨੀ ਜ਼ਰੀਏ ਕੰਮ ਕਰ ਰਹੇ ਮੁਲਾਜ਼ਮਾਂ ਦੀ ਹੋਵੇਗੀ ਛੁੱਟੀ
ਨਵੇਂ ਐੱਸ. ਡੀ. ਓ. ਦੀ ਨਿਯੁਕਤੀ ਤੋਂ ਬਾਅਦ ਆਊਟਸੋਰਸਿੰਗ ਕੰਪਨੀ ਜ਼ਰੀਏ ਕੰਮ ਕਰ ਰਹੇ ਮੁਲਾਜ਼ਮਾਂ ਦੀ ਛੁੱਟੀ ਹੋ ਜਾਵੇਗੀ ਕਿਉਂਕਿ ਇਨ੍ਹਾਂ ਮੁਲਾਜ਼ਮਾਂ ਦੀ ਸਰਵਿਸ ਮਨਜ਼ੂਰ ਪੋਸਟ ਖ਼ਾਲੀ ਹੋਣ ਦਾ ਹਵਾਲਾ ਦਿੰਦੇ ਹੋਏ ਲਈ ਜਾ ਰਹੀ ਹੈ ਅਤੇ ਨਵੇਂ ਐੱਸ. ਡੀ. ਓ. ਦੀ ਨਿਯੁਕਤੀ ਵੀ ਮਨਜ਼ੂਰ ਪੋਸਟ ਦੇ ਮੁਕਾਬਲੇ ਕੀਤੀ ਜਾਵੇਗੀ, ਜਿਸ ਦੇ ਨਾਲ ਆਊਟਸੋਰਸਿੰਗ ਕੰਪਨੀ ਜ਼ਰੀਏ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਫਾਰਗ ਕਰਨਾ ਲਾਜ਼ਮੀ ਹੋਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ