ਮੁੱਖ ਮੰਤਰੀ ਨੇ ਵਰਧਮਾਨ ਸਟੀਲ ਗਰੁੱਪ ਨੂੰ ਪਲਾਂਟ ਸਥਾਪਤ ਕਰਨ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ

Friday, Nov 22, 2024 - 04:40 PM (IST)

ਮੁੱਖ ਮੰਤਰੀ ਨੇ ਵਰਧਮਾਨ ਸਟੀਲ ਗਰੁੱਪ ਨੂੰ ਪਲਾਂਟ ਸਥਾਪਤ ਕਰਨ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਵਿਚ 1750 ਕਰੋੜ ਰੁਪਏ ਦੀ ਲਾਗਤ ਨਾਲ ਇਲੈਕਟ੍ਰਿਕ ਆਰਕ ਫਰਨੇਸ ਰੂਟ ਰਾਹੀਂ ਵਿਸ਼ੇਸ਼ ਅਲਾਏ ਸਟੀਲ ਦੇ ਨਿਰਮਾਣ ਲਈ ਗ੍ਰੀਨਫੀਲਡ ਯੂਨਿਟ ਸਥਾਪਤ ਕਰਨ ਲਈ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਡ (ਵੀ.ਐੱਸ.ਐੱਸ.ਐੱਲ.) ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਦਫ਼ਤਰ ਵਿਖੇ ਵੀ.ਐੱਸ.ਐੱਸ.ਐੱਲ. ਦੇ ਵਾਈਸ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸਚਿਤ ਜੈਨ ਨਾਲ ਮੀਟਿੰਗ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਨਿਵੇਸ਼ ਨੂੰ ਵੱਡਾ ਹੁਲਾਰਾ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਵੀ.ਐੱਸ.ਐੱਸ.ਐੱਲ. 1750 ਕਰੋੜ ਰੁਪਏ ਦੀ ਲਾਗਤ ਨਾਲ ਇਲੈਕਟ੍ਰਿਕ ਆਰਕ ਫਰਨੇਸ ਰੂਟ ਰਾਹੀਂ ਵਿਸ਼ੇਸ਼ ਅਲਾਏ ਸਟੀਲ ਦੇ ਨਿਰਮਾਣ ਲਈ ਗ੍ਰੀਨਫੀਲਡ ਯੂਨਿਟ ਸਥਾਪਤ ਕਰ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਪ੍ਰਤੀ ਸਾਲ 5 ਲੱਖ ਟਨ ਦੀ ਸਮਰੱਥਾ ਵਾਲਾ ਇਹ ਪ੍ਰੋਜੈਕਟ ਜਪਾਨ ਦੀ ਕੰਪਨੀ 'ਏਚੀ ਸਟੀਲ ਕਾਰਪੋਰੇਸ਼ਨ' ਦੇ ਸਹਿਯੋਗ ਨਾਲ 1750 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਤ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਸੂਬੇ ਦੇ 1500 ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮਿਲਣ ਦੀ ਉਮੀਦ ਹੈ ਅਤੇ ਕੰਪਨੀ ਇਸ ਪਲਾਂਟ ਤੋਂ 'ਗਰੀਨ ਸਟੀਲ'  ਤਿਆਰ ਕਰੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਸੂਬੇ ਅਤੇ ਦੇਸ਼ ਲਈ ਵੱਡਾ ਮਾਲੀਆ ਪੈਦਾ ਕਰੇਗਾ ਕਿਉਂਕਿ ਵੱਖ-ਵੱਖ ਜਾਪਾਨੀ/ਯੂਰਪੀਅਨ ਕੰਪਨੀਆਂ ਨੂੰ ਕੁੱਲ ਉਤਪਾਦਨ ਦਾ 20 ਫੀਸਦੀ ਤੋਂ ਵੱਧ ਨਿਰਯਾਤ ਹੋਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵੀ.ਐੱਸ.ਐੱਸ.ਐੱਲ. ਵਿਸ਼ਵ ਭਰ ਵਿਚ ਨਾਮੀ ਕੰਪਨੀ ਹੈ ਅਤੇ ਇਸ ਵੱਕਾਰੀ ਕੰਪਨੀ ਵੱਲੋਂ ਸੂਬੇ ਵਿਚ ਕੀਤਾ ਗਿਆ ਵੱਡਾ ਨਿਵੇਸ਼ ਹੋਰ ਕੰਪਨੀਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿਚ ਉਦਯੋਗ ਅਤੇ ਵਣਜ ਨੂੰ ਹੁਲਾਰਾ ਦੇਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਹੁਣ ਤੱਕ ਸੂਬੇ ਵਿਚ ਟਾਟਾ ਸਟੀਲ, ਸਨਾਤਨ ਟੈਕਸਟਾਈਲ ਅਤੇ ਹੋਰ ਮੋਹਰੀ ਕੰਪਨੀਆਂ ਨਾਲ ਲਗਭਗ 86,000 ਕਰੋੜ ਰੁਪਏ ਦਾ ਨਿਵੇਸ਼ ਸੂਬੇ ਵਿਚ ਆ ਚੁੱਕਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿਚ ਸੰਪੂਰਨ ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਹੈ, ਜੋ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਖੁਸ਼ਹਾਲੀ ਦਾ ਮੁੱਖ ਅਧਾਰ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕੰਪਨੀਆਂ ਆਪਣੇ ਕਾਰੋਬਾਰ ਨੂੰ ਫੈਲਾਉਣ ਲਈ ਸੂਬੇ ਵਿਚ ਵਧੀਆ ਬੁਨਿਆਦੀ ਢਾਂਚੇ, ਬਿਜਲੀ, ਹੁਨਰਮੰਦ ਮਨੁੱਖੀ ਵਸੀਲਿਆਂ, ਉੱਤਮ ਉਦਯੋਗਿਕ ਅਤੇ ਕਿਰਤ ਸੱਭਿਆਚਾਰ ਨਾਲ ਭਰਪੂਰ ਅਨੁਕੂਲ ਮਾਹੌਲ ਦੀ ਵੱਧ ਤੋਂ ਵੱਧ ਵਰਤੋਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਉਦਯੋਗਿਕ ਧੁਰੇ ਵਜੋਂ ਤੇਜ਼ੀ ਨਾਲ ਉਭਰ ਰਹੇ ਸੂਬੇ ਵਿਚ ਨਿਵੇਸ਼ ਕਰਕੇ ਉੱਦਮੀਆਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਨਵੇਂ ਵਿਚਾਰਾਂ ਅਤੇ ਉੱਦਮਾਂ ਲਈ ਹਮੇਸ਼ਾ ਤਿਆਰ ਹੈ। ਇਸ ਮੌਕੇ ਉਦਯੋਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੀ ਹਾਜ਼ਰ ਸਨ।


author

Gurminder Singh

Content Editor

Related News