ਸਰਕਾਰ ਜੀ, ਸੋਸ਼ਲ ਮੀਡੀਆ ''ਤੇ ਇਸ ਵਾਰ ਤੁਸੀਂ ਲਾਈਕ ਤੋਂ ਜ਼ਿਆਦਾ ਡਿਸਲਾਈਕ ਹੋ ਗਏ : ਭਗਵੰਤ ਮਾਨ

Saturday, Sep 19, 2020 - 01:35 AM (IST)

ਸਰਕਾਰ ਜੀ, ਸੋਸ਼ਲ ਮੀਡੀਆ ''ਤੇ ਇਸ ਵਾਰ ਤੁਸੀਂ ਲਾਈਕ ਤੋਂ ਜ਼ਿਆਦਾ ਡਿਸਲਾਈਕ ਹੋ ਗਏ : ਭਗਵੰਤ ਮਾਨ

ਨਵੀਂ ਦਿੱਲੀ/ਚੰਡੀਗੜ੍ਹ, (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬਾਦਲ ਪਰਿਵਾਰ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਖਰੀਆਂ-ਖਰੀਆਂ ਸੁਣਾਈਆਂ। ਮਾਨ ਨੇ ਆਪਣੇ ਫੇਸਬੁੱਕ ਪੇਜ਼ 'ਤੇ ਸੰਸਦ 'ਚ ਦਿੱਤੇ ਆਪਣੇ ਇਕ ਬਿਆਨ ਦੀ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਕੁੱਝ ਲਾਈਨਾਂ ਰਾਹੀਂ ਤੰਜ ਕੱਸਿਆ। ਉਨ੍ਹਾਂ ਕਿਹਾ ਕਿ 'ਦੇਸ਼ ਕੀ ਜੀ. ਡੀ. ਪੀ. ਮਾਈਨਸ ਹੈ, ਸਰਕਾਰ ਹਰ ਮੁੱਦੇ ਪਰ ਸਾਈਲੰਸ ਹੈ। ਆਜ ਕਲ੍ਹ ਕਰਤੇ ਨਹੀਂ ਹੈ ਵੋ ਕਾਲੇ ਧਨ ਕੀ ਬਾਤ, ਜਨਤਾ ਕੀ ਸੁਨਤੇ ਨਹੀਂ ਹੈ ਸਿਰਫ ਕਰਤੇ ਹੈ ਅਪਨੇ ਮਨ ਕੀ ਬਾਤ। ਓਰ ਜਿਸ ਕੋ ਸੁਨ-ਸੁਨ ਕਰ ਅਬ ਤੋਂ ਦੁਖੀ ਆਕਾਸ਼ਬਾਣੀ ਰੇਡੀਓ ਕੇ ਮਾਈਕ ਹੋ ਗਏ, ਲੇਕਿਨ ਸਰਕਾਰ ਜੀ ਆਪ ਕੋ ਇਕ ਬਾਤ ਮਾਨਨੀ ਪੜੇਗੀ ਕੀ ਇਸ ਵਾਰ ਆਪ ਸੋਸ਼ਲ ਮੀਡੀਆ ਪਰ ਲਾਈਕ ਸੇ ਜ਼ਿਆਦਾ ਡਿਸਲਾਈਕ ਹੋ ਗਏ। ਇਨ੍ਹਾਂ ਲਾਈਨਾਂ ਜ਼ਰੀਏ ਮਾਨ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਕਾਫੀ ਤੰਜ ਕੱਸੇ।

ਉਥੇ ਮਾਨ ਨੇ ਦੇਸ਼ ਦੇ ਸਾਰੇ ਰਾਜ ਸਭਾ ਸੰਸਦ ਮੈਂਬਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਮੋਦੀ ਸਰਕਾਰ ਵੱਲੋਂ ਬਹੁਮਤ ਦੀ ਤਾਨਾਸ਼ਾਹੀ ਨਾਲ ਲੋਕ ਸਭਾ 'ਚ ਪਾਸ ਕੀਤੇ ਖੇਤੀ ਵਿਰੋਧੀ ਬਿੱਲਾਂ ਨੂੰ ਰਾਜ ਸਭਾ 'ਚ ਹਰਗਿਜ਼ ਪਾਸ ਨਾ ਹੋਣ ਦੇਣ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਖ਼ਾਸ ਕਰਕੇ ਹਰਸਿਮਰਤ ਕੌਰ ਬਾਦਲ ਨੂੰ ਖ਼ੂਬ ਖਰੀਆਂ-ਖਰੀਆਂ ਸੁਣਾਈਆਂ।

ਭਗਵੰਤ ਮਾਨ ਨੇ ਕਿਹਾ ਕਿ 17 ਸਤੰਬਰ ਨੂੰ ਦੇਸ਼ ਖ਼ਾਸ ਕਰ ਕੇ ਅੰਨਦਾਤਾ ਹਮੇਸ਼ਾ 'ਕਾਲੇ ਦਿਵਸ' ਵਜੋਂ ਮਨਾਇਆ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਨਮ ਦਿਨ (17 ਸਤੰਬਰ) ਮੌਕੇ ਜਿਸ ਤਾਨਾਸ਼ਾਹੀ ਤਰੀਕੇ ਨਾਲ ਲੋਕ ਸਭਾ 'ਚ ਖੇਤੀ ਵਿਰੋਧੀ ਬਿੱਲ ਪਾਸ ਕਰ ਕੇ ਦੇਸ਼ ਖ਼ਾਸ ਕਰ ਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਅਤੇ ਖੇਤੀਬਾੜੀ 'ਤੇ ਨਿਰਭਰ ਆੜ੍ਹਤੀਆਂ, ਮੁਨੀਮਾਂ, ਮਜ਼ਦੂਰਾਂ-ਪੱਲੇਦਾਰਾਂ ਅਤੇ ਟਰਾਂਸਪੋਰਟਰਾਂ ਦੀ ਬਰਬਾਦੀ ਕਰ ਕੇ ਪੂੰਜੀਪਤੀ ਕਾਰਪੋਰੇਟ ਘਰਾਣਿਆਂ ਨੂੰ ਤੋਹਫ਼ਾ ਦਿੱਤਾ ਹੈ, ਇਸ ਦਿਨ ਨੂੰ ਹਮੇਸ਼ਾ ਕਾਲੇ ਦਿਨ ਵਜੋਂ ਯਾਦ ਕੀਤਾ ਜਾਵੇਗਾ, ਕਿਉਂਕਿ ਮੋਦੀ ਦੇ ਇਹ ਕਾਲੇ ਕਾਨੂੰਨ ਖੇਤਾਂ ਦੇ ਰਾਜੇ ਕਿਸਾਨ ਨੂੰ ਭਿਖਾਰੀ ਬਣਾ ਦੇਣਗੇ। ਕਿਸਾਨ ਮਾਲਕ ਬਣ ਕੇ ਵੀ ਮਾਲਕ ਨਹੀਂ ਰਹਿਣਗੇ।

ਮਾਨ ਦੇਸ਼ ਦੇ ਸਾਰੇ ਰਾਜ ਸਭਾ ਸੰਸਦ ਮੈਂਬਰਾਂ ਨੂੰ ਪਾਰਟੀਬਾਜ਼ੀ ਅਤੇ ਵਿਪ ਦੀ ਪ੍ਰਵਾਹ ਕੀਤੇ ਬਿਨਾ ਇਨ੍ਹਾਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਰਾਜ ਸਭਾ ਦੇ ਪਟਲ 'ਤੇ ਪਟਕਨੀ ਦੇਣ ਦੀ ਅਪੀਲ ਕੀਤੀ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਤਿੰਨੋਂ ਰਾਜ ਸਭਾ ਮੈਂਬਰ ਰਾਜ ਸਭਾ ਦੇ ਪਟਲ 'ਤੇ ਲਾਲ ਬਟਨ ਦਬਾ ਕੇ ਇਨ੍ਹਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਨਗੇ। ਭਗਵੰਤ ਮਾਨ ਨੇ ਖੇਤੀ ਵਿਰੋਧੀ ਆਰਡੀਨੈਂਸਾਂ ਉੱਤੇ ਬਾਦਲ ਪਰਿਵਾਰ ਦੇ ਯੂ-ਟਰਨ ਅਤੇ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਨੂੰ ਹੁਣ ਬੇਮਾਨਾ ਅਤੇ ਨਿਰਾ ਡਰਾਮਾ ਕਰਾਰ ਦਿੱਤਾ। ਮਾਨ ਨੇ ਕਿਹਾ ਕਿ ਡਰਾਮਾ ਕੁਵੀਨ (ਹਰਸਿਮਰਤ) ਦਾ ਅਸਤੀਫ਼ਾ ਲੰਘੇ ਸੱਪ ਦੀ ਲਕੀਰ ਕੁੱਟਣ ਵਾਂਗ ਹੈ। ਜਦ ਲੋਕਾਂ ਨੇ ਪਿੰਡਾਂ 'ਚ ਨਾ ਵੜਨ ਦੇਣ ਦੇ ਬੋਰਡ ਲਾ ਦਿੱਤੇ ਤਾਂ ਅਚਾਨਕ ਯੂ-ਟਰਨ ਲੈ ਲਿਆ ਗਿਆ।

ਜੇ ਹਰਸਿਮਰਤ ਕੌਰ ਬਾਦਲ ਕੈਬਨਿਟ 'ਚ ਹੀ ਤਿੱਖਾ ਵਿਰੋਧ ਅਤੇ ਵਾਕਆਊਟ ਕਰਦੇ ਅਤੇ ਬਾਦਲ ਦਲ ਵੀ ਕਿਸਾਨ ਜਥੇਬੰਦੀਆਂ ਅਤੇ ਆਮ ਆਦਮੀ ਪਾਰਟੀ ਨਾਲ ਸੜਕਾਂ 'ਤੇ ਉੱਤਰਦਾ ਤਾਂ ਇਨ੍ਹਾਂ ਘਾਤਕ ਆਰਡੀਨੈਂਸਾਂ ਨੂੰ ਲੋਕ ਸਭਾ 'ਚ ਪੇਸ਼ ਹੋਣ ਤੋਂ ਰੋਕਿਆ ਜਾ ਸਕਦਾ ਸੀ। ਬਾਦਲ ਪਰਿਵਾਰ ਹੁਣ ਬੇਸ਼ੱਕ ਜਿੰਨੇ ਮਰਜ਼ੀ ਡਰਾਮੇ ਕਰ ਲਵੇ ਅਤੇ ਮਾਫ਼ੀਆਂ ਮੰਗਦੇ ਫਿਰਨ ਪਰੰਤੂ ਪੰਜਾਬ ਦੇ ਲੋਕਾਂ ਇਨ੍ਹਾਂ ਵਲੋਂ ਕੁਰਸੀ ਲਈ ਕੀਤੇ ਗੁਨਾਹਾਂ ਦੀ ਕਦੇ ਮੁਆਫ਼ੀ ਨਹੀਂ ਦੇਣਗੇ।

ਭਾਜਪਾ ਦੇ ਹੱਥ ਹੈ ਕੈਪਟਨ ਦੀ ਦੁਖਦੀ ਰਗ
ਭਗਵੰਤ ਮਾਨ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲੋਂ ਵੀ ਸਪਸ਼ਟੀਕਰਨ ਮੰਗਿਆ ਕਿ ਉਨ੍ਹਾਂ ਨੇ ਅੰਦਰ ਖਾਤੇ ਆਰਡੀਨੈਂਸਾਂ ਨੂੰ ਸਹਿਮਤੀ ਕਿਉਂ ਦਿੱਤੀ? ਭਗਵੰਤ ਮਾਨ ਨੇ ਤੰਜ ਕੱਸਿਆ ਕਿ ਰਾਜਾ ਅਮਰਿੰਦਰ ਸਿੰਘ ਦੀ ਇਕ ਦੁਖਦੀ ਰਗ ਭਾਜਪਾ (ਮੋਦੀ-ਸਰਕਾਰ) ਦੇ ਹੱਥ 'ਚ ਹੈ ਅਤੇ ਉਹ ਬਾਂਹ ਮਰੋੜ ਕੇ ਅਮਰਿੰਦਰ ਸਿੰਘ ਦੀ ਸਹਿਮਤੀ ਲੈ ਲੈਂਦੇ ਹਨ, ਬੇਸ਼ੱਕ ਉਹ ਕਿੰਨੀ ਵੀ ਪੰਜਾਬ ਵਿਰੋਧੀ ਕਿਉਂ ਨਾ ਹੋਵੇ।  


author

Deepak Kumar

Content Editor

Related News