ਭਗਤ ਸਿੰਘ ਦੇ ਘਰ ਦਾ ਬਿਜਲੀ ਕੁਨੈਕਸ਼ਨ ਕੱਟੇ ਜਾਣ ਦੀਆਂ ਖਬਰਾਂ ਦਰਮਿਆਨ ਜ਼ਿਲ੍ਹਾ ਪ੍ਰਸ਼ਾਸਨ ਦਾ ਵੱਡਾ ਬਿਆਨ

Saturday, Oct 22, 2022 - 05:38 PM (IST)

ਚੰਡੀਗੜ/ਨਵਾਂਸਹਿਰ : ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਨੇ ਸ਼ਨਿਚਰਵਾਰ ਨੂੰ ਖਟਕੜ ਕਲਾਂ ਵਿਖੇ ਸਥਿਤ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦਾ ਕੁਨੈਕਸ਼ਨ ਕੱਟੇ ਜਾਣ ਸਬੰਧੀ ਮੀਡੀਆ ਰਿਪੋਰਟਾਂ ਦਾ ਖੰਡਨ ਕਰਦਿਆਂ ਸਪੱਸ਼ਟ ਕੀਤਾ ਕਿ ਸ਼ਹੀਦ ਦੇ ਘਰ ਦਾ ਕੋਈ ਬਿਜਲੀ ਬਿੱਲ ਬਕਾਇਆ ਨਹੀਂ ਹੈ। ਐੱਸ. ਬੀ. ਐੱਸ. ਨਗਰ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਇਤਿਹਾਸਕ ਘਰ ਦੇ ਬਿਜਲੀ ਖ਼ਰਚਿਆਂ ਲਈ 6760 ਰੁਪਏ ਦਾ ਐਡਵਾਂਸ ਬਿੱਲ ਪੇਮੈਂਟ ਪਾਵਰਕੌਮ ਨੂੰ ਅਦਾ ਕੀਤੀ ਹੋਈ ਹੈ, ਇਸ ਲਈ ਕੁਨੈਕਸ਼ਨ ਕੱਟਣ ਦਾ ਕੋਈ ਸਵਾਲ ਹੀ ਪੈਦਾ ਨਹੀ ਹੁੰਦਾ।

ਉਨ੍ਹਾਂ ਮੀਡੀਆ ਦੇ ਇਕ ਹਿੱਸੇ ਨੂੰ ਜੱਦੀ ਘਰ ਦਾ ਨਾਮ ਨਾ ਵਰਤਣ ਦੀ ਅਪੀਲ ਵੀ ਕੀਤੀ ਕਿਉਂਕਿ ਇਸ ਇਤਿਹਾਸਕ ਸਥਾਨ ਨਾਲ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਸ ਤੋਂ ਪਹਿਲਾਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਵੀ ਮੀਡੀਆ ਚੈਨਲਾਂ ਨੂੰ ਸਪੱਸ਼ਟ ਕੀਤਾ ਸੀ ਕਿ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਜਾਂ ਮਿਊਜ਼ੀਅਮ ਦਾ ਬਿਜਲੀ ਕੁਨੈਕਸ਼ਨ ਕਦੇ ਵੀ ਕੱਟਿਆ ਨਹੀਂ ਗਿਆ। ਜ਼ਿਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਵਿਚ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਨਾਂ ’ਤੇ ਵੱਖਰਾ ਬਿਜਲੀ ਕੁਨੈਕਸ਼ਨ ਹੈ।


Gurminder Singh

Content Editor

Related News