ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਪੁਰਬ ''ਤੇ ਵਿਸ਼ੇਸ਼ : ‘ਨਾਮੇ ਕੀ ਕੀਰਤਿ ਰਹੀ ਸੰਸਾਰਿ’
Wednesday, Nov 25, 2020 - 09:55 AM (IST)
ਬਲਵਿੰਦਰ ਸਿੰਘ ਜੌੜਾਸਿੰਘਾ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰੋਸਾਏ ਭਗਤ ਬਾਣੀਕਾਰਾਂ ‘ਚੋਂ ਭਗਤ ਨਾਮਦੇਵ ਜੀ ਪ੍ਰਮੁੱਖ ਭਗਤ ਹੋਏ ਹਨ। ਭਗਤ ਨਾਮਦੇਵ ਜੀ ਦਾ ਜਨਮ 1270 ਈ. ਨੂੰ ਮਹਾਂਰਾਸ਼ਟਰ ਦੇ ਜ਼ਿਲ੍ਹਾ ਸਿਤਾਰਾ ਦੇ ਪਿੰਡ ਨਰਸੀ ਬਾਮਣੀ ਵਿਚ ਹੋਇਆ। ਨਾਮਦੇਵ ਜੀ ਦੇ ਪਿਤਾ ਬਾਬਾ ਦਾਮਾ ਸੇਠ ਤੇ ਮਾਤਾ ਗੌਨਾ ਬਾਈ ਛੀਂਬਾ ਜਾਤ ਨਾਲ ਸੰਬੰਧਿਤ ਸਨ, ਜੋ ਕੱਪੜੇ ਸਿਉਂਣ, ਸਿਲਾਈ ਅਤੇ ਰੰਗਾਈ ਦਾ ਕੰਮ ਕਰਕੇ ਜੀਵਨ ਨਿਰਬਾਹ ਕਰਦੇ ਸਨ। ਭਗਤ ਜੀ ਦਾ ਵਿਆਹ ਬੀਬੀ ਰਾਜਾਬਾਈ ਨਾਲ ਹੋਇਆ ਅਤੇ ਉਨ੍ਹਾਂ ਦੇ ਚਾਰ ਪੁੱਤਰ-ਨਰੈਣ, ਮਹਾਂਦੇਵ, ਗੋਬਿੰਦ, ਵਿਫਲ ਇਕ ਸਪੁੱਤਰੀ ਬੀਬੀ ਲਿੰਬਾ ਬਾਈ ਸੀ। ਉਨ੍ਹਾਂ ਦਾ ਅਕਾਲ ਚਲਾਣਾ 1350 ਈ. ਨੂੰ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਕਸਬਾ ਘੁਮਾਣ ਵਿਖੇ ਹੋਇਆ।
ਭਗਤ ਨਾਮਦੇਵ ਜੀ ਦੇ ਸਮੇਂ ਦੱਖਣੀ ਭਾਰਤ ਵੀ ਇਸਲਾਮ ਦੇ ਪ੍ਰਭਾਵ ਹੇਠ ਆ ਚੁੱਕਾ ਸੀ ਅਤੇ ਇਕ ਪਾਸੇ ਇਸਲਾਮੀ ਹਾਕਮਾਂ ਦੁਆਰਾ ਲੋਕਾਂ ਉੱਤੇ ਜ਼ੁਲਮ ਢਾਹਿਆ ਜਾ ਰਿਹਾ ਸੀ। ਜ਼ਬਰੀ ਧਰਮ ਪਰਿਵਰਤਨ ਆਰੰਭ ਹੋ ਚੁੱਕਾ ਸੀ। ਦੂਜੇ ਪਾਸੇ ਬ੍ਰਾਹਮਣਵਾਦ ਦਾ ਪ੍ਰਭਾਵ ਵੀ ਜ਼ੋਰਾਂ ਉੱਤੇ ਸੀ। ਇਸ ਪ੍ਰਭਾਵ ਵਿਚ ਹਿੰਦੂ ਸਮਾਜ ਜਾਤਪਾਤ, ਅੰਧ ਵਿਸ਼ਵਾਸ਼ ਅਤੇ ਮੂਰਤੀ ਪੂਜਾ ਨਾਲ ਪੀੜਤ ਸੀ।
ਭਗਤ ਨਾਮਦੇਵ ਦੇ ਪਿਤਾ ਬਾਬਾ ਦਾਮਾ ਸੇਠ ਜੀ ਇਕ ਧਰਮੀ ਪੁਰਸ਼ ਸਨ ਪਰ ਉਨ੍ਹਾਂ ਦੀ ਨੀਵੀ ਜਾਤ (ਛੀਂਬਾ) ਹੋਣ ਕਰਕੇ ਉਨ੍ਹਾਂ ਨੂੰ ਖੁੱਲ੍ਹੇ ਤੌਰ ’ਤੇ ਪ੍ਰਭੂ ਦੀ ਭਗਤੀ ਅਤੇ ਪੂਜਾ ਅਰਚਨਾ ਕਰਨ ਵਿੱਚ ਖੁੱਲ ਨਹੀਂ ਸੀ। ਭਗਤ ਨਾਮਦੇਵ ਦੀ ਬਿਰਤੀ ਬਾਲਪਨ ਸਮੇਂ ਹੀ ਪ੍ਰਭੂ ਭਗਤੀ, ਭਜਨ ਬੰਦਗੀ ਵਾਲੀ ਸੀ। ਉਹ ਚੇਤਨ ਬੁੱਧੀ ਦੇ ਮਾਲਕ ਸਨ, ਜਿਸ ਕਰਕੇ ਆਪਣੇ ਸਮੇਂ ਦੇ ਸਮਾਜਿਕ ਤੇ ਧਾਰਮਿਕ ਵਰਤਾਰੇ ਨੂੰ ਉਨ੍ਹਾਂ ਛੇਤੀ ਹੀ ਅਨੁਭਵ ਕਰ ਲਿਆ ਸੀ। ਇਸ ਵਰਤਾਰੇ ਨੇ ਕਈ ਵਾਰ ਉਨ੍ਹਾਂ ਨੂੰ ਪਰੇਸ਼ਾਨ ਵੀ ਕੀਤਾ। ਉਨ੍ਹਾਂ ਮੁੱਲਾ ਮੁਲਾਣਿਆਂ, ਰਾਜਿਆਂ, ਬ੍ਰਾਹਮਣਾਂ ਦਾ ਤ੍ਰਿਸਕਾਰ ਵੀ ਝੱਲਿਆ ਤੇ ਤਸ਼ੱਦਦ ਵੀ ਸਹਿਣ ਕੀਤਾ।
ਬਾਣੀ ਰਚਨਾ :
ਭਗਤ ਨਾਮਦੇਵ ਜੀ ਨੂੰ ਬਾਣੀ ਦਾ ਅਨੁਭਵ ਪ੍ਰਕਾਸ਼ ਵੀ ਹੋਇਆ। ਉਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅਠਾਰਾਂ ਰਾਗਾਂ ਵਿਚ ਦਰਜ ਹੈ ਤੇ ਉਨ੍ਹਾਂ ਨੇ 61 ਸ਼ਬਦਾਂ ਦੀ ਰਚਨਾ ਕੀਤੀ। ਭਗਤ ਨਾਮਦੇਵ ਜੀ ਦੇ ਮਰਾਠੀ ਭਾਸ਼ਾ ਵਿਚ ਅਭੰਗ ਵੀ ਮਿਲਦੇ ਹਨ।
ਵਿਚਾਰਧਾਰਾ:
ਭਗਤ ਨਾਮਦੇਵ ਜੀ ਨੇ ਸਮਕਾਲੀ ਸਮਾਜਿਕ, ਧਾਰਮਿਕ ਪ੍ਰਸਥਿਤੀਆਂ ਨੂੰ ਵੇਖਿਆ ਤੇ ਘੋਖਿਆ। ਉਨ੍ਹਾਂ ਦੀ ਬਾਣੀ ਵਿਚ ਹਰੀ ਪਰਮਾਤਮਾ ਦੇ ਨਿਰਗੁਣ, ਸਰਗੁਣ ਸਰੂਪ ਦੇ ਵਰਣਨ ਤੇ ਭਗਤੀ, ਜਾਤਪਾਤ, ਮੂਰਤੀ ਪੂਜਾ ਤੋਂ ਇਲਾਵਾ ਹੋਰ ਧਾਰਮਿਕ ਅਡੰਬਰਾਂ ਦਾ ਖੰਡਨ ਹੋਇਆ ਹੈ। ਪਰਮਾਤਮਾ ਦੇ ਸਰਗੁਣ ਸਰੂਪ ਦੇ ਦਰਸ਼ਨ ਬਾਰੇ ਉਨ੍ਹਾਂ ਨੇ ਆਪਣੀ ਬਾਣੀ ਵਿੱਚ ਦਰਜ ਕੀਤਾ ਹੈ।
ਦੂਧੁ ਕਟੋਰੈ ਗਡਵੈ ਪਾਨੀ ॥ ਕਪਲ ਗਾਇ ਨਾਮੈ ਦੁਹਿ ਆਨੀ ॥1॥
ਦੂਧੁ ਪੀਉ ਗੋਬਿੰਦੇ ਰਾਇ ॥ ਦੂਧੁ ਪੀਉ ਮੇਰੋ ਮਨੁ ਪਤੀਆਇ ॥
ਨਾਹੀ ਤ ਘਰ ਕੋ ਬਾਪੁ ਰਿਸਾਇ ॥1॥ ਰਹਾਉ ॥ (ਪੰਨਾ 1164)
ਇਸ ਸ਼ਬਦ ਅਨੁਸਾਰ ਜਿੱਥੇ ਸਰਗੁਣ ਸਰੂਪ ਦੇ ਸਾਕਾਰ ਦਰਸਨ ਭਗਤ ਨਾਮਦੇਵ ਜੀ ਨੂੰ ਹੋਏ ਉੱਥੇ ਹਰੀ ਪਰਮਾਤਮਾ ਨਾਲ ਆਤਮਕ ਗੰਢ ਵੀ ਬੱਝ ਗਈ। ਜਿਉਂ-ਜਿਉਂ ਵੱਡੇ ਹੁੰਦੇ ਗਏ ਸਦਾ ਭਗਤੀ ਰੰਗ ਵਿਚ ਲੀਨ ਰਹਿੰਦੇ ਅਤੇ ਗੰਢ ਪੀੜ੍ਹੀ ਹੁੰਦੀ ਗਈ ਤੇ ਬ੍ਰਹਮ ਦਾ ਸਾਕਾਰ ਰੂਪ ਹੌਲੀ-ਹੌਲੀ ਨਿਰਾਕਾਰ ਬ੍ਰਹਮ ਵਿਚ ਪਰਿਵਰਤ ਹੁੰਦਾ ਗਿਆ। ਇਸ ਪਰਿਵਰਤ ਹੋਈ ਜੋਤ ਦੇ ਗਿਆਨ ਨੂੰ ਪੁਰਖੋਤਮ, ਜਗਜੀਵਨ ਆਦਿ ਨਾਵਾਂ ਨਾਲ ਸਿਮਰਦੇ ਰਹੇ।
ਜਾਤ-ਪਾਤ ਤੇ ਊਚ-ਨੀਚ ਦਾ ਵਿਰੋਧ:
ਜਿਉਂ-ਜਿਉਂ ਭਗਤ ਨਾਮਦੇਵ ਜੀ ਦੀ ਮਹਿਮਾ ਫੈਲਣ ਲਈ ਲੱਗੀ ਤਿਉਂ-ਤਿਉਂ ਸਮਾਜਿਕ ਤੇ ਧਾਰਮਿਕ ਤੌਰ ’ਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ। ਕਦੀ ਕੁਲੀਨ ਬ੍ਰਾਹਮਣਾਂ ਦੁਆਰਾ ਉਨ੍ਹਾਂ ਨੂੰ ਭਗਤੀ ਕਰਦਿਆਂ ਮੰਦਰ ’ਚੋਂ ਉਠਾ ਦਿੱਤਾ ਜਾਂਦਾ। ਕਦੀ ਸ਼ੂਦਰ-ਸ਼ੂਦਰ ਕਹਿ ਕੇ ਜਾਂ ਢੇਢ ਢੇਢ (ਨੀਚ) ਕਹਿ ਜਲੀਲ ਕੀਤਾ ਜਾਂਦਾ। ਇਹ ਉਲਾਂਭੇ ਦੇ ਰੂਪ ਵਿਚ ਭਗਤ ਜੀ ਨੇ ਇੰਝ ਬਿਆਨ ਕੀਤਾ:
ਹਸਤ ਖੇਲਤ ਤੇਰੇ ਦੇਹੁਰੇ ਆਇਆ ॥
ਭਗਤਿ ਕਰਤ ਨਾਮਾ ਪਕਰਿ ਉਠਾਇਆ ॥1॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1164)
ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ ॥2॥ (ਪੰਨਾ 1292)
ਕਦੀ ਮੁੱਲਾਂ ਮੁਲਾਣਿਆਂ ਨੇ ਭਗਤ ਨਾਮਦੇਵ ਜੀ ਦੀ ਪ੍ਰਸਿੱਧੀ ਤੋਂ ਸੜਬਲ ਕੇ ਮੁਸਲਮਾਨ ਬਾਦਸ਼ਾਹ ਰਾਹੀਂ ਕੈਦ ਕਰਵਾਇਆ, ਫਿਰ ਹਾਥੀ ਦੇ ਪੈਰਾਂ ਥੱਲੇ ਦਰੜ ਕੇ ਮਾਰਨ ਲਈ ਹਾਥੀ ਚੜਵਾਇਆ ਪਰ ਪ੍ਰਭੂ ਆਪਣੇ ਭਗਤਾਂ ਦੀ ਲਾਜ ਸਦਾ ਰੱਖਦਾ ਹੈ। ਮਰੀ ਗਊ ਜਿਊਦੀ ਕਰਕੇ ਭਗਤ ਨਾਮਦੇਵ ਜੀ ਦੀ ਬੰਦ ਖਲਾਸੀ ਕਰਵਾਈ।
ਮੂਰਤੀ ਪੂਜਾ ਤੇ ਪਖੰਡਵਾਦ ਦਾ ਵਿਰੋਧ:
ਭਗਤ ਨਾਮਦੇਵ ਜੀ ਨੇ ਮੂਰਤੀ ਪੂਜਾ ਨੂੰ ਨਾ ਕੇਵਲ ਭਰਮਜਾਲ ਹੀ ਕਿਹਾ ਸਗੋਂ ਮੂਰਤੀ ਪੂਜਾ ਦੀਆਂ ਕਰਮਕਾਂਡੀ ਵਿਧੀਆਂ ਨੂੰ ਵੀ ਝੂਠੀਆਂ ਸਾਬਤ ਕਰਕੇ ਜ਼ੋਰਦਾਰ ਖੰਡਨ ਕੀਤਾ:
ਏਕੈ ਪਾਥਰ ਕੀਜੈ ਭਾਉ ॥ ਦੂਜੈ ਪਾਥਰ ਧਰੀਐ ਪਾਉ ॥
ਜੇ ਓਹੁ ਦੇਉ ਤ ਓਹੁ ਭੀ ਦੇਵਾ ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ॥ (ਪੰਨਾ 525)
ਕਰਮਕਾਂਡੀ ਵਿਧੀਆਂ ਵਿਚ ਠਾਕੁਰ ਨੂੰ ਇਸ਼ਨਾਨ ਕਰਾਉਣ, ਫੁੱਲ ਚੜ੍ਹਾਉਣ, ਖੀਰ ਖਵਾਉਣ ਦੀ ਪੂਜਾ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਇਹ ਵਸਤੂਆਂ ਅਸ਼ੁੱਧ ਹਨ, ਜੂਠੀਆਂ ਹਨ, ਬੀਠਲ ਅਰਪਣ ਕਰਨਯੋਗ ਨਹੀਂ ਹਨ। ਇਸ ਦੀ ਥਾਂ ਆਤਮ-ਸਮਰਪਣ ਕਰਨ ਦੀ ਲੋੜ ਹੈ। ਭਗਤ ਜੀ ਦਾ ਫੁਰਮਾਨ ਸੀ:
ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ ॥
ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ ॥3॥ (ਪੰਨਾ 485)
ਭਗਤ ਨਾਮਦੇਵ ਜੀ ਨੇ ਕੇਵਲ ਧਾਰਮਿਕ ਕਰਮਕਾਂਡਾ ਦਾ ਹੀ ਵਿਰੋਧ ਨਹੀਂ ਕੀਤਾ ਸਗੋਂ ਧਾਰਮਿਕ ਕੱਟੜਵਾਦ, ਮੇਰੀ ਧਰਮ ਪੂਜਾ ਉੱਚੀ ਹੈ, ਮੇਰਾ ਧਰਮ ਸਥਾਨ ਪਵਿੱਤਰ ਹੈ, ਮੇਰਾ ਧਰਮ ਵੱਡਾ ਹੈ ਨੂੰ ਵੀ ਨਕਾਰਿਆ। ਇਸ ਦੀ ਥਾਂ ਭਗਤ ਨਾਮਦੇਵ ਜੀ ਦਾ ਪ੍ਰਭੂ ਸਭ ਸੰਸਾਰੀ ਧਰਮ ਸਥਾਨਾਂ ਤੋਂ ਪਰੇ ਹੈ। ਉਸਨੂੰ ਪ੍ਰਾਪਤ ਕਰਨ ਲਈ ਨਾ ਹਿੰਦੂ ਬਣਨ ਦੀ ਲੋੜ ਹੈ ਨਾ ਮੁਸਲਮਾਨ ਨਾ ਮੰਦਰ ਪੂਜਾ ਦੀ ਲੋੜ ਹੈ ਨਾ ਮਸੀਤੇ ਜਾਣ ਦੀ ਲੋੜ ਹੈ। ਉਨ੍ਹਾਂ ਅਨੁਸਾਰ ਪਰਮਾਤਮਾ ਨਾਮ ਤੇ ਗਿਆਨ ਦੇ ਧਰਮ ਤੋਂ ਪ੍ਰਾਪਤ ਹੁੰਦਾ ਹੈ। ਇਸੇ ਲਈ ਗਿਆਨਵਾਨ ਵੱਡਾ ਤੇ ਸਿਆਣਾ ਹੁੰਦਾ ਹੈ। ਭਗਤ ਨਾਮਦੇਵ ਜੀ ਦਾ ਸਪੱਸ਼ਟ ਬਚਨ ਸੀ:
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥ (ਪੰਨਾ 875)
ਅੰਤ ਵਿਚ ਭਗਤ ਨਾਮਦੇਵ ਜੀ ਦੇ ਬਾਰੇ ਕਿਹਾ ਜਾ ਸਕਦਾ ਹੈ ਕਿ ਭਗਤ ਨਾਮਦੇਵ ਜੀ, ਜਿੰਨ੍ਹਾਂ ਨੂੰ ਆਪਣੇ ਸਮੇਂ ਤਿੰਨ ਪਾਸਿਆਂ ਤੋਂ ਵਿਰੋਧ ਮਿਲਿਆ ਤੇ ਜਿਸ ਵਿਰੁੱਧ ਉਨ੍ਹਾਂ ਸੰਘਰਸ਼ ਕੀਤਾ। ਇਕ ਪਾਸੇ ਉਚ ਕੁਲੀਨ ਬ੍ਰਾਹਮਣ ਪੁਜਾਰੀਵਾਦ ਦੂਜੇ ਪਾਸੇ ਮੁੱਲਾ ਮੁਲਾਂਣੇ ਤੀਜੇ ਪਾਸੇ ਸਮੇਂ ਦੀ ਹਕੂਮਤ ਪਰ ਭਗਤ ਨਾਮਦੇਵ ਜੀ ਵਰਗੀ ਨਿਰਮਲ ਮੂਰਤ ਜੂਝਦੀ ਹੋਈ ਵਿਜਈ ਹੋ ਕੇ ਨਿਕਲਦੀ ਹੈ। ਕਿਸੇ ਦਾ ਕੋਈ ਵੀ ਭੈਅ ਮੰਨਣ ਦੀ ਥਾਂ ਪਰਮਾਤਮਾ ਦੀ ਰਜਾ ਵਿਚ ਸਥਿਰ ਰਹੇ ਅਤੇ ਸੰਸਾਰ ਵਿਚ ਜਸ-ਕੀਰਤ ਪ੍ਰਾਪਤ ਕੀਤਾ।