ਭਾਰਤ ਗੁਪਤ ਦੁਸ਼ਮਣਾਂ ਤੋਂ ਸਾਵਧਾਨ ਰਹੇ, ਆਰਥਿਕ ਫਰੰਟ ''ਤੇ ਵੱਡੀ ਤਬਦੀਲੀ ਕਰੇਗੀ ਸਰਕਾਰ
Sunday, Apr 08, 2018 - 07:49 AM (IST)
ਜਲੰਧਰ (ਧਵਨ) - ਸੂਰਜ 14 ਅਪ੍ਰੈਲ ਨੂੰ ਸਵੇਰੇ 8.11 ਵਜੇ ਆਪਣੀ ਉੱਚ ਰਾਸ਼ੀ ਮੇਖ 'ਚ ਦਾਖਲ ਹੋਣ ਜਾ ਰਿਹਾ ਹੈ। ਉਸ ਸਮੇਂ ਬ੍ਰਿਖ ਲਗਨ ਦੀ ਕੁੰਡਲੀ ਦਾ ਉਦੇ ਹੋਵੇਗਾ। ਭਾਰਤ ਦੀ ਵੀ ਬ੍ਰਿਖ ਲਗਨ ਦੀ ਕੁੰਡਲੀ ਹੈ, ਜੋ ਕਿ ਇਕ ਚੰਗਾ ਸੰਜੋਗ ਬਣ ਰਿਹਾ ਹੈ। ਮੁੰਬਈ ਦੇ ਪ੍ਰਮੁੱਖ ਜੋਤਿਸ਼ੀ ਡਾ. ਧਰਮੇਸ਼ ਮਹਿਤਾ ਨੇ ਕਿਹਾ ਕਿ ਬ੍ਰਿਖ ਲਗਨ ਦੀ ਕੁੰਡਲੀ 'ਚ ਤੀਜੇ ਭਾਵ 'ਚ ਰਾਹੂ, ਛੇਵੇਂ 'ਚ ਗੁਰੂ ਤੇ ਅੱਠਵੇਂ 'ਚ ਸ਼ਨੀ, ਨੌਵੇਂ 'ਚ ਕੇਤੂ ਤੇ 12ਵੇਂ 'ਚ ਸੂਰਜ ਤੇ ਸ਼ੁੱਕਰ ਬਿਰਾਜਮਾਨ ਰਹਿਣਗੇ। ਬੁੱਧ 11ਵੇਂ ਭਾਵ 'ਚ ਹੋਣਗੇ। ਕੇਤੂ ਦੇ 9ਵੇਂ ਭਾਵ 'ਚ ਹੋਣ ਨਾਲ ਸਮਾਜਿਕ ਤੇ ਸਿਆਸਤ ਸੁਧਾਰਾਂ ਵੱਲ ਭਾਰਤ ਅੱਗੇ ਵਧੇਗਾ। ਸ਼ਨੀ ਦੇ ਅੱਠਵੇਂ ਭਾਵ 'ਚ ਹੋਣ ਨਾਲ ਨਿਆਂਪਾਲਿਕਾ 'ਚ ਸੁਧਾਰਾਂ ਵੱਲ ਕਦਮ ਵਧਣਗੇ।
ਡਾ. ਧਰਮੇਸ਼ ਮਹਿਤਾ ਨੇ ਕਿਹਾ ਕਿ ਲਗਨ ਦਾ ਸਵਾਮੀ ਸ਼ੁੱਕਰ 12ਵੇਂ ਘਰ 'ਚ ਸੂਰਜ ਨਾਲ ਬਿਰਾਜਮਾਨ ਹੋਣ ਕਾਰਨ ਭਾਰਤ ਨੂੰ ਆਪਣੇ ਗੁਪਤ ਦੁਸ਼ਮਣਾਂ ਤੋਂ ਸਾਵਧਾਨ ਰਹਿਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀਆਂ ਖੁਫੀਆ ਏਜੰਸੀਆਂ ਜਿਵੇਂ ਆਈ. ਬੀ., ਰਾਅ ਤੇ ਸੀ. ਬੀ. ਆਈ. ਨੂੰ ਹਮੇਸ਼ਾ ਅਲਰਟ ਰਹਿਣਾ ਹੋਵੇਗਾ। ਸਰਹੱਦਾਂ 'ਤੇ ਜ਼ਿਆਦਾ ਚੌਕਸੀ ਦੀ ਲੋੜ ਹੋਵੇਗੀ। ਜੇਲਾਂ ਤੇ ਹਸਪਤਾਲਾਂ 'ਚ ਸੁਧਾਰ ਦੇਖਣ ਨੂੰ ਮਿਲੇਗਾ। ਉਨ੍ਹਾਂ ਨੇ ਕਿਹਾ ਕਿ 9ਵੇਂ ਤੇ 10ਵੇਂ ਭਾਵ ਦੇ ਸਵਾਮੀ ਦੇ ਅੱਠਵੇਂ ਘਰ 'ਚ ਹੋਣ ਕਾਰਨ ਸਰਕਾਰ 'ਤੇ ਕਾਨੂੰਨਾਂ 'ਚ ਸੋਧ ਕਰਨ ਨੂੰ ਲੈ ਕੇ ਦਬਾਅ ਰਹੇਗਾ, ਵਿਦੇਸ਼ੀ ਨੀਤੀ 'ਚ ਤਬਦੀਲੀ ਦੇਖਣ ਨੂੰ ਮਿਲੇਗੀ, ਵਪਾਰਕ ਨੀਤੀਆਂ 'ਚ ਬਦਲਾਅ ਹੋਵੇਗਾ।
ਬੁੱਧ ਦੇ ਨੀਚ ਰਾਸ਼ੀ 'ਚ ਹੋਣ ਕਾਰਨ ਵਿੱਤੀ ਫਰੰਟ 'ਚ ਸਰਕਾਰ ਅਹਿਮ ਤਬਦੀਲੀ ਕਰਦੀ ਦਿਖਾਈ ਦੇਵੇਗੀ। ਬੈਂਕਿੰਗ ਇੰਡਸਟਰੀ ਨੂੰ ਲੈ ਕੇ ਸਰਕਾਰ ਸਖਤ ਕਾਨੂੰਨ ਬਣਾ ਸਕਦੀ ਹੈ। ਬੈਂਕਾਂ ਦੇ ਕੁਝ ਹੋਰ ਘਪਲੇ ਸਾਹਮਣੇ ਆਉਣਗੇ? ਸ਼ਨੀ ਦੇ ਅੱਠਵੇਂ ਘਰ 'ਚ ਹੋਣ ਕਾਰਨ ਕਾਲਾ ਧਨ ਬਾਹਰ ਆਏਗਾ। ਉਨ੍ਹਾਂ ਨੇ ਕਿਹਾ ਕਿ ਸ਼ਨੀ-ਮੰਗਲ ਦਾ ਸੁਮੇਲ 7 ਮਾਰਚ ਤੋਂ 2 ਮਈ ਤਕ ਹੈ ਜਿਸ ਦੌਰਾਨ ਸਰਹੱਦਾਂ 'ਤੇ ਹਲਚਲ ਦੀ ਸਥਿਤੀ ਬਣੀ ਰਹੇਗੀ। ਦੇਸ਼ 'ਚ ਅਗਨੀਕਾਂਡ, ਹੱਤਿਆਵਾਂ, ਕੁਦਰਤੀ ਆਫਤਾਂ ਦਾ ਡਰ ਬਣਿਆ ਰਹੇਗਾ। ਜਨਤਾ 'ਚ ਅਸੰਤੋਸ਼ ਵਧੇਗਾ।
ਉਨ੍ਹਾਂ ਨੇ ਕਿਹਾ ਕਿ ਸ਼ਨੀ 18 ਅਪ੍ਰੈਲ ਨੂੰ ਵਕਰੀ ਸਥਿਤੀ 'ਚ ਜਾ ਰਹੇ ਹਨ ਤੇ 6 ਸਤੰਬਰ ਤਕ ਵੱਕਰੀ ਸਥਿਤੀ 'ਚ ਰਹਿਣਗੇ। ਇਸ ਲਈ ਇਸ ਮਿਆਦ ਦੌਰਾਨ ਸਰਕਾਰ ਆਪਣੀਆਂ ਰੁਕੀਆਂ ਹੋਈਆਂ ਯੋਜਨਾਵਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੇਗੀ। ਜਿਹੜੀਆਂ ਨੀਤੀਆਂ ਤੇ ਚੀਜ਼ਾਂ ਨੂੰ ਲਾਗੂ ਕਰਨ 'ਚ ਮੁਸ਼ਕਿਲਾਂ ਆ ਰਹੀਆਂ ਸਨ, ਉਹ ਦੂਰ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ 2024 ਤਕ ਭਾਰਤ ਬਹੁਤ ਵੱਡੀ ਆਰਥਿਕ ਤਾਕਤ ਬਣ ਜਾਏਗਾ। ਅਜੇ ਭਾਰਤ 'ਤੇ ਚੰਦਰਮ 'ਚ ਰਾਹੂ ਦੀ ਅੰਤਰਦਸ਼ਾ ਚੱਲ ਰਹੀ ਹੈ, ਜਿਸ ਕਾਰਨ ਘਪਲੇ ਸਾਹਮਣੇ ਆ ਰਹੇ ਹਨ। ਅਗਸਤ ਤੋਂ ਬਾਅਦ ਗੁਰੂ ਦੀ ਅੰਤਰਦਸ਼ਾ ਸ਼ੁਰੂ ਹੋਵੇਗੀ, ਜਿਸ 'ਚ ਆਰਥਿਕ ਸਥਿਤੀਆਂ ਨੂੰ ਲੈ ਕੇ ਸਰਕਾਰ ਅਹਿਮ ਬਦਲਾਅ ਕਰੇਗੀ। 16 ਜੁਲਾਈ ਤੋਂ 17 ਅਗਸਤ ਤਕ ਸਰਕਾਰ ਨਵੀਆਂ ਆਰਥਿਕ ਨੀਤੀਆਂ ਦਾ ਐਲਾਨ ਕਰੇਗੀ, ਕਿਉਂਕਿ ਰਾਹੂ ਤੇ ਸੂਰਜ ਦਾ ਸੁਮੇਲ ਹੋਵੇਗਾ। ਸ਼ਨੀ 8ਵੇਂ ਭਾਵ 'ਚ ਵੱਡੇ ਪੈਮਾਨੇ 'ਤੇ ਮੌਤ ਨੂੰ ਸੱਦਾ ਦੇਵੇਗਾ।
142 ਦਿਨਾਂ ਤਕ ਪਹਿਲਾਂ ਕੀਤੇ ਚੰਗੇ-ਬੁਰੇ ਕਰਮਾਂ ਅਨੁਸਾਰ ਸ਼ਨੀ ਦੇਵੇਗਾ ਫਲ
ਸ਼ਨੀ 18 ਅਪ੍ਰੈਲ ਤੋਂ 6 ਸਤੰਬਰ ਤਕ 142 ਦਿਨਾਂ ਤਕ ਵੱਕਰੀ ਅਵਸਥਾ 'ਚ ਰਹਿਣਗੇ। ਪ੍ਰਮੁੱਖ ਜੋਤਿਸ਼ੀ ਸੰਜੇ ਚੌਧਰੀ ਅਨੁਸਾਰ ਸ਼ਨੀ ਕਾਲਪੁਰਸ਼ ਕੁੰਡਲੀ 'ਚ 10ਵੇਂ ਤੇ 11ਵੇਂ ਭਾਵ ਦਾ ਸਵਾਮੀ ਹੈ। ਸ਼ਨੀ ਵੱਕਰੀ ਅਵਸਥਾ 'ਚ ਪਹਿਲੇ ਕੀਤੇ ਗਏ ਚੰਗੇ ਤੇ ਬੁਰੇ ਕਰਮਾਂ ਅਨੁਸਾਰ ਫਲ ਦੇਣਗੇ? ਭਾਰਤ ਦੀ ਕੁੰਡਲੀ 'ਚ ਸ਼ਨੀ 8ਵੇਂ ਘਰ 'ਚ ਸੰਚਾਰ ਕਰ ਰਿਹਾ ਹੈ। ਭਾਰਤ ਦੀ ਕੁੰਡਲੀ ਚ ਸ਼ਨੀ 9ਵੇਂ ਤੇ 10ਵੇਂ ਘਰ ਦਾ ਸਵਾਮੀ ਹੈ ਇਸ ਲਈ ਧਰਮ, ਨਿਆਂਪਾਲਿਕਾ, ਵਿਦੇਸ਼ ਨੀਤੀ ਨੂੰ ਲੈ ਕੇ ਅਹਿਮ ਬਦਲਾਅ ਦੇਖਣ ਨੂੰ ਮਿਲਣਗੇ। ਸ਼ਨੀ ਦੀ ਵੱਕਰੀ ਅਵਸਥਾ ਭਾਰਤੀ ਅਰਥਵਿਵਸਥਾ ਲਈ ਲਾਭਦਾਇਕ ਰਹੇਗੀ। ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੇਗੀ। ਰੀਅਲ ਅਸਟੇਟ ਬਾਜ਼ਾਰ 'ਚ ਸੁਧਾਰ ਦੇਖਣ ਨੂੰ ਮਿਲਣਗੇ। 142 ਦਿਨ ਸੰਘਰਸ਼ੀਲ ਭਾਰਤੀ ਅਰਥਵਿਵਸਥਾ ਲਈ ਚੰਗੇ ਰਹਿਣਗੇ ਜੇਕਰ ਕਿਸੇ ਨੇ ਪਹਿਲੇ ਬੁਰੇ ਕੰਮ ਕੀਤੇ ਹਨ ਤਾਂ ਉਨ੍ਹਾਂ ਨੂੰ ਸ਼ਨੀ ਦੀ ਵੱਕਰੀ ਅਵਸਥਾ 'ਚ ਬੁਰੇ ਫਲ ਮਿਲਣਗੇ। ਸੰਜੇ ਚੌਧਰੀ ਨੇ ਕਿਹਾ ਕਿ ਸ਼ਨੀ ਦਾ ਵੱਕਰੀ ਹੋਣਾ ਅਸਲ 'ਚ ਅਰਥਵਿਵਸਥਾ ਨੂੰ ਲੈ ਕੇ ਸਰਕਾਰ ਵਲੋਂ ਕੀਤੀਆਂ ਜਾਣ ਵਾਲੀਆਂ ਅਹਿਮ ਤਬਦੀਲੀਆਂ ਵੱਲ ਸੰਕੇਤ ਕਰਦੀਆਂ ਹਨ। 16 ਦਸੰਬਰ ਨੂੰ ਸੂਰਜ-ਸ਼ਨੀ ਦਾ ਯੋਗ ਬਣੇਗਾ ਜਿਸ ਕਾਰਨ ਸਰਕਾਰ ਜਨਤਾ ਦੇ ਹਿੱਤਾਂ ਨੂੰ ਦੇਖਦੇ ਹੋਏ ਨਵੀਆਂ ਨੀਤੀਆਂ ਦਾ ਐਲਾਨ ਕਰੇਗੀ।
