ਪੰਜਾਬ 'ਚ ਬਿਜਲੀ ਚੋਰੀ ਕਰਨ ਵਾਲੇ ਸਾਵਧਾਨ! ਪਾਵਰਕਾਮ ਕਰ ਰਿਹੈ ਵੱਡੀ ਕਾਰਵਾਈ
Sunday, Aug 24, 2025 - 12:47 PM (IST)

ਜਲੰਧਰ (ਪੁਨੀਤ)–ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਦੇ ਬਾਵਜੂਦ ਬਿਜਲੀ ਚੋਰੀ ਦੀ ਗੱਲ ਸੁਣਨ ਵਿਚ ਅਜੀਬ ਲੱਗਦੀ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਰਮੀ ਅਤੇ ਹੁੰਮਸ ਦੇ ਦਿਨਾਂ ਵਿਚ ਬਿਜਲੀ ਚੋਰੀ ਦੇ ਕੇਸ ਵਧਣ ਲੱਗਦੇ ਹਨ ਕਿਉਂਕਿ ਏ. ਸੀ. ਦੀ ਵਰਤੋਂ ਵਧ ਜਾਂਦੀ ਹੈ। ਇਸ ਕਾਰਨ 300 ਯੂਨਿਟ ਕੁਝ ਦਿਨਾਂ ਵਿਚ ਪੂਰੇ ਹੋ ਜਾਂਦੇ ਹਨ ਅਤੇ ਕਈ ਲੋਕ ਚੋਰੀ ਕਰਨ ਲੱਗਦੇ ਹਨ, ਜਿਸ ਨਾਲ ਵਿਭਾਗ ਨੂੰ ਨੁਕਸਾਨ ਹੁੰਦਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 24, 25, 26, 27 ਤਾਰੀਖ਼ਾਂ ਲਈ ਹੋਈ ਵੱਡੀ ਭਵਿੱਖਬਾਣੀ ! 11 ਜ਼ਿਲ੍ਹਿਆਂ ਦੇ ਲੋਕ ਰਹਿਣ Alert
ਇਸ ਨੁਕਸਾਨ ਨੂੰ ਰੋਕਣ ਲਈ ਵਿਭਾਗ ਵੱਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਜਲੰਧਰ ਸਰਕਲ ਦੀਆਂ ਪੰਜਾਂ ਡਿਵੀਜ਼ਨਾਂ ਵੱਲੋਂ 1242 ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ, ਜਿਸ ਵਿਚ ਬਿਜਲੀ ਚੋਰੀ ਅਤੇ ਬਿਜਲੀ ਦੀ ਗਲਤ ਵਰਤੋਂ ਕਰਨ ਵਾਲੇ 33 ਖਪਤਕਾਰਾਂ ਨੂੰ 8.53 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਇਨ੍ਹਾਂ ਵਿਚ ਸਿੱਧੀ ਚੋਰੀ ਦੇ 13 ਕੇਸਾਂ ਵਿਚ 6.95 ਲੱਖ ਜੁਰਮਾਨਾ ਕੀਤਾ ਗਿਆ। ਉਥੇ ਹੀ 20 ਕੇਸ ਮਨਜ਼ੂਰਸ਼ੁਦਾ ਲੋਡ ਤੋਂ ਵੱਧ ਲੋਡ ਦੀ ਵਰਤੋਂ ਕਰਕੇ ਸਿਸਟਮ ਨੂੰ ਨੁਕਸਾਨ ਪਹੁੰਚਾਉਣ ਅਤੇ ਘਰੇਲੂ ਬਿਜਲੀ ਦੀ ਕਮਰਸ਼ੀਅਲ ਵਰਤੋਂ ਕਰਨ ਸਬੰਧੀ ਫੜੇ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਧੇਰੇ ਲੋਡ ਦੀ ਵਰਤੋਂ ਕਰਨ ਵਾਲੇ ਖਪਤਕਾਰਾਂ ਕਾਰਨ ਟਰਾਂਸਫਾਰਮਰ ਆਦਿ ਵਿਚ ਖਰਾਬੀ ਆਉਂਦੀ ਹੈ। ਉਥੇ ਹੀ ਕਈ ਖ਼ਪਤਕਾਰਾਂ ਵੱਲੋਂ ਘਰੇਲੂ ਬਿਜਲੀ ਦੀ ਕਮਰਸ਼ੀਅਲ ਵਰਤੋਂ ਕੀਤੀ ਜਾ ਰਹੀ ਸੀ, ਜੋ ਕਿ ਨਿਯਮਾਂ ਦੇ ਉਲਟ ਹੈ। ਅਧਿਕਾਰੀਆਂ ਮੁਤਾਬਕ ਘਰਾਂ ਵਿਚ ਬਣੀਆਂ ਦੁਕਾਨਾਂ ਲਈ ਵੱਖ ਤੋਂ ਮੀਟਰ ਲਗਵਾਉਣਾ ਜ਼ਰੂਰੀ ਹੈ ਪਰ ਲੋਕ ਘਰਾਂ ਦੀ ਬਿਜਲੀ ਨਾਲ ਦੁਕਾਨਾਂ ਦੇ ਕੁਨੈਕਸ਼ਨ ਚਲਾਉਂਦੇ ਹਨ, ਜੋਕਿ ਗਲਤ ਹੈ।
ਡਿਪਟੀ ਚੀਫ਼ ਇੰਜੀਨੀਅਰ ਅਤੇ ਸਰਕਲ ਹੈੱਡ ਗੁਲਸ਼ਨ ਚੁਟਾਨੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਰਕਲ ਦੀਆਂ ਪੰਜਾਂ ਡਿਵੀਜ਼ਨਾਂ ਦੇ ਐਕਸੀਅਨਾਂ ਦੀ ਪ੍ਰਧਾਨਗੀ ਵਿਚ ਟੀਮਾਂ ਗਠਿਤ ਕਰ ਕੇ ਸਪੈਸ਼ਲ ਚੈਕਿੰਗ ਦੇ ਹੁਕਮ ਦਿੱਤੇ ਗਏ। ਹਰੇਕ ਡਿਵੀਜ਼ਨ ਦੀਆਂ 3 ਤੋਂ 4 ਟੀਮਾਂ ਮਿਲਾ ਕੇ ਕੁੱਲ੍ਹ 18 ਟੀਮਾਂ ਵੱਲੋਂ ਇਕ ਹੀ ਸਮੇਂ ਵਿਚ ਚੈਕਿੰਗ ਨੂੰ ਅੰਜਾਮ ਦਿੱਤਾ ਗਿਆ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਬਾਰੇ ਵੱਡੀ ਭਵਿੱਖਬਾਣੀ, 5 ਦਿਨ ਪਵੇਗਾ ਭਾਰੀ ਮੀਂਹ! ਇਹ ਜ਼ਿਲ੍ਹੇ ਹੋਣਗੇ ਸਭ ਤੋਂ ਵੱਧ ਪ੍ਰਭਾਵਿਤ
ਮਾਡਲ ਟਾਊਨ ਡਿਵੀਜ਼ਨ ’ਚ ਸਭ ਤੋਂ ਵੱਧ 3.57 ਲੱਖ ਜੁਰਮਾਨਾ
ਮਾਡਲ ਟਾਊਨ ਦੇ ਐਕਸੀਅਨ ਜਸਪਾਲ ਸਿੰਘ ਪਾਲ ਦੀ ਪ੍ਰਧਾਨਗੀ ਵਿਚ 343 ਕੁਨੈਕਸ਼ਨਾਂ ਦੀ ਚੈਕਿੰਗ ਕਰਵਾਈ ਗਈ, ਜਿਸ ਵਿਚ ਸਿੱਧੀ ਚੋਰੀ ਦੇ 8 ਕੇਸਾਂ ਨੂੰ 3.02 ਲੱਖ, ਜਦਕਿ ਹੋਰ ਖ਼ਪਤਕਾਰਾਂ ਨੂੰ 55 ਹਜ਼ਾਰ ਜੁਰਮਾਨਾ ਕੀਤਾ ਗਿਆ। ਮੀਟਰ ਉਤਾਰ ਕੇ ਲੈਬ ਭਿਜਵਾਏ ਜਾ ਰਹੇ ਹਨ। ਇੰਜੀ. ਪਾਲ ਨੇ ਦੱਸਿਆ ਕਿ ਕੁੱਲ੍ਹ 4 ਟੀਮਾਂ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ।
ਉਥੇ ਹੀ ਈਸਟ ਡਿਵੀਜ਼ਨ ਵੱਲੋਂ ਐਕਸੀਅਨ ਜਸਪਾਲ ਸਿੰਘ ਦੀ ਅਗਵਾਈ ਵਿਚ 310 ਕੁਨੈਕਸ਼ਨਾਂ ਦੀ ਚੈਕਿੰਗ ਵਿਚ 2.50 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਕੈਂਟ ਡਿਵੀਜ਼ਨ ਦੇ ਐਕਸੀਅਨ ਅਵਤਾਰ ਸਿੰਘ ਮੁਤਾਬਕ 187 ਕੁਨੈਕਸ਼ਨਾਂ ਦੀ ਚੈਕਿੰਗ ਹੋਈ। ਇਸ ਵਿਚ ਓਵਰਲੋਡ ਅਤੇ ਬਿਜਲੀ ਚੋਰੀ ਨੂੰ ਮਿਲਾ ਕੇ ਕੁੱਲ 15 ਕੁਨੈਕਸ਼ਨ ਫੜੇ ਗਏ, ਜਿਨ੍ਹਾਂ ਨੂੰ 1.41 ਲੱਖ ਰੁਪਏ ਜੁਰਮਾਨਾ ਠੋਕਿਆ ਗਿਆ ਹੈ। ਇਸੇ ਤਰ੍ਹਾਂ ਫਗਵਾੜਾ ਡਿਵੀਜ਼ਨ ਦੇ ਐਕਸੀਅਨ ਹਰਦੀਪ ਕੁਮਾਰ ਵੱਲੋਂ 128 ਕੁਨੈਕਸ਼ਨਾਂ ਦੀ ਚੈਕਿੰਗ ਵਿਚ 4 ਕੁਨੈਕਸ਼ਨਾਂ ਨੂੰ 85 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਵੈਸਟ ਡਿਵੀਜ਼ਨ ਦੇ ਐਕਸੀਅਨ ਸੰਨੀ ਭਾਗੜਾ ਦੀ ਅਗਵਾਈ ਵਿਚ 274 ਕੁਨੈਕਸ਼ਨਾਂ ਦੀ ਚੈਕਿੰਗ ਵਿਚ 20 ਹਜ਼ਾਰ ਜੁਰਮਾਨਾ ਕੀਤਾ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਡਿਫ਼ਾਲਟਰਾਂ ਖ਼ਿਲਾਫ਼ ਵੱਡੀ ਕਾਰਵਾਈ ਦੀ ਤਿਆਰੀ! 31 ਅਗਸਤ ਤੱਕ ਕਰ ਲਵੋ ਇਹ ਕੰਮ ਨਹੀਂ ਤਾਂ...
ਹੁੰਮਸ ਦੇ ਮੌਸਮ ’ਚ ਚੋਰੀ ’ਤੇ ਵਿਸ਼ੇਸ਼ ਧਿਆਨ : ਇੰਜੀ. ਚੁਟਾਨੀ
ਡਿਪਟੀ ਚੀਫ਼ ਇੰਜੀ. ਗੁਲਸ਼ਨ ਚੁਟਾਨੀ ਨੇ ਕਿਹਾ ਕਿ ਸਾਰੇ ਐਕਸੀਅਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਹੁੰਮਸ ਦੇ ਇਸ ਮੌਸਮ ਵਿਚ ਬਿਜਲੀ ਚੋਰੀ ’ਤੇ ਵਿਸ਼ੇਸ਼ ਧਿਆਨ ਦੇਣ ਕਿਉਂਕਿ ਇਨ੍ਹੀਂ ਦਿਨੀਂ ਏ. ਸੀ. ਦੀ ਵਰਤੋਂ ਵੱਧ ਹੁੰਦੀ ਹੈ, ਜਿਸ ਨਾਲ ਚੋਰੀ ਵਧਦੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਢਾਬਾ ਮਾਲਕਾਂ ਲਈ ਜਾਰੀ ਹੋਏ ਨਵੇਂ ਹੁਕਮ, ਜੇਕਰ ਹਾਈਵੇਅ 'ਤੇ ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e