ਸਹੁਰਾ ਪਰਿਵਾਰ ਤੋਂ ਦੁਖੀ ਮਹਿਲਾ ਨੇ ਇਨਸਾਫ ਨਾ ਮਿਲਣ 'ਤੇ ਵਿਧਾਇਕ ਦੇ ਦਫ਼ਤਰ ਅੱਗੇ ਮਰਨ ਵਰਤ 'ਤੇ ਬੈਠਣ ਦੀ ਦਿੱਤੀ ਧਮਕੀ
Thursday, Aug 31, 2017 - 03:42 PM (IST)

ਬਟਾਲਾ (ਸੈਂਡੀ/ਕਲਸੀ)-ਪ੍ਰੈੱਸ ਕਾਨਫਰੰਸ ਦੌਰਾਨ ਆਪਣਾ ਦੁੱਖੜਾ ਸੁਣਾਉਂਦਿਆਂ ਪੀੜਤਾ ਸੁਖਪ੍ਰੀਤ ਕੌਰ ਨੇ ਆਪਣੇ ਪਿਤਾ ਸਤਨਾਮ ਸਿੰਘ ਵਾਸੀ ਸਮਰਾਏ ਦੀ ਹਾਜ਼ਰੀ 'ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਵਿਆਹ 15 ਜਨਵਰੀ 2013 'ਚ ਰਣਜੋਧ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਅੰਮੋਨੰਗਲ ਨਾਲ ਹੋਇਆ ਸੀ, ਜਿਸ ਤੋਂ ਬਾਅਦ ਮੇਰਾ ਇਕ ਬੇਟਾ ਹੈ। ਉਸਨੇ ਦੱਸਿਆ ਕਿ ਵਿਆਹ ਤੋਂ ਕੁਝ ਚਿਰ ਬਾਅਦ ਹੀ ਮੇਰੇ ਸਹੁਰੇ ਪਰਿਵਾਰ ਵਾਲੇ ਮੈਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਏ ਅਤੇ ਦਾਜ ਦੀ ਮੰਗ ਕਰਨ ਲੱਗੇ, ਜਿਸ ਕਾਰਨ ਮੈਂ ਆਪਣੇ ਬੱਚੇ ਨਾਲ ਆਪਣੇ ਪੇਕੇ ਘਰ ਆ ਗਈ ਅਤੇ ਆਪਣੇ ਸਹੁਰੇ ਪਰਿਵਾਰ ਵਾਲਿਆਂ ਖਿਲਾਫ਼ ਕਾਰਵਾਈ ਕਰਨ ਲਈ ਪੁਲਸ ਨੂੰ ਥਾਣਾ ਸ੍ਰੀ ਹਰਗਬਿੰਦਪੁਰ ਵਿਖੇ ਦਰਖਾਸਤ ਦਿੱਤੀ, ਜਿਥੇ ਪੁਲਸ ਨੇ ਸਾਡਾ ਸਮਝੌਤਾ ਕਰਵਾਉਣ ਲਈ ਸਾਨੂੰ ਕਿਹਾ ਪਰ ਬਾਅਦ 'ਚ ਸਾਡਾ ਕਿਸੇ ਕਿਸਮ ਦਾ ਸਮਝੌਤਾ ਨਹੀਂ ਹੋਇਆ।
ਪੀੜਤਾ ਨੇ ਦੱਸਿਆ ਕਿ ਇਸ ਸਬੰਧੀ ਜਦ ਮੇਰੇ ਪਿਤਾ ਸਹੁਰੇ ਪਰਿਵਾਰ ਵਾਲਿਆਂ ਨੂੰ ਮਿਲੇ, ਤਾਂ ਉਨ੍ਹਾਂ ਮੇਰਾ ਪਿਤਾ ਨੂੰ ਗਾਲ੍ਹੀ-ਗਲੋਚ ਕਰ ਕੇ ਜ਼ਲੀਲ ਕੀਤਾ ਅਤੇ ਮੇਰੇ ਪਿਤਾ ਦੀ ਕੁੱਟਮਾਰ ਵੀ ਕੀਤੀ। ਪੀੜਤ ਲੜਕੀ ਨੇ ਅੱਗੇ ਦੱਸਿਆ ਕਿ ਮੈਂ ਇਨਸਾਫ ਲਈ ਐੱਸ. ਐੱਸ. ਪੀ. ਬਟਾਲਾ ਪਾਸ ਵੀ ਗਈ ਸੀ ਪਰ ਅਜੇ ਤੱਕ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ। ਉਸ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਮੈਨੂੰ ਇਨਸਾਫ ਨਾ ਮਿਲਿਆ ਤਾਂ ਮੈਂ ਹਲਕਾ ਵਿਧਾਇਕ ਦਫ਼ਤਰ ਦੇ ਬਾਹਰ ਆਪਣੇ ਬੱਚੇ ਨੂੰ ਲੈ ਕੇ ਮਰਨ ਵਰਤ 'ਤੇ ਬੈਠਾਂਗੀ।
ਕੀ ਕਹਿਣਾ ਹੈ ਲੜਕੀ ਦੇ ਸਹੁਰੇ ਪਰਿਵਾਰ ਦਾ
ਇਸ ਸਬੰਧੀ ਰਣਜੋਧ ਪੁੱਤਰ ਫਕੀਰ ਸਿੰਘ ਨੇ ਆਪਣੇ ਪਿਤਾ ਦੀ ਹਾਜ਼ਰੀ 'ਚ ਦੱਸਿਆ ਕਿ ਵਿਆਹ ਤੋਂ ਬਾਅਦ 9 ਮਹੀਨੇ ਤੱਕ ਸਾਡੇ 'ਚ ਸਭ ਕੁਝ ਠੀਕ ਰਿਹਾ ਅਤੇ ਜਦ ਸਾਡੇ ਘਰ ਬੇਟੇ ਨੇ ਜਨਮ ਲਿਆ, ਤਾਂ ਉਸ ਦੇ ਜਨਮ ਤੋਂ 1 ਮਹੀਨੇ ਬਾਅਦ ਸੁਖਪ੍ਰੀਤ ਨੂੰ ਉਸ ਦਾ ਪਿਤਾ ਸਤਨਾਮ ਸਿੰਘ ਬਹਾਨੇ ਨਾਲ ਆਪਣੇ ਕੋਲ ਲੈ ਗਿਆ ਅਤੇ ਫਿਰ ਜਦ ਅਸੀਂ ਉਸ ਨੂੰ ਲੈਣ ਉਸ ਦੇ ਘਰ ਗਏ, ਤਾਂ ਉਸ ਦੇ ਪਿਤਾ ਨੇ ਸਾਡੇ ਨਾਲ ਬੁਰਾ ਸਲੂਕ ਕੀਤਾ ਤੇ ਸਾਨੂੰ ਘਰ ਦੇ ਅੰਦਰ ਵੀ ਦਾਖਲ ਨਹੀਂ ਹੋਣ ਦਿੱਤਾ ਅਤੇ ਉਲਟਾ ਸਾਡੇ 'ਤੇ ਤੰਗ-ਪ੍ਰੇਸ਼ਾਨ ਕਰਨ ਦਾ ਕੇਸ ਦਰਜ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਸੁਖਪ੍ਰੀਤ ਜੋ ਕਿ ਪਹਿਲਾਂ ਵੀ ਵਿਆਹੀ ਹੋਈ ਸੀ ਅਤੇ ਸਾਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ। ਉਨ੍ਹਾਂ ਦੱਸਿਆ ਕਿ ਸੁਖਪ੍ਰੀਤ ਤੇ ਉਸ ਦਾ ਪਿਤਾ ਮੇਰੇ ਅਤੇ ਮੇਰੇ ਪਰਿਵਾਰ 'ਤੇ ਜੋ ਦੋਸ਼ ਲਾ ਰਹੇ ਹਨ। ਉਹ ਬਿਲਕੁੱਲ ਝੂਠੇ ਅਤੇ ਬੇ-ਬੁਨਿਆਦ ਹਨ।