ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ''ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਖੁਲਾਸਾ

02/22/2017 7:49:22 PM

ਚੰਡੀਗੜ੍ਹ : ਸੂਬਾ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿਚ ਖਾੜਕੂਵਾਦ ਦੌਰਾਨ 1992 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਮਰਹੂਮ ਬੇਅੰਤ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਵਿਚ ਉਨ੍ਹਾਂ ਨੇ ਵਿਸ਼ੇਸ਼ ਭੂਮਿਕਾ ਨਿਭਾਈ ਸੀ। ਇਸ ਗੱਲ ਦਾ ਖੁਲਾਸਾ ਉਨ੍ਹਾਂ ਲੇਖਕ ਖੁਸ਼ਵੰਤ ਸਿੰਘ ਵਲੋਂ ਉਨ੍ਹਾਂ ਦੀ ਜੀਵਨੀ ''ਤੇ ਲਿਖੀ ਪੁਸਤਕ ''ਦਿ ਪੀਪਲਜ਼ ਮਹਾਰਾਜਾ ਐਨ ਆਥੋਰਾਈਜ਼ਡ ਬਾਇਓਗ੍ਰਾਫੀ'' ਦੇ ਰਿਲੀਜ਼ ਸਮਾਗਮ ਦੌਰਾਨ ਕੀਤਾ। ਇਸ ਮੌਕੇ ਲੇਖਕ ਖੁਸ਼ਵੰਤ ਸਿੰਘ ਨੇ ਦਾਅਵਾ ਕੀਤਾ ਕਿ ਸਮਕਾਲੀ ਸਿਆਸੀ ਆਗੂਆਂ ਵਿਚੋਂ ਇਹ ਕਿਸੇ ਪਹਿਲੇ ਆਗੂ ਦੀ ਜੀਵਨੀ ਹੈ। ਇਹ ਕਿਤਾਬ ਹੇਅ ਹਾਊਸ ਵਲੋਂ ਛਾਪੀ ਗਈ ਹੈ ਅਤੇ ਇਸ ਵਿਚ ਕੈਪਟਨ ਦੇ ਬਚਪਨ ਤੋਂ ਲੈ ਕੇ ਸਿਆਸੀ ਜੀਵਨ ਨਾਲ ਜੁੜੇ ਕਈ ਪੱਖਾਂ ਨੂੰ ਦਰਸਾਇਆ ਗਿਆ ਹੈ। ਇਸ ਪੁਸਤਕ ਸਮਾਗਮ ਦੌਰਾਨ ਕੈਪਟਨ ਨੇ ਕਿਹਾ ਕਿ 1992 ਦੀਆਂ ਚੋਣਾਂ ਤੋਂ ਬਾਅਦ ਦਿੱਲੀ ਵਿਚ ਹਰਚਰਨ ਸਿੰਘ ਬਰਾੜ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਚੱਲ ਰਹੀ ਸੀ ਤਾਂ ਉਨ੍ਹਾਂ ਤਤਕਾਲੀ ਪ੍ਰਧਾਨ ਮੰਤਰੀ ਪੀ. ਵੀ. ਨਰਸਿੰਮ੍ਹਾ ਰਾਓ ਨੂੰ ਮਿਲ ਕੇ ਬੇਅੰਤ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਦੀ ਸਿਫਾਰਸ਼ ਕੀਤੀ ਸੀ। ਕੈਪਟਨ ਨੇ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਬੇਅੰਤ ਸਿੰਘ ਉਨ੍ਹਾਂ ਦੇ ਖਿਲਾਫ ਹੀ ਹੋ ਗਏ ਸਨ।
ਪੰਜਾਬ ਦੇ ਖਾੜਕੂਵਾਦ ਬਾਰੇ ਗੱਲ ਕਰਦਿਆਂ ਕੈਪਟਨ ਨੇ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਹਿਣ ''ਤੇ ਹੀ ਉਨ੍ਹਾਂ ਨੇ ਸੰਤ ਭਿੰਡਰਾਂਵਾਲੇ ਨਾਲ ਲਗਾਤਾਰ ਰਾਬਤਾ ਬਣਾ ਕੇ ਵਿਚੋਲਗੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸਫਲਤਾ ਨਹੀਂ ਮਿਲੀ। ਦਰਬਾਰ ਸਾਹਿਬ ''ਤੇ ਹੋਏ ਫੌਜੀ ਹਮਲੇ ਤੋਂ ਬਾਅਦ ਉਨ੍ਹਾਂ ਸਾਹਮਣੇ ਅਸਤੀਫੇ ਦੇਣ ਤੋਂ ਸਿਵਾਏ ਕੋਈ ਚਾਰਾ ਨਹੀਂ ਸੀ।


Gurminder Singh

Content Editor

Related News