ਸਾਵਧਾਨ! ਅਣਜਾਣ ਵੀਡੀਓ ਕਾਲ ਨੂੰ ਨਾ ਕਰੋ ਰਿਸੀਵ, ਨਹੀਂ ਤਾਂ ਹੋ ਸਕਦੇ ਹੋ ਹਨੀ ਟ੍ਰੈਪ ਦਾ ਸ਼ਿਕਾਰ

07/05/2023 2:52:19 PM

ਲੁਧਿਆਣਾ (ਰਾਜ) : ਕਿਸੇ ਵੀ ਅਣਪਛਾਤੀ ਔਰਤ ਨਾਲ ਸੋਸ਼ਲ ਮੀਡੀਆ ’ਤੇ ਦੋਸਤੀ ਕਰਨਾ ਭਾਰੀ ਪੈ ਸਕਦਾ ਹੈ। ਸਾਵਧਾਨ ਰਹਿਣ ਦੀ ਲੋੜ ਹੈ ਕਿਤੇ ਇਹ ਹਨੀ ਟ੍ਰੈਪ ਵੀ ਹੋ ਸਕਦਾ ਹੈ। ਪਹਿਲਾਂ ਹਾਏ, ਹੈਲੋ ਤੋਂ ਦੋਸਤੀ ਸ਼ੁਰੂ ਹੁੰਦੀ ਹੈ। ਵਿਅਕਤੀ ਨੂੰ ਗੱਲਾਂ ’ਚ ਉਲਝਾ ਕੇ ਉਨ੍ਹਾਂ ਨਾਲ ਅਸ਼ਲੀਲ ਚੈਟਿੰਗ ਅਤੇ ਵੀਡੀਓ ਕਾਲਸ ਕੀਤੀ ਜਾਂਦੀ ਹੈ। ਫਿਰ ਸ਼ੁਰੂ ਹੁੰਦੀ ਹੈ ਬਲੈਕਮੇਲਿੰਗ ਦੀ ਅਸਲੀ ਖੇਡ। ਉਨ੍ਹਾਂ ਦੀ ਵੀਡੀਓ ਸੋਸ਼ਲ ਸਾਈਟਸ ਅਤੇ ਪਰਿਵਾਰ ਵਾਲਿਆਂ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਚਿਕਨੀਆਂ-ਚੋਪੜੀਆਂ ਗੱਲਾਂ ਕਰਨ ਵਾਲੀ ਔਰਤ ਫਿਰ ਮੋਟੀ ਰਕਮ ਮੰਗਦੀ ਹੈ ਅਤੇ ਵਿਅਕਤੀ ਇਸ ਤਰ੍ਹਾਂ ਹਨੀ ਟ੍ਰੈਪ ’ਚ ਫਸ ਜਾਂਦਾ ਹੈ। ਇਸ ’ਚ ਆਮ ਲੋਕਾਂ ਨਾਲ ਪੜ੍ਹੇ-ਲਿਖੇ ਲੋਕ ਵੀ ਸ਼ਿਕਾਰ ਹੋ ਰਹੇ ਹਨ। ਕਈ ਤਾਂ ਬਦਨਾਮੀ ਦੇ ਡਰੋਂ ਪੁਲਸ ਤੋਂ ਮਦਦ ਤੱਕ ਮੰਗਣ ਨਹੀਂ ਜਾਂਦੇ, ਜਦੋਂਕਿ ਕੁਝ ਮਾਮਲੇ ਹੀ ਸਾਈਬਰ ਥਾਣੇ ਤੱਕ ਪੁੱਜ ਪਾਉਂਦੇ ਹਨ। ਅਸਲ ’ਚ ਇਹ ਗੈਂਗ ਸੋਸ਼ਲ ਮੀਡੀਆ ’ਤੇ ਐਕਟਿਵ ਹੈ। ਇਸ ਗਿਰੋਹ ’ਚ ਕਈ ਲੜਕੀਆਂ ਅਤੇ ਲੜਕੇ ਵੀ ਸ਼ਾਮਲ ਹਨ। ਇਹ ਪਹਿਲਾਂ ਫੇਸਬੁੱਕ ’ਤੇ ਆਪਣਾ ਸ਼ਿਕਾਰ ਲੱਭਦੀ ਹੈ, ਫਿਰ ਉਸ ਨੂੰ ਫਰੈਂਡ ਰਿਕਵੈਸਟ ਭੇਜੀ ਜਾਂਦੀ ਹੈ। ਰਿਕਵੈਸਟ ਸਵੀਕਾਰ ਹੁੰਦੇ ਹੀ, ਲੜਕੀ ਸਾਹਮਣੇ ਵਾਲੇ ਤੋਂ ਉਸ ਦਾ ਵ੍ਹਟਸਐਪ ਨੰਬਰ ਮੰਗਦੀ ਹੈ ਅਤੇ ਤੁਰੰਤ ਉਸ ਨੰਬਰ ’ਤੇ ਵੀਡੀਓ ਕਾÇਲਿੰਗ ਕਰਦੀ ਹੈ। ਉਨ੍ਹਾਂ ਨੂੰ ਬਿਨਾਂ ਕੱਪੜਿਆਂ ਦੇ ਵੀਡੀਓ ਕਾਲ ਇੰਜੁਆਏ ਕਰਨ ਦਾ ਆਫਰ ਦਿੱਤੀ ਜਾਂਦੀ ਹੈ। ਇਸ ਦੇ ਚੱਕਰ ’ਚ ਫਸਣ ਵਾਲੇ ਲੋਕ ਹਨੀ ਟ੍ਰੈਪ ਦਾ ਸ਼ਿਕਾਰ ਹੋ ਜਾਂਦੇ ਹਨ। ਲੋਕ ਲੜਕੀ ਦੇ ਝਾਂਸੇ ’ਚ ਆ ਜਾਂਦੇ ਹਨ ਅਤੇ ਵੀਡੀਓ ਕਾਲਿੰਗ ’ਤੇ ਉਸ ਨਾਲ ਗੱਲ ਕਰਨ ਲਗਦੇ ਹਨ। ਵੀਡੀਓ ਕਾਲਿੰਗ ਦੌਰਾਨ ਲੜਕੀ ਆਪਣੇ ਕੱਪੜੇ ਉਤਾਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਉਹ ਇਸ ਵੀਡੀਓ ਕਾਲਿੰਗ ਦੀ ਰਿਕਾਰਡਿੰਗ ਵੀ ਕਰਦੀ ਹੈ ਅਤੇ ਸਾਹਮਣੇ ਵਾਲੇ ਨੂੰ ਵੀ ਨਿਰ-ਵਸਤਰ ਹੋਣ ਲਈ ਮਜਬੂਰ ਕਰਦੀ ਹੈ। ਇਸ ਤੋਂ ਬਾਅਦ ਝਾਂਸੇ ’ਚ ਆਇਆ ਵਿਅਕਤੀ ਜੇਕਰ ਉਸ ਦੀਆਂ ਗੱਲਾਂ ’ਚ ਫਸ ਜਾਂਦਾ ਹੈ ਤਾਂ ਉਸ ਦੀ ਅਸ਼ਲੀਲ ਵੀਡੀਓ ਰਿਕਾਰਡ ਕਰ ਲਈ ਜਾਂਦੀ ਹੈ। ਇੰਨਾ ਹੀ ਨਹੀਂ, ਕਈ ਦਫਾ ਤਾਂ ਵੀਡੀਓ ਨੂੰ ਐਡਿਟ ਕਰ ਕੇ ਅਸ਼ਲੀਲ ਬਣਾ ਦਿੱਤਾ ਜਾਂਦਾ ਹੈ। ਫਿਰ ਉਸ ਵੀਡੀਓ ਨੂੰ ਸੋਸ਼ਲ ਸਾਈਟਸ ਅਤੇ ਉਸ ਦੇ ਦੋਸਤਾਂ/ਰਿਸ਼ਤੇਦਾਰਾਂ ਨੂੰ ਭੇਜਣ ਦਾ ਡਰ ਦਿਖਾ ਕੇ ਬਲੈਕਮੇਲ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ :  ਮੁੱਖ ਮੰਤਰੀ ਨੂੰ ਮਿਲੇ ਸੰਸਦ ਮੈਂਬਰ ਸੁਸ਼ੀਲ ਰਿੰਕੂ, ਵੈਟ ਦੀਆਂ ਪੈਂਡਿੰਗ ਰਿਟਰਨਾਂ ਦਾ ਮਾਮਲਾ ਉਠਾਇਆ

ਪ੍ਰੋਫਾਈਲ ਦੇਖ ਕੇ ਬਣਾਉਂਦੇ ਹਨ ਸ਼ਿਕਾਰ
ਇਹ ਗੈਂਗ ਸਭ ਤੋਂ ਪਹਿਲਾਂ ਲੋਕਾਂ ਦੇ ਫੇਸਬੁੱਕ ਪ੍ਰੋਫਾਈਲ ਚੈੱਕ ਕਰਦਾ ਹੈ। ਉਨ੍ਹਾਂ ਦੀਆਂ ਗਤੀਵਿਧੀਆ ਦੇਖਣ ਲਈ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ। ਉਨ੍ਹਾਂ ਨੂੰ ਫਸਾਉਣ ਲਈ ਪਹਿਲਾਂ ਖੂਬਸੂਰਤ ਲੜਕੀ ਦੀ ਫੋਟੋ ਲਗਾ ਕੇ ਫਰਜ਼ੀ ਆਈ. ਡੀ. ਬਣਾਈ ਜਾਂਦੀ ਹੈ ਅਤੇ ਉਸ ਤੋਂ ਫ੍ਰੈਂਡ ਰਿਕਵੈਸਟ ਭੇਜੀ ਜਾਂਦੀ ਹੈ। ਉਸ ਲੜਕੀ ਦੀ ਫੋਟੋ ਦੇਖ ਕੇ ਕੁਝ ਲੋਕ ਝਾਂਸੇ ’ਚ ਆ ਜਾਂਦੇ ਹਨ ਅਤੇ ਰਿਕਵੈਸਟ ਅਕਸੈਪਟ ਕਰ ਲੈਂਦੇ ਹਨ। ਫਿਰ ਦੋਸਤੀ ਕਰ ਕੇ ਵੀਡੀਓ ਕਾਲ ਕਰਨ ਲਈ ਕਹਿਣਗੇ ਅਤੇ ਲੋਕ ਇਨ੍ਹਾਂ ਦੀਆਂ ਗੱਲਾਂ ’ਚ ਫਸਦੇ ਚਲੇ ਜਾਂਦੇ ਹਨ। ਇਸ ਗਿਰੋਹ ਨੇ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਅਜਿਹੇ ਹੀ ਝਾਂਸੇ ’ਚ ਫਸ ਕੇ ਕਈ ਲੋਕ ਮੋਟੀ ਰਕਮ ਗੁਆ ਚੁੱਕੇ ਹਨ। ਕਈਆਂ ਨੇ ਤਾਂ ਪੁਲਸ ਦੇ ਸਾਈਬਰ ਸੈੱਲ ’ਚ ਇਸ ਦੀ ਸ਼ਿਕਾਇਤ ਦਿੱਤੀ ਪਰ ਕਈਆਂ ਨੇ ਸ਼ਰਮ ਅਤੇ ਇੱਜ਼ਤ ਦੇ ਮਾਰੇ ਇਸ ਦੀ ਪੁਲਸ ’ਚ ਸ਼ਿਕਾਇਤ ਵੀ ਨਹੀਂ ਦਿੱਤੀ ਸੀ। ਕਈ ਵਾਰ ਤਾਂ ਬਦਨਾਮੀ ਦੇ ਡਰੋਂ ਸੁਸਾਈਡ ਤੱਕ ਦਾ ਕਦਮ ਚੁੱਕ ਲੈਂਦੇ ਹਨ।

ਪੰਜਾਬ ਪੁਲਸ ਦੇ ਪੇਜ ’ਤੇ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ
ਅਜਿਹੀਆਂ ਕਈ ਸ਼ਿਕਾਇਤਾਂ ਸਾਇਬਰ ਸੈੱਲ ’ਚ ਆ ਰਹੀਆਂ ਹਨ। ਇਸ ਲਈ ਸਮੇਂ-ਸਮੇਂ ’ਤੇ ਸਾਈਬਰ ਸੈੱਲ ਵਲੋਂ ਜਾਣਕਾਰੀ ਦੇਣ ਸਬੰਧੀ ਵੀਡੀਓ ਬਣਾ ਕੇ ਅਤੇ ਸੋਸ਼ਲ ਮੀਡੀਆ ਜ਼ਰੀਏ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿ ਲੋਕ ਅਜਿਹੇ ਟ੍ਰੈਪ ਤੋਂ ਸਾਵਧਾਨ ਰਹਿਣ ਅਤੇ ਬਲੈਕਮੇਲਿੰਗ ਦਾ ਸ਼ਿਕਾਰ ਹੋਣ ਤੋਂ ਬਚ ਜਾਣ।

ਇਹ ਵੀ ਪੜ੍ਹੋ : 2011 ਤੋਂ ਪਹਿਲਾਂ ਰਜਿਸਟਰਡ ਵਾਹਨਾਂ ’ਤੇ ਹਾਈ-ਸਕਿਓਰਿਟੀ ਨੰਬਰ ਪਲੇਟ ਲਗਵਾਉਣਾ ਲੰਬੀ ਪ੍ਰਕਿਰਿਆ

ਗੈਂਗ ਦਾ ਸ਼ਿਕਾਰ ਹੋਇਆ ਇਕ ਨੌਜਵਾਨ ਕਰ ਚੁੱਕਾ ਸੁਸਾਈਡ
ਕੇਸ-1 : ਹੈਬੋਵਾਲ ਦੇ ਰਹਿਣ ਵਾਲੇ ਇਕ ਕਾਰੋਬਾਰੀ ਨੌਜਵਾਨ ਨੂੰ ਅਜਿਹੀਆਂ ਕਾਲਾਂ ਆਈਆਂ ਸਨ ਪਰ ਨੌਜਵਾਨ ਪਹਿਲਾਂ ਹੀ ਸਮਝ ਗਿਆ ਸੀ ਕਿ ਇਹ ਹਨੀ ਟ੍ਰੈਪ ਹੈ। ਉਸ ਨੇ ਕੁਝ ਦੋਸਤਾਂ ਨਾਲ ਇਸ ਸਬੰਧੀ ਗੱਲ ਕੀਤੀ ਅਤੇ ਸਾਈਬਰ ਸੈੱਲ ਦੀ ਪੁਲਸ ਦੇ ਨਾਲ ਸ਼ੇਅਰ ਕੀਤਾ। ਅਜਿਹਾ ਕਰਨ ਨਾਲ ਉਹ ਹਨੀ ਟ੍ਰੈਪ ’ਚ ਫਸਣ ਤੋਂ ਬਚ ਗਿਆ।

ਕੇਸ-2 : ਥਾਣਾ ਟਿੱਬਾ ਦੇ ਇਲਾਕੇ ’ਚ ਰਹਿਣ ਵਾਲਾ ਨੌਜਵਾਨ ਇਸ ਗਿਰੋਹ ਦਾ ਸ਼ਿਕਾਰ ਬਣਾ ਗਿਆ ਸੀ। ਗਿਰੋਹ ਨੇ ਉਸ ਦੀ ਅਸ਼ਲੀਲ ਵੀਡੀਓ ਕਰਨ ਲਈ ਧਮਕਾਇਆ ਸੀ। ਨੌਜਵਾਨ ਕੁਝ ਪੈਸੇ ਦੇ ਵੀ ਚੁੱਕਾ ਸੀ ਪਰ ਗਿਰੋਹ ਵਲੋਂ ਲਗਾਤਾਰ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਸ ਨੇ ਆਪਣੇ ਪਿਤਾ ਨੂੰ ਕੁਝ ਗੱਲ ਦੱਸੀ ਵੀ ਸੀ ਪਰ ਸ਼ਰਮ ਦੇ ਮਾਰੇ ਉਹ ਪੂਰੀ ਗੱਲ ਨਹੀਂ ਦੱਸ ਸਕਿਆ ਸੀ। ਆਖਿਰ ਉਸ ਨੇ 11 ਅਪ੍ਰੈਲ ਨੂੰ ਫਾਹ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਹਾਲਾਂਕਿ ਇਸ ਮਾਮਲੇ ’ਚ ਪਰਿਵਾਰ ਨੇ ਕੋਈ ਸ਼ਿਕਾੲਤ ਨਹੀਂ ਦਿੱਤੀ ਸੀ। ਲਿਹਾਜਾ, ਪੁਲਸ ਵਲੋਂ 174 ਦੀ ਕਾਰਵਾਈ ਕੀਤੀ ਗਈ ਸੀ।

ਕੇਸ-3 : ਇਸੇ ਹੀ ਤਰ੍ਹਾਂ ਸਿਵਲ ਲਾਈਨ ’ਚ ਰਹਿਣ ਵਾਲੇ ਇਕ ਨੌਜਵਾਨ ਨੂੰ ਪਹਿਲਾਂ ਫੇਸਬੁੱਕ ’ਤੇ ਲੜਕੀ ਦੀ ਰਿਕਵੈਸਟ ਆਈ ਸੀ, ਜਿਸ ਨੇ ਉਸ ਦਾ ਵ੍ਹਟਸਐਪ ਨੰਬਰ ਮੰਗਿਆ ਅਤੇ ਉਸ ਨੂੰ ਵੀਡੀਓ ਕਾਲਿੰਗ ਕੀਤੀ। ਫਿਰ ਖੁਦ ਨਿਰ-ਵਸਤਰ ਹੋ ਕੇ ਉਸ ਵੀਡੀਓ ਨੂੰ ਰਿਕਾਰਡ ਕਰ ਲਿਆ ਅਤੇ ਉਸ ਤੋਂ ਪੈਸੇ ਦੀ ਮੰਗ ਕਰਨ ਲੱਗੇ ਪਰ ਸਮਾਂ ਰਹਿੰਦੇ ਨੌਜਵਾਨ ਨੇ ਸਾਈਬਰ ਸੈੱਲ ਦਾ ਸਹਾਰਾ ਲੈ ਲਿਆ ਅਤੇ ਉਹ ਗਿਰੋਹ ਦੀ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਗਿਆ।

ਇਸ ਤਰ੍ਹਾਂ ਹੋ ਸਕਦਾ ਹੈ ਬਚਾਅ
1- ਸੁੰਦਰ ਲੜਕੀ ਦੀ ਫੋਟੋ ਲੱਗੀ ਅਾਈ. ਡੀ. ਦੀ ਫ੍ਰੈਂਡ ਰਿਕਵੈਸਟ ਆਉਂਦੀ ਹੈ ਤਾਂ ਉਸ ਨੂੰ ਐਕਸੈਪਟ ਕਰਨ ਤੋਂ ਪਹਿਲਾਂ ਉਸ ਸਬੰਧੀ ਪਹਿਲਾਂ ਪਤਾ ਕਰ ਲਓ।
2- ਕਦੇ-ਕਦੇ ਗੈਂਗ ਦੂਜੇ ਦੀ ਫੇਕ ਆਈ. ਡੀ. ਬਣਾ ਕੇ ਫ੍ਰੈਂਡ ਰਿਕਵੈਸਟ ਭੇਜਦਾ ਹੈ। ਇਸ ਦੇ ਲਈ ਪਹਿਲਾਂ ਆਪਣੇ ਦੋਸਤਾਂ ਤੋਂ ਪਤਾ ਕਰ ਲਓ ਕਿ ਆਈ. ਡੀ. ਸਹੀ ਹੈ ਜਾਂ ਗਲਤ।
3- ਕਿਸੇ ਵੀ ਅਣਪਛਾਤੇ ਨੰਬਰ ਤੋਂ ਆਈ ਕਾਲ ’ਤੇ ਗੱਲ ਨਾ ਕਰੋ ਅਤੇ ਨਾ ਹੀ ਆਪਣੀ ਜਾਣਕਾਰੀ ਉਨ੍ਹਾਂ ਨੂੰ ਦਿਓ। ਵਾਰ-ਵਾਰ ਕਾਲਾਂ ਆਉਣ ’ਤੇ ਬਲਾਕ ਕਰ ਦਿਓ।
4- ਅਜਿਹੀਆਂ ਕਾਲਾਂ ਆਉਣ ’ਤੇ ਆਪਣੇ ਨੇੜੇ ਦੇ ਥਾਣੇ ਜਾਂ ਸਾਈਬਰ ਸੈੱਲ ’ਚ ਜਾ ਕੇ ਸ਼ਿਕਾਇਤ ਕਰੋ।

ਅਜਿਹੇ ਗਿਰੋਹ ਤੋਂ ਬਚਣ ਲਈ ਲੋਕਾਂ ਨੂੰ ਖੁਦ ਵੀ ਜਾਗਰੂਕ ਹੋਣਾ ਪਵੇਗਾ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਫੇਸਬੁੱਕ ’ਤੇ ਆਈ ਅਣਜਾਣ ਫਰੈਂਡ ਰਿਕਵੈਸਟ ਨੂੰ ਮਨਜ਼ੂਰ ਨਾ ਕਰੋ, ਚਾਹੇ ਉਹ ਕਿਸੇ ਵੀ ਲੜਕੇ ਜਾਂ ਲੜਕੀ ਦੀ ਹੋਵੇ। ਆਪਣੇ ਫੇਸਬੁੱਕ ਪ੍ਰੋਫਾਈਲ ਨੂੰ ਲਾਕ ਕਰ ਕੇ ਰੱਖੋ। ਕਿਸੇ ਵੀ ਅਣਜਾਣ ਵਿਅਕਤੀ ਨੂੰ ਆਪਣਾ ਵ੍ਹਟਸਐਪ ਨੰਬਰ ਅਤੇ ਪਰਸਨਲ ਡਾਟਾ ਵੀ ਸ਼ੇਅਰ ਨਾ ਕਰੋ। ਅਜਿਹੇ ਲੋਕ ਨਕਲੀ ਸੀ. ਬੀ. ਆਈ. ਜਾਂ ਹੋਰ ਕਿਸੇ ਵਿਭਾਗ ਨੂੰ ਕਹਿ ਕੇ ਵੀ ਠੱਗਿਆ ਜਾਂਦਾ ਹੈ। ਜੇਕਰ ਕੋਈ ਕਿਸੇ ਨੂੰ ਇਸ ਤਰ੍ਹਾਂ ਬਲੈਕਮੇਲ ਕਰ ਰਿਹਾ ਹੈ ਤਾਂ ਤੁਰੰਤ ਸਾਈਬਰ ਸੈੱਲ ਦੇ ਆਫਿਸ ’ਚ ਆ ਕੇ ਸ਼ਿਕਾਇਤ ਦਿਓ।
-ਰਾਜ ਕੁਮਾਰ, ਏ. ਸੀ. ਪੀ. (ਸਾਈਬਰ ਸੈੱਲ), ਲੁਧਿਆਣਾ

ਇਹ ਵੀ ਪੜ੍ਹੋ :  ਮੁੰਡੇ ਤੇ ਕੁੜੀ ਦੀ ਮਾਂ ਦਾ ਦਖਲ ਵੀ ਘਰ ਵਸਣ ’ਚ ਪੈਦਾ ਕਰ ਰਿਹਾ ਰੁਕਾਵਟ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News